ਮੇਰਾ ਘਰ-ਮੇਰੇ ਨਾਮ: ਪਿੰਡ ਕੈਲੋਂ ਦੇ 300 ਲਾਭਪਾਤਰੀਆਂ ਨੂੰ ਜਾਇਦਾਦ ਮਾਲਕੀ ਦੇ ਦਸਤਾਵੇਜ਼ ਵੰਡੇ ਮੇਰਾ ਘਰ-ਮੇਰੇ ਨਾਮ: ਪਿੰਡ ਕੈਲੋਂ ਦੇ 300 ਲਾਭਪਾਤਰੀਆਂ ਨੂੰ ਜਾਇਦਾਦ ਮਾਲਕੀ ਦੇ ਦਸਤਾਵੇਜ਼ ਵੰਡੇ
Publish Date: Fri, 13 Nov 2026 07:33 PM (IST)
Updated Date: Fri, 13 Nov 2026 07:36 PM (IST)
-ਨਾਗਰਿਕਾਂ ਨੂੰ ਪਿੰਡ ਦੀ ਲਾਲ ਲਕੀਰ ਅੰਦਰ ਵਾਲੀ ਜਾਇਦਾਦ ਦਾ ਅਸਲ ਹੱਕਦਾਰ ਬਣਾਇਆ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ‘ਮੇਰਾ ਘਰ-ਮੇਰੇ ਨਾਮ’ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਅੰਦਰਲੀ ਆਬਾਦੀ ਵਿਚ ਰਹਿੰਦੇ ਲੋਕਾਂ ਨੂੰ ਉਨ੍ਹਾਂ ਦੀ ਰਿਹਾਇਸ਼ੀ ਜਾਇਦਾਦ ਦਾ ਮਾਲਕੀ ਹੱਕ ਦੇਣ ਲਈ ਪਿੰਡ-ਪਿੰਡ ਜਾ ਕੇ ਸਬੰਧਤ ਜਾਇਦਾਦ ਦੀ ਮਾਲਕੀ ਦੇ ਕਾਰਡ ਵੰਡੇ ਜਾ ਰਹੇ ਹਨ। ਇਸੇ ਲੜੀ ਤਹਿਤ ਮੁਹਾਲੀ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਵੱਲੋਂ ਪਿੰਡ ਕੈਲੋਂ ’ਚ 300 ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ ਗਏ। ਉਨ੍ਹਾਂ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਐਸਡੀਐਮ ਸ੍ਰੀਮਤੀ ਦਮਨਦੀਪ ਕੌਰ ਅਤੇ ਸਰਪੰਚ ਤਰਲੋਚਨ ਸਿੰਘ ਵੀ ਹਾਜ਼ਰ ਸਨ। ਪੱਤਰਕਾਰਾਂ ਨਾਲ ਗੱਲਬਤਾ ਕਰਦਿਆਂ ਮੇਅਰ ਸਰਬਜੀਤ ਸਮਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਕਾਰ ਦਾ ਉਦੇਸ਼ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੀ ਜਾਇਦਾਦ ਦਾ ਕਾਨੂੰਨੀ ਮਾਲਕੀ ਹੱਕ ਦਿਵਾਉਣਾ ਹੈ ਤਾਂ ਜੋ ਉਹ ਆਪਣੀ ਜਾਇਦਾਦ ਦੇ ਅਸਲ ਮਾਲਕ ਬਣ ਸਕਣ। ਜਿਨ੍ਹਾਂ ਲੋਕਾਂ ਦੇ ਪ੍ਰਾਪਰਟੀ ਕਾਰਡ ਤਿਆਰ ਹੋ ਚੁੱਕੇ ਹਨ, ਉਨ੍ਹਾਂ ਨੂੰ ਪਿੰਡ-ਪਿੰਡ ਸਰਕਾਰੀ ਦਸਤਾਵੇਜ਼ ਸੌਂਪੇ ਜਾ ਰਹੇ ਹਨ। ਇਹ ਪ੍ਰਕਿਰਿਆ ਲਗਾਤਾਰ ਜਾਰੀ ਰਹੇਗੀ ਅਤੇ ਬਾਕੀ ਰਹਿੰਦੇ ਪਿੰਡ ਵਾਸੀਆਂ ਨੂੰ ਵੀ ਜਲਦੀ ਇਹ ਦਸਤਾਵੇਜ਼ ਸੌਂਪੇ ਜਾਣਗੇ। ਇਕ ਸਵਾਲ ਦੇ ਜਵਾਬ ’ਚ ਮੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਗਏ ਹਨ ਅਤੇ ਹੁਣ ਵੀ ਜੋ ਗਰੰਟੀਆਂ ਅਤੇ ਵਾਅਦੇ ਕੀਤੇ ਜਾਣਗੇ, ਉਹ ਹਰ ਹਾਲ ’ਚ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਵਰਗਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਅਤੇ ਵਿਕਾਸ ਕਾਰਜਾਂ ਨੂੰ ਗਤੀ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਬਾਰੇ ਗੱਲ ਕਰਦਿਆਂ ਸਰਬਜੀਤ ਸਮਾਣਾ ਨੇ ਕਿਹਾ ਕਿ ਇਸ ਯੋਜਨਾ ਤਹਿਤ ਸੀਨੀਅਰ ਸਿਟੀਜ਼ਨ ਆਪਣੀ ਆਸਥਾ ਅਨੁਸਾਰ ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਕਰ ਰਹੇ ਹਨ। ਯਾਤਰਾ ਪ੍ਰਤੀ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਦੇ ਮੱਦੇਨਜ਼ਰ ਸਰਕਾਰ ਵੱਲੋਂ ਬੱਸਾਂ ਦੇ ਵਾਧੂ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮੌਕੇ ਗੁਰਜੀਤ ਸਿੰਘ, ਬਲਜੀਤ ਸਿੰਘ, ਜਰਨੈਲ ਸਿੰਘ, ਮਹਿੰਦਰ ਕੌਰ (ਸਾਰੇ ਪੰਚ), ਸੰਤੋਖ ਸਿੰਘ ਸਾਬਕਾ ਪੰਚ, ਜਗਤਾਰ ਸਿੰਘ, ਗਗਨਦੀਪ ਸਿੰਘ ਸਮੇਤ ਇਲਾਕੇ ਦੇ ਹੋਰ ਪਤਵੰਤੇ ਮੌਜੂਦ ਸਨ।