ਪਲਾਟਾਂ ਨੂੰ ਜਾਂਦੇ 20 ਫੁੱਟ ਚੌੜੇ ਰਸਤੇ ’ਤੇ ਕਬਜ਼ੇ ਨੂੰ ਲੈ ਕੇ ਵਿਵਾਦ ਭਖਿਆ ਪਲਾਟਾਂ ਨੂੰ ਜਾਂਦੇ 20 ਫੁੱਟ ਚੌੜੇ ਰਸਤੇ ’ਤੇ ਕਬਜ਼ੇ ਨੂੰ ਲੈ ਕੇ ਵਿਵਾਦ ਭਖਿਆ,,
Publish Date: Sun, 29 Nov 2026 06:21 PM (IST)
Updated Date: Sun, 29 Nov 2026 06:22 PM (IST)
-ਕਥਿਤ ਮਿਲੀਭੁਗਤ ਦੇ ਦੋਸ਼, ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਦੀ ਮੰਗ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਇੱਥੋਂ ਦੇ ਕੰਟਰੀ ਸਾਈਡ ਪੈਲੇਸ ਦੇ ਮੁੱਖ ਗੇਟ ਸਾਹਮਣੇ ਕਰੀਬ 15 ਤੋਂ 20 ਪਲਾਟਾਂ ਨੂੰ ਜਾਣ ਵਾਲੇ 20 ਫੁੱਟ ਚੌੜੇ ਸਾਂਝੇ ਰਸਤੇ ਨੂੰ ਲੈ ਕੇ ਵਿਵਾਦ ਗਹਿਰਾ ਗਿਆ ਹੈ। ਪਲਾਟ ਮਾਲਕਾਂ ਨੇ ਡੇਰਾਬੱਸੀ ਦੇ ਥਾਣਾ ਮੁਖੀ ਅਤੇ ਪਿੰਡ ਪਰਾਗਪੁਰ ਵਾਸੀ ਇਕ ਵਿਅਕਤੀ ’ਤੇ ਕਥਿਤ ਮਿਲੀਭੁਗਤ ਨਾਲ ਰਸਤੇ ਵਾਲੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਾਈ ਹੈ। ਦੂਜੇ ਪਾਸੇ, ਥਾਣਾ ਮੁਖੀ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਉਕਤ ਜ਼ਮੀਨ ਕਾਨੂੰਨੀ ਤੌਰ ’ਤੇ ਖ਼ਰੀਦੀ ਹੋਣ ਦਾ ਦਾਅਵਾ ਕੀਤਾ ਹੈ। ਮੌਕੇ ’ਤੇ ਇਕੱਤਰ ਹੋਏ ਪਲਾਟ ਮਾਲਕਾਂ, ਜਿਨ੍ਹਾਂ ’ਚ ਧਰਮਪਾਲ ਸਿੰਘ ਸੋਢੀ ਵਾਸੀ ਆਦਰਸ਼ ਨਗਰ (ਡੇਰਾਬੱਸੀ) ਅਤੇ ਲਖਵਿੰਦਰ ਸਿੰਘ ਵਾਸੀ ਡੇਰਾ ਕਾਲੋਨੀ ਸਮੇਤ ਹੋਰ ਵਿਅਕਤੀ ਸ਼ਾਮਲ ਸਨ, ਨੇ ਆਪਣੀਆਂ ਰਜਿਸਟਰੀਆਂ ਦਿਖਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਸਾਲ 2011-12 ਦੌਰਾਨ ਗੁਲਸ਼ਨ ਨਾਮਕ ਵਿਅਕਤੀ ਤੋਂ ਇਹ ਪਲਾਟ ਖ਼ਰੀਦੇ ਸਨ। ਉਨ੍ਹਾਂ ਮੁਤਾਬਕ ਰਜਿਸਟਰੀਆਂ ’ਚ ਬਕਾਇਦਾ 20 ਫੁੱਟ ਚੌੜੀ ‘ਗਲੀ-ਆਮ’ ਦਰਜ ਹੈ। ਪਲਾਟ ਮਾਲਕਾਂ ਨੇ ਦੋਸ਼ ਲਾਇਆ ਕਿ ਹੁਣ ਇਸ ਰਸਤੇ ਵਾਲੀ ਜ਼ਮੀਨ ’ਤੇ ਮਿੱਟੀ ਪਾ ਕੇ ਚਾਰਦੀਵਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਇਹ ਰਸਤਾ ਬੰਦ ਹੋ ਗਿਆ ਤਾਂ ਉਹ ਆਪਣੇ ਹੀ ਪਲਾਟਾਂ ਤੱਕ ਪਹੁੰਚਣ ਤੋਂ ਵਾਂਝੇ ਹੋ ਜਾਣਗੇ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਰਜਿਸਟਰੀਆਂ ’ਚ 20 ਫੁੱਟ ਚੌੜਾ ਆਮ ਰਸਤਾ ਦਰਜ ਹੈ, ਤਾਂ ਉਸ ਨੂੰ ਕਿਸ ਆਧਾਰ ’ਤੇ ਬੰਦ ਕੀਤਾ ਜਾ ਰਿਹਾ ਹੈ। ਪਲਾਟ ਮਾਲਕਾਂ ਨੇ ਦੱਸਿਆ ਕਿ ਇਹ ਮਾਮਲਾ ਪਹਿਲਾਂ ਵੀ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਧਿਆਨ ’ਚ ਲਿਆਂਦਾ ਗਿਆ ਸੀ, ਪਰ ਕੁਝ ਦਿਨਾਂ ਬਾਅਦ ਮੁੜ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਉਸਾਰੀ ਦਾ ਵਿਰੋਧ ਕਰਨ ’ਤੇ ਉਨ੍ਹਾਂ ਨਾਲ ਕਥਿਤ ਤੌਰ ’ਤੇ ਬਦਸਲੂਕੀ ਵੀ ਕੀਤੀ ਗਈ। ਪੀੜਤ ਪਲਾਟ ਮਾਲਕਾਂ ਨੇ ਡੀਸੀ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕਿਸੇ ਵੀ ਸਿਆਸੀ ਜਾਂ ਪ੍ਰਸ਼ਾਸਨਿਕ ਦਬਾਅ ਤੋਂ ਮੁਕਤ ਹੋ ਕੇ ਮਾਲ ਰਿਕਾਰਡ ਅਤੇ ਰਜਿਸਟਰੀਆਂ ਦੇ ਆਧਾਰ ’ਤੇ ਜ਼ਮੀਨ ਦੀ ਨਿਰਪੱਖ ਨਿਸ਼ਾਨਦੇਹੀ ਕਰਵਾਈ ਜਾਵੇ ਅਤੇ ਉਨ੍ਹਾਂ ਦਾ ਬਣਦਾ ਹੱਕ ਸੁਰੱਖਿਅਤ ਕੀਤਾ ਜਾਵੇ। ਜ਼ਮੀਨ ਕਾਨੂੰਨੀ ਤੌਰ ’ਤੇ ਖ਼ਰੀਦੀ : ਥਾਣਾ ਮੁਖੀ ਇਸ ਸਬੰਧੀ ਸੰਪਰਕ ਕਰਨ ’ਤੇ ਡੇਰਾਬੱਸੀ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਉਕਤ ਪਲਾਟ ਗੁਲਸ਼ਨ ਨਾਮਕ ਵਿਅਕਤੀ ਤੋਂ ਕਾਨੂੰਨੀ ਤੌਰ ’ਤੇ ਖ਼ਰੀਦਿਆ ਗਿਆ ਹੈ ਅਤੇ ਇਸ ਸਬੰਧੀ ਸਾਰੇ ਦਸਤਾਵੇਜ਼ ਪੂਰੀ ਤਰ੍ਹਾਂ ਮੁਕੰਮਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸ਼ਿਕਾਇਤਕਰਤਾ ਪਲਾਟ ਮਾਲਕਾਂ ਦਾ ਰਸਤਾ ਪਿਛਲੇ ਪਾਸੇ ਵਾਲੀ ਗਲੀ ਵੱਲੋਂ ਲੱਗਦਾ ਹੈ ਅਤੇ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਲਈ ਜਾਣਬੁੱਝ ਕੇ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ।