ਅਨਾਥ ਬੱਚਿਆਂ ਦੇ ਸੁਪਨਿਆਂ ਨੂੰ ਮਿਲੇਗਾ ਸਹਾਰਾ, ਪੰਜਾਬ ਸਰਕਾਰ ਨੇ 181 ਕਰੋੜ ਕੀਤੇ ਜਾਰੀ; 21 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਲਾਭ
ਵਿਭਾਗ ਅਨੁਸਾਰ ਇਸ ਯੋਜਨਾ ਦਾ ਲਾਭ ਕਰੀਬ 2.45 ਲੱਖ ਬੱਚਿਆਂ ਨੂੰ ਮਿਲ ਰਿਹਾ ਹੈ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਬੱਚਿਆਂ ਨੂੰ ਸਹਾਇਤਾ ਸਮੇਂ ਸਿਰ ਮੁਹੱਈਆ ਕਰਵਾਉਣਾ ਸਰਕਾਰ ਦੀ ਤਰਜੀਹ ਹੈ। ਇਸ ਵਿੱਤੀ ਮਦਦ ਨਾਲ ਬੱਚਿਆਂ ਦੀ ਪੜ੍ਹਾਈ, ਰੋਜ਼ਾਨਾ ਦੀਆਂ ਲੋੜਾਂ ਅਤੇ ਭਵਿੱਖ ਦੀ ਤਿਆਰੀ ਵਿਚ ਸਹਾਰਾ ਮਿਲ ਰਿਹਾ ਹੈ।
Publish Date: Sun, 30 Aug 2026 10:48 AM (IST)
Updated Date: Sun, 30 Aug 2026 10:50 AM (IST)
ਰਾਜ ਬਿਊਰੋ, ਪੰਜਾਬੀ ਜਾਗਰਣ, ਚੰਡੀਗੜ੍ਹ। ਪੰਜਾਬ ਵਿਚ ਮਾਪਿਆਂ ਦਾ ਸਾਇਆ ਗੁਆ ਚੁੱਕੇ ਅਤੇ ਪਰਿਵਾਰਕ ਦੇਖਭਾਲ ਤੋਂ ਵਾਂਝੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਸਰਕਾਰ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਵਿੱਤੀ ਸਾਲ 2026-27 ਲਈ ਆਸ਼ਰਿਤ ਅਤੇ ਅਨਾਥ ਬੱਚਿਆਂ ਵਾਸਤੇ 432.38 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜਿਸ ਵਿਚੋਂ ਹੁਣ ਤੱਕ 181.23 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।
ਵਿਭਾਗ ਅਨੁਸਾਰ ਇਸ ਯੋਜਨਾ ਦਾ ਲਾਭ ਕਰੀਬ 2.45 ਲੱਖ ਬੱਚਿਆਂ ਨੂੰ ਮਿਲ ਰਿਹਾ ਹੈ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਬੱਚਿਆਂ ਨੂੰ ਸਹਾਇਤਾ ਸਮੇਂ ਸਿਰ ਮੁਹੱਈਆ ਕਰਵਾਉਣਾ ਸਰਕਾਰ ਦੀ ਤਰਜੀਹ ਹੈ। ਇਸ ਵਿੱਤੀ ਮਦਦ ਨਾਲ ਬੱਚਿਆਂ ਦੀ ਪੜ੍ਹਾਈ, ਰੋਜ਼ਾਨਾ ਦੀਆਂ ਲੋੜਾਂ ਅਤੇ ਭਵਿੱਖ ਦੀ ਤਿਆਰੀ ਵਿਚ ਸਹਾਰਾ ਮਿਲ ਰਿਹਾ ਹੈ।
ਯੋਜਨਾ ਤਹਿਤ 21 ਸਾਲ ਤੋਂ ਘੱਟ ਉਮਰ ਦੇ ਉਹ ਬੱਚੇ ਸ਼ਾਮਲ ਹਨ, ਜਿਨ੍ਹਾਂ ਦੇ ਦੋਵਾਂ ਮਾਪਿਆਂ ਦੀ ਮੌਤ ਹੋ ਚੁੱਕੀ ਹੈ, ਦੋਵੇਂ ਮਾਪੇ ਘਰ ਤੋਂ ਗੈਰਹਾਜ਼ਰ ਹਨ ਜਾਂ ਸਰੀਰਕ ਤੇ ਮਾਨਸਿਕ ਤੌਰ ’ਤੇ ਅਸਮਰੱਥ ਹੋਣ ਕਾਰਨ ਬੱਚਿਆਂ ਦੀ ਦੇਖਭਾਲ ਕਰਨ ਦੇ ਯੋਗ ਨਹੀਂ ਹਨ। ਮੰਤਰੀ ਨੇ ਕਿਹਾ ਕਿ ਸਰਕਾਰ ਦਾ ਮਕਸਦ ਆਰਥਿਕ ਮਜਬੂਰੀ ਕਾਰਨ ਕਿਸੇ ਬੱਚੇ ਦੀ ਪੜ੍ਹਾਈ ਜਾਂ ਸੁਪਨਿਆਂ ਨੂੰ ਪ੍ਰਭਾਵਿਤ ਹੋਣ ਤੋਂ ਬਚਾਉਣਾ ਹੈ।