ਕਾਂਗਰਸੀ ਆਗੂਆਂ ਦੇ ਦਿਲਾਂ ’ਚ ਦੂਰੀਆਂ ਬਰਕਰਾਰ : ਬਰਨਾਲਾ ਵਿਖੇ ਵੱਖੋ-ਵੱਖਰੇ ਪੁੱਜੇ ਰਾਜਾ ਵੜਿੰਗ ਤੇ ਚੰਨੀ
ਬੇਸ਼ੱਕ ਕਾਂਗਰਸ ਹਾਈ ਕਮਾਂਡ ਪਾਰਟੀ ਵਿਚ ਗੁਟਬਾਜ਼ੀ ਨਾ ਹੋਣ ਦੇ ਦਾਅਵੇ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਹੈ ਕਿ ਪੰਜਾਬ ਕਾਂਗਰਸ ਦੇ ਆਗੂਆਂ ਦੇ ਦਿਲਾਂ ’ਚ ਦੂਰੀਆਂ ਬਰਕਰਾਰ ਹਨ। ਪਿਛਲੇ ਦਿਨਾਂ ਦੌਰਾਨ ਪਾਰਟੀ ਦੇ ਸਕੱਤਰ ਜਨਰਲ ਕੇ.ਸੀ ਵੈਣੁਗੋਪਾਲ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਵਲੋਂ ਦਿੱਲੀ ’ਚ ਪੰਜਾਬ ਦੇ ਸੀਨੀਅਰ ਆਗੂਆਂ ਨਾਲ ਕੀਤੀਆਂ ਮੀਟਿੰਗਾਂ ਵੀ ਕੋਈ ਰੰਗ ਨਹੀਂ ਦਿਖਾ ਰਹੀਆਂ।
Publish Date: Tue, 28 Jul 2026 07:57 AM (IST)
Updated Date: Tue, 28 Jul 2026 08:02 AM (IST)
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ। ਬੇਸ਼ੱਕ ਕਾਂਗਰਸ ਹਾਈ ਕਮਾਂਡ ਪਾਰਟੀ ਵਿਚ ਗੁਟਬਾਜ਼ੀ ਨਾ ਹੋਣ ਦੇ ਦਾਅਵੇ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਹੈ ਕਿ ਪੰਜਾਬ ਕਾਂਗਰਸ ਦੇ ਆਗੂਆਂ ਦੇ ਦਿਲਾਂ ’ਚ ਦੂਰੀਆਂ ਬਰਕਰਾਰ ਹਨ। ਪਿਛਲੇ ਦਿਨਾਂ ਦੌਰਾਨ ਪਾਰਟੀ ਦੇ ਸਕੱਤਰ ਜਨਰਲ ਕੇ.ਸੀ ਵੈਣੁਗੋਪਾਲ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਵਲੋਂ ਦਿੱਲੀ ’ਚ ਪੰਜਾਬ ਦੇ ਸੀਨੀਅਰ ਆਗੂਆਂ ਨਾਲ ਕੀਤੀਆਂ ਮੀਟਿੰਗਾਂ ਵੀ ਕੋਈ ਰੰਗ ਨਹੀਂ ਦਿਖਾ ਰਹੀਆਂ।
ਹੇਠਲੇ ਪੱਧਰ ’ਤੇ ਸੀਨੀਅਰ ਆਗੂਆਂ ਦਰਮਿਆਨ ਗੁੱਟਬਾਜ਼ੀ ਸਾਫ਼ ਨਜ਼ਰ ਦਿਖ ਰਹੀ ਹੈ। ਇਸ ਦੀ ਮਿਸਾਲ ਬਰਨਾਲਾ ਵਿਖੇ ਸਫਾਈ ਸੇਵਕਾਂ ’ਤੇ ਪੁਲਿਸ ਦੁਆਰਾ ਕੀਤੀ ਗਈ ਲਾਠੀਚਾਰਜ ਬਾਅਦ ਸਫ਼ਾਈ ਸੇਵਕਾਂ ਦੇ ਧਰਨੇ ਪ੍ਰਦਰਸ਼ਨ ਤੋਂ ਸਾਫ਼ ਦਿਖ ਰਹੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕੱਲੇ ਇਕੱਲੇ ਵਹੀਰਾ ਘੱਤ ਕੇ ਬਰਨਾਲਾ ਪੁੱਜੇ। ਵੜਿੰਗ ਨੇ ਹਸਪਤਾਲ ਵਿਚ ਪੁਲਿਸ ਲਾਠੀਚਾਰਜ ਨਾਲ ਜਖ਼ਮੀ ਹੋਏ ਪੀੜਤਾਂ ਦਾ ਹਾਲਚਾਲ ਪੁੱਛਿਆ ਅਤੇ ਸਹਿਯੋਗ ਦਾ ਭਰੋਸਾ ਦਿੱਤਾ। ਇਸੇ ਤਰ੍ਹਾਂ ਚਰਨਜੀਤ ਸਿੰਘ ਚੰਨੀ ਆਪਣੇ ਸਮਰਥਕ ਆਗੂਆਂ ਨਾਲ ਵੱਖਰੇ ਤੌਰ ’ਤੇ ਬਰਨਾਲਾ ਪੁੱਜੇ।
ਉਨ੍ਹਾਂ ਪ੍ਰਦਰਸ਼ਨਕਾਰੀ ਸਫ਼ਾਈ ਸੇਵਕਾਂ ਨੂੰ ਸੰਬੋਧਨ ਕਰਦਿਆਂ ਇੱਥੋ ਤੱਕ ਕਹਿ ਦਿੱਤਾ ਕਿ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਪੁਲਿਸ ਅਧਿਕਾਰੀਆਂ ਇਸੇ ਥਾਂ ’ਤੇ ਲਿਆਂਦਾ ਜਾਵੇਗਾ ਅਤੇ ਉਹਨਾਂ ਉਹੀ ਸਲੂਕ ਕੀਤਾ ਜਾਵੇਗਾ ਜੋ ਉਨ੍ਹਾਂ ਨੇ ਸਫ਼ਾਈ ਸੇਵਕਾਂ ਨਾਲ ਕੀਤਾ ਹੈ।
ਇੱਕੋ ਦਿਨ ਚੰਨੀ ਅਤੇ ਵੜਿੰਗ ਦਾ ਬਰਨਾਲਾ ਵਿਖੇ ਵੱਖੋ -ਵੱਖ ਜਾਣਾ ਕਾਂਗਰਸ ਦੀ ਗੁੱਟਬਾਜ਼ੀ ਨੂੰ ਉਜਾਗਰ ਕਰਦਾ ਹੈ। ਪੰਜਾਬ ਕਾਂਗਰਸ ਦੇ ਬਹੁਤ ਸਾਰੇ ਆਗੂਆਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ ਪਰ ਕਾਂਗਰਸੀ ਆਗੂ ਆਪੋ ਆਪਣੀ ਡਫਲੀ ਵਜਾਉਣ ਲੱਗੇ ਹੋਏ ਹਨ। ਕਾਂਗਰਸ ਆਗੂ ਦਾ ਕਹਿਣਾ ਹੈ ਕਿ ਪਾਰਟੀ ਹਾਈਕਮਾਨ ਜ਼ਮੀਨੀ ਹਕੀਕਤ ਨੂੰ ਸਮਝ ਨਹੀਂ ਰਹੀ ਤੇ ਦੂਜੇ ਪਾਸੇ ਸਥਾਨਕ ਆਗੂ ਵੀ ਕੁਰਸੀ ਦੇ ਮੋਹ ਨਹੀਂ ਛੱਡ ਰਹੇ।
ਜ਼ਿਕਰਯੋਗ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁੜ ਪ੍ਰਧਾਨ ਲਾਏ ਜਾਣ ਕਾਰਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾਂ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਕਾਫ਼ੀ ਨਾਰਾਜ਼ ਹਨ। ਇਹਨਾਂ ਆਗੂਆਂ ਨੇ ਭੁਪੇਸ਼ ਬਘੇਲ ਨਾਲ ਮੀਟਿੰਗ ਕਰਕੇ ਸਪਸ਼ਟ ਕਹਿ ਦਿੱਤਾ ਸੀ ਕਿ ਉਹ ਰਾਜਾ ਵੜਿੰਗ ਵਲੋਂ ਬੁਲਾਈ ਗਈ ਕਿਸੇ ਮੀਟਿੰਗ ਵਿਚ ਸ਼ਾਮਲ ਨਹੀਂ ਹੋਣਗੇ।
ਬਘੇਲ ਨੇ ਇਸ ਦਾ ਤੋੜ ਕੱਢਦੇ ਹੋਏ ਖੁਦ ਦਿੱਲੀ ’ਚ ਮੀਟਿੰਗ ਬੁਲਾ ਲਈ ਜਿਸ ਵਿਚ ਵੜਿੰਗ ਸਮੇਤ ਵੱਖ-ਵੱਖ ਕਮੇਟੀਆਂ ਦੇ ਚੇਅਰਮੈਨ ਤੇ ਮੈਂਬਰਾਨ ਹਾਜ਼ਰ ਹੋਏ ਸਨ। ਇਸ ਮੀਟਿੰਗ ਉਪਰੰਤ ਲੋਕਾਂ ਖਾਸ ਕਰਕੇ ਕਾਂਗਰਸੀਆਂ ਵਿਚ ਇਕ ਮੈਸੇਜ ਗਿਆ ਸੀ ਕਿ ਸ਼ਾਇਦ ਸਾਰੇ ਆਗੂ ਇਕੱਠੇ ਹੋ ਕੇ ਚੱਲ ਪੈਣ ਪਰ ਬਰਨਾਲਾ ’ਚ ਵੜਿੰਗ ਅਤੇ ਚੰਨੀ ਵੱਲੋਂ ਅਲੱਗ ਅਲੱਗ ਪੁੱਜਣ ਨਾਲ ਵਰਕਰਾਂ ਵਿਚ ਇਹੀ ਸੰਕੇਤ ਗਿਆ ਹੈ ਕਿ ਪਾਰਟੀ ਦੇ ਸੀਨੀਅਰ ਆਗੂਆਂ ਦੀਆਂ ਦਿਲਾਂ ਦੀਆਂ ਦੂਰੀਆਂ ਬਰਕਰਾਰ ਹਨ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਪਾਰਟੀ ਇਹਨਾਂ ਆਗੂਆਂ ਦੇ ਮਨਾਂ ’ਚ ਪਈ ਫਿੱਕ ਨੂੰ ਕੱਢਣ ਵਿਚ ਕਾਮਯਾਬ ਹੁੰਦੀ ਹੈ ਜਾਂ ਦਿਲ ਦੀਆਂ ਦੂਰੀਆਂ ਹੋਰ ਵੱਧਣਗੀਆਂ।