ਡੀਜੀਪੀ ਵਿਜੀਲੈਂਸ ਦੇ ਰੀਡਰ ਓਪੀ ਰਾਣਾ ਨੇ ਸੀਬੀਆਈ ਅਦਾਲਤ ਵਿਚ ਕੀਤਾ ਆਤਮ ਸਮਰਪਣ
ਪੰਜਾਬ ਵਿਜੀਲੈਂਸ ਵਿਭਾਗ ਦੇ ਡੀਜੀਪੀ ਦੇ ਨਾਮ ’ਤੇ 13 ਲੱਖ ਰੁਪਏ ਅਤੇ ਮਹਿੰਗਾ ਮੋਬਾਈਲ ਫੋਨ ਮੰਗਣ ਦੇ ਮੁਲਜ਼ਮ ਇੰਸਪੈਕਟਰ ਓਪੀ ਰਾਣਾ ਨੇ ਸੋਮਵਾਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਅੱਗੇ ਆਤਮ ਸਮਰਪਣ ਕਰ ਦਿੱਤਾ।
Publish Date: Mon, 01 Jun 2026 09:30 PM (IST)
Updated Date: Mon, 01 Jun 2026 09:32 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਵਿਜੀਲੈਂਸ ਵਿਭਾਗ ਦੇ ਡੀਜੀਪੀ ਦੇ ਨਾਮ ’ਤੇ 13 ਲੱਖ ਰੁਪਏ ਅਤੇ ਮਹਿੰਗਾ ਮੋਬਾਈਲ ਫੋਨ ਮੰਗਣ ਦੇ ਮੁਲਜ਼ਮ ਇੰਸਪੈਕਟਰ ਓਪੀ ਰਾਣਾ ਨੇ ਸੋਮਵਾਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਅੱਗੇ ਆਤਮ ਸਮਰਪਣ ਕਰ ਦਿੱਤਾ। ਇਸ ਤੋਂ ਬਾਅਦ ਸੀਬੀਆਈ ਨੇ ਉਸ ਨੂੰ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕਰਕੇ ਸੱਤ ਦਿਨਾਂ ਦਾ ਰਿਮਾਂਡ ਪ੍ਰਾਪਤ ਕੀਤਾ। ਰਾਣਾ ਡੀਜੀਪੀ ਦਾ ਰੀਡਰ ਸੀ ਅਤੇ ਵਿਭਾਗ ਵੱਲੋਂ ਉਸ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ।
ਉਸ ਦੇ ਖ਼ਿਲਾਫ਼ 11 ਮਈ ਨੂੰ ਸੀਬੀਆਈ ਨੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਸੀ। ਇਸ ਕੇਸ ਵਿੱਚ ਸੀਬੀਆਈ ਪਹਿਲਾਂ ਹੀ ਤਿੰਨ ਵਿਚੋਲਿਆਂ ਮਲੋਟ ਨਿਵਾਸੀ ਵਿਕਾਸ ਗੋਇਲ, ਰਾਘਵ ਗੋਇਲ ਅਤੇ ਉਨ੍ਹਾਂ ਦੇ ਡਰਾਈਵਰ ਅੰਕਿਤ ਵਾਧਵਾ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਹਾਲਾਂਕਿ ਉਸ ਸਮੇਂ ਰਾਣਾ ਸੀਬੀਆਈ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ।
ਦੋਸ਼ ਹੈ ਕਿ ਇਹ ਸਾਰੇ ਮਿਲ ਕੇ ਮਲੋਟ ਵਿੱਚ ਤਾਇਨਾਤ ਸਟੇਟ ਟੈਕਸ ਅਧਿਕਾਰੀ ਅਮਿਤ ਕੁਮਾਰ ਨੂੰ ਕਿਸੇ ਫਰਜ਼ੀ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ ਰਹੇ ਸਨ ਅਤੇ ਫਿਰ ਉਸ ਤੋਂ ਬਚਾਉਣ ਦੇ ਨਾਮ ’ਤੇ ਰਿਸ਼ਵਤ ਮੰਗ ਰਹੇ ਸਨ। ਅਮਿਤ ਕੁਮਾਰ ਨੇ ਤੰਗ ਆ ਕੇ ਸੀਬੀਆਈ ਨੂੰ ਸ਼ਿਕਾਇਤ ਦੇ ਦਿੱਤੀ। ਇਸ ਤੋਂ ਬਾਅਦ ਸੀਬੀਆਈ ਨੇ ਸੈਕਟਰ-35 ਸਥਿਤ ਜੇਡਬਲਿਊ ਮੈਰਿਯਟ ਹੋਟਲ ਨੇੜੇ ਜਾਲ ਵਿਛਾਇਆ ਸੀ, ਪਰ ਰਾਣਾ ਉੱਥੇ ਪਹੁੰਚਿਆ ਹੀ ਨਹੀਂ ਅਤੇ ਫਰਾਰ ਹੋ ਗਿਆ।
ਬਾਅਦ ਵਿੱਚ ਉਸ ਨੇ ਸੀਬੀਆਈ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ, ਜੋ ਰੱਦ ਕਰ ਦਿੱਤੀ ਗਈ। ਫਿਰ ਉਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ, ਪਰ ਆਤਮ ਸਮਰਪਣ ਕਰਨ ਦੀ ਗੱਲ ਕਹਿੰਦੇ ਹੋਏ ਪਟੀਸ਼ਨ ਵਾਪਸ ਲੈ ਲਈ।