ਸੈਣੀ ਵਿਹਾਰ ’ਚ ਪੀਣ ਵਾਲੇ ਪਾਣੀ ਦਾ ਸੰਕਟ, ਦੋ ਦਿਨਾਂ ਤੋਂ ਬੂੰਦ-ਬੂੰਦ ਨੂੰ ਤਰਸੇ ਲੋਕ
ਸੈਣੀ ਵਿਹਾਰ 'ਚ ਪੀਣ ਵਾਲੇ ਪਾਣੀ ਦਾ ਸੰਕਟ, ਦੋ ਦਿਨਾਂ ਤੋਂ ਬੂੰਦ-ਬੂੰਦ ਨੂੰ ਤਰਸੇ ਲੋਕ
Publish Date: Mon, 01 Jun 2026 10:16 PM (IST)
Updated Date: Mon, 01 Jun 2026 10:18 PM (IST)

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਜ਼ੀਰਕਪੁਰ ਦੇ ਵਾਰਡ ਨੰ. 3 ਵਿਚ ਪੈਂਦੇ ਸੈਣੀ ਵਿਹਾਰ ਫੇਜ਼-3 ਇਲਾਕੇ ਵਿਚ ਪਿਛਲੇ ਦੋ ਦਿਨਾਂ ਤੋਂ ਪੀਣ ਵਾਲੇ ਪਾਣੀ ਦਾ ਸੰਕਟ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਖੇਤਰ ਵਿਚ ਲੱਗੇ ਸਰਕਾਰੀ ਟਿਊਬਵੈੱਲ ਦੀ ਮੋਟਰ ਅਚਾਨਕ ਖ਼ਰਾਬ ਹੋਣ ਕਾਰਨ ਨਿਯਮਤ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਇਸ ਕਾਰਨ ਇੱਥੋਂ ਦੇ ਸੈਂਕੜੇ ਪਰਿਵਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇੰਨੇ ਖ਼ਰਾਬ ਹੋ ਚੁੱਕੇ ਹਨ ਕਿ ਲੋਕਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਮਹਿੰਗੇ ਭਾਅ ਦੇ ਨਿੱਜੀ ਪਾਣੀ ਦੇ ਟੈਂਕਰ ਮੰਗਵਾ ਕੇ ਡੰਗ ਟਪਾਉਣਾ ਪੈ ਰਿਹਾ ਹੈ। ਸਥਾਨਕ ਵਾਸੀਆਂ ਅਨੁਸਾਰ ਜਦੋਂ ਤੋਂ ਟਿਊਬਵੈੱਲ ਦੀ ਮੋਟਰ ਸੜੀ ਹੈ, ਉਦੋਂ ਤੋਂ ਇਲਾਕੇ ਵਿਚ ਹਾਹਾਕਾਰ ਮਚੀ ਹੋਈ ਹੈ। ਸਵੇਰੇ ਅਤੇ ਸ਼ਾਮ ਦੇ ਸਮੇਂ ਹੋਣ ਵਾਲੀ ਨਿਯਮਤ ਜਲਪੂਰਤੀ ਬੰਦ ਹੋਣ ਕਾਰਨ ਘਰਾਂ ਵਿਚ ਪੀਣ, ਖਾਣਾ ਬਣਾਉਣ ਅਤੇ ਹੋਰ ਘਰੇਲੂ ਕੰਮਾਂ ਲਈ ਪਾਣੀ ਦੀ ਕਿੱਲਤ ਪੈਦਾ ਹੋ ਗਈ ਹੈ। ਇਸ ਸਮੱਸਿਆ ਕਾਰਨ ਸਭ ਤੋਂ ਵੱਧ ਪਰੇਸ਼ਾਨੀ ਬਜ਼ੁਰਗਾਂ, ਔਰਤਾਂ ਅਤੇ ਛੋਟੇ ਬੱਚਿਆਂ ਵਾਲੇ ਪਰਿਵਾਰਾਂ ਨੂੰ ਝੱਲਣੀ ਪੈ ਰਹੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਵਸਨੀਕਾਂ ਸਾਵਿਤਰੀ, ਬੀਰਾ ਰਾਵਤ, ਸੋਨੀਆ, ਨੂਰ ਖ਼ਾਨ, ਸਬਰੀਨਾ ਅਤੇ ਰੁਖ਼ਸਾਨਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਮੱਸਿਆ ਦੀ ਜਾਣਕਾਰੀ ਤੁਰੰਤ ਸਬੰਧਤ ਵਿਭਾਗ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਸੀ, ਪਰ ਦੋ ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਪਾਣੀ ਦੀ ਖਪਤ ਵਧਣ ਕਾਰਨ ਕਈ ਪਰਿਵਾਰਾਂ ਨੂੰ ਨਿੱਜੀ ਟੈਂਕਰਾਂ ਤੇ ਨਿਰਭਰ ਹੋਣਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ਵਿਚ ਪ੍ਰਸ਼ਾਸਨ ਨੂੰ ਪਹਿਲਾਂ ਹੀ ਬਦਲਵੇਂ ਪ੍ਰਬੰਧ ਤਿਆਰ ਰੱਖਣੇ ਚਾਹੀਦੇ ਹਨ ਤਾਂ ਜੋ ਜਨਤਾ ਨੂੰ ਪਰੇਸ਼ਾਨ ਨਾ ਹੋਣਾ ਪਵੇ। ਲੋਕਾਂ ਨੇ ਮੰਗ ਕੀਤੀ ਹੈ ਕਿ ਖ਼ਰਾਬ ਮੋਟਰ ਨੂੰ ਤੁਰੰਤ ਬਦਲਿਆ ਜਾਵੇ ਜਾਂ ਇਸ ਦੀ ਮੁਰੰਮਤ ਕਰਵਾ ਕੇ ਇਲਾਕੇ ਵਿਚ ਪਾਣੀ ਦੀ ਸਪਲਾਈ ਨੂੰ ਸੁਚਾਰੂ ਬਣਾਇਆ ਜਾਵੇ, ਨਹੀਂ ਤਾਂ ਮਜਬੂਰ ਹੋ ਕੇ ਰੋਸ ਪ੍ਰਦਰਸ਼ਨ ਕਰਨਗੇ। ----- ਸੈਣੀ ਵਿਹਾਰ ਫੇਜ਼-3 ਦੇ ਟਿਊਬਵੈੱਲ ਦੀ ਮੋਟਰ ਖ਼ਰਾਬ ਹੋਣ ਦੀ ਸ਼ਿਕਾਇਤ ਮਿਲੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਬੰਧਿਤ ਠੇਕੇਦਾਰ ਨੂੰ ਤੁਰੰਤ ਨਵੀਂ ਮੋਟਰ ਲਗਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਜਲਦੀ ਹੀ ਨਵੀਂ ਮੋਟਰ ਲਗਾ ਕੇ ਪਾਣੀ ਦੀ ਸਪਲਾਈ ਨੂੰ ਪਹਿਲਾਂ ਵਾਂਗ ਬਹਾਲ ਕਰ ਦਿੱਤਾ ਜਾਵੇਗਾ। ਸਵਨੀਤ ਸਿੰਘ, ਜੇਈ, ਨਗਰ ਕੌਂਸਲ ਜ਼ੀਰਕਪੁਰ।