ਡਾ. ਅਮਰਜੀਤ ਕੌਂਕੇ ਦੀ ਕਾਵਿ-ਪੁਸਤਕ ’ਤੇ ਵਿਚਾਰ-ਚਰਚਾ ਡਾ. ਅਮਰਜੀਤ ਕੌਂਕੇ ਦੀ ਕਾਵਿ-ਪੁਸਤਕ ’ਤੇ ਵਿਚਾਰ-ਚਰਚਾ
Publish Date: Mon, 19 Oct 2026 08:13 PM (IST)
Updated Date: Mon, 19 Oct 2026 08:15 PM (IST)
ਮਹਿਰਾ, ਪੰਜਾਬੀ ਜਾਗਰਣ ਖਰੜ : ਸਾਹਿਤਕ ਸੱਥ ਖਰੜ ਵੱਲੋਂ ਸਥਾਨਕ ਖ਼ਾਲਸਾ ਸਕੂਲ ਵਿਖੇ ਇਕ ਵਿਸ਼ਾਲ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਪੰਜਾਬੀ ਦੇ ਨਾਮਵਰ ਲੇਖਕ ਅਤੇ ਤ੍ਰੈਮਾਸਿਕ ਸਾਹਿਤਕ ਮੈਗਜ਼ੀਨ ‘ਪ੍ਰਤਿਮਾਨ’ ਦੇ ਸੰਪਾਦਕ ਡਾ. ਅਮਰਜੀਤ ਕੌਂਕੇ ਦੀ ਕਾਵਿ-ਪੁਸਤਕ ‘ਇਸ ਧਰਤੀ ’ਤੇ ਰਹਿੰਦਿਆਂ’ ਉੱਤੇ ਵਿਚਾਰ-ਚਰਚਾ ਕੀਤੀ ਗਈ। ਸਮਾਗਮ ਵਿਚ ਸ਼ਾਮਲ ਸਾਹਿਤਕਾਰਾਂ ਨੇ ਪੁਸਤਕ ਦੀਆਂ ਰਚਨਾਵਾਂ ਦੇ ਹਵਾਲੇ ਨਾਲ ਸਮਾਜਿਕ ਸਰੋਕਾਰਾਂ, ਮਨੁੱਖੀ ਰਿਸ਼ਤਿਆਂ, ਸਮੇਂ ਦੇ ਸੰਕਟਾਂ ਅਤੇ ਸ਼ਬਦ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦੀ ਪ੍ਰਧਾਨਗੀ ਨਾਮਵਰ ਲੇਖਕ ਤੇ ਆਲੋਚਕ ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਕੀਤੀ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਡਾ. ਬਲਜੀਤ ਸਿੰਘ, ਡਾ. ਅਮਰਜੀਤ ਸਿੰਘ ਕਾਵਿ-ਸ਼ਾਸਤਰ, ਜਸਵਿੰਦਰ ਸਿੰਘ ਕਾਈਨੌਰ ਅਤੇ ਪਿਆਰਾ ਸਿੰਘ ਰਾਹੀ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਗੁਰਵਿੰਦਰ ਗੁਰੀ ਵੱਲੋਂ ਗਾਏ ਧਾਰਮਿਕ ਗੀਤ ਨਾਲ ਹੋਈ। ਵਿਚਾਰ-ਚਰਚਾ ਤੋਂ ਪਹਿਲਾਂ ਡਾ. ਅਮਰਜੀਤ ਕੌਂਕੇ ਨੇ ਆਪਣੀ ਪੁਸਤਕ ਵਿਚੋਂ ਤਿੰਨ ਕਵਿਤਾਵਾਂ ਪੜ੍ਹ ਕੇ ਸਰੋਤਿਆਂ ਨਾਲ ਸਾਂਝ ਪਾਈ। ਵਿਚਾਰ-ਚਰਚਾ ਦੀ ਸ਼ੁਰੂਆਤ ਕਰਦਿਆਂ ਡਾ. ਬਲਜੀਤ ਸਿੰਘ ਨੇ ਡਾ. ਕੌਂਕੇ ਦੀ ਸਮੁੱਚੀ ਸਿਰਜਣ ਪ੍ਰਕਿਰਿਆ ਬਾਰੇ ਗੱਲ ਕੀਤੀ ਅਤੇ ਪੁਸਤਕ ਦੇ ਭਾਵਪੂਰਵਕ ਪੱਖਾਂ ਨੂੰ ਉਭਾਰਿਆ। ਡਾ. ਅਮਰਜੀਤ ਸਿੰਘ ਕਾਵਿ-ਸ਼ਾਸਤਰ ਨੇ ਕਵਿਤਾ ਦੇ ਹਵਾਲੇ ਨਾਲ ਸ਼ਬਦ ਦੀ ਅਹਿਮੀਅਤ ਬਾਰੇ ਗੱਲ ਕਰਦਿਆਂ ਕਿਹਾ ਕਿ ਲੇਖਕ ਪਾਠਕਾਂ ਨੂੰ ਸ਼ਬਦ ਦੀ ਹੋਂਦ ਅਤੇ ਉਸ ਦੀ ਤਾਕਤ ਨੂੰ ਬਚਾ ਕੇ ਰੱਖਣ ਲਈ ਸੁਚੇਤ ਕਰਦਾ ਹੈ, ਕਿਉਂਕਿ ਸ਼ਬਦ ਦੀ ਸੰਭਾਲ ਕਰਨਾ ਅੱਜ ਦੇ ਸਮੇਂ ਦੀ ਅਹਿਮ ਲੋੜ ਹੈ। ਜਸਵਿੰਦਰ ਸਿੰਘ ਕਾਈਨੌਰ ਨੇ ਪੁਸਤਕ ਦੇ ਵੱਖ-ਵੱਖ ਪੱਖਾਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਹ ਕਾਵਿ-ਸੰਗ੍ਰਹਿ ਸਿਰਫ਼ ਸਾਹਿਤਕ ਰਚਨਾਵਾਂ ਦਾ ਸੰਗ੍ਰਹਿ ਨਹੀਂ, ਸਗੋਂ ਜੀਵਨ ਦੇ ਅਨੇਕਾਂ ਪਹਿਲੂਆਂ ’ਤੇ ਰੌਸ਼ਨੀ ਪਾਉਣ ਵਾਲੀ ਡੂੰਘੀ ਵਿਚਾਰਧਾਰਾ ਵੀ ਪੇਸ਼ ਕਰਦਾ ਹੈ। ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਕਿਹਾ ਕਿ ਇਹ ਕਵਿਤਾ ਮਨੁੱਖ ਨੂੰ ਆਪਣੇ ਆਪ ਦੀ ਪਛਾਣ ਕਰਨ ਅਤੇ ਆਪਣੇ ਅੰਦਰ ਝਾਤ ਮਾਰਨ ਲਈ ਪ੍ਰੇਰਿਤ ਕਰਦੀ ਹੈ। ਇਸ ਮੌਕੇ ਕਵੀ ਦਰਬਾਰ ਦੌਰਾਨ ਦਲਬੀਰ ਸਿੰਘ ਸਰੋਆ, ਜਸ਼ਨਦੀਪ ਸਿੱਧੂ, ਹਰਜੀਤ ਕੌਰ ਮਾਵੀ, ਕੇਸਰ ਸਿੰਘ ਇੰਸਪੈਕਟਰ, ਮੰਦਰ ਗਿੱਲ ਸਾਹਿਬਚੰਦੀਆ, ਜਸਮੀਨ ਕੌਰ ਲੋਹਾਰੀ, ਤਰਸੇਮ ਸਿੰਘ ਕਾਲੇਵਾਲ, ਹਰਜਿੰਦਰ ਸਿੰਘ ਗੋਪਾਲੋਂ, ਮਨਦੀਪ ਰਿੰਪੀ, ਡਾ. ਰੂਪ ਸਾਗਰ, ਸੁਮਿੱਤਰ ਸਿੰਘ ਦੋਸਤ, ਗੁਰਸ਼ਰਨ ਸਿੰਘ ਕਾਕਾ, ਸੁਰਜੀਤ ਸਿੰਘ, ਨੀਲਮ ਨਾਰੰਗ, ਸਾਈਂ ਸਕੇਤੜੀ ਵਾਲਾ, ਰਤਨ ਬਾਬਕਵਾਲਾ, ਹਾਕਮ ਸਿੰਘ ਨੱਤਿਆਂ, ਬਲਦੇਵ ਸਿੰਘ ਬੁਰਜਾਂ, ਰਣਜੀਤ ਕੌਰ ਕੰਗ, ਅਤੇ ਬੰਤ ਸਿੰਘ ਦੀਪ ਸਮੇਤ ਹੋਰ ਕਵੀਆਂ ਨੇ ਆਪਣੀਆਂ ਕਾਵਿ-ਰਚਨਾਵਾਂ ਰਾਹੀਂ ਖ਼ੂਬ ਰੰਗ ਬੰਨ੍ਹਿਆ।