ਦੋ ਗਊਸ਼ਾਲਾਵਾਂ ਹੋਣ ਦੇ ਬਾਵਜੂਦ ਆਵਾਰਾ ਪਸ਼ੂਆਂ ਦੀ ਭਰਮਾਰ, ਸੜਕ ਹਾਦਸਿਆਂ ਤੇ ਹਮਲਿਆਂ ਨਾਲ ਲੋਕਾਂ 'ਚ ਦਹਿਸ਼ਤ
ਨਗਰ ਕੌਂਸਲ ਲਾਲੜੂ ਅਧੀਨ ਪੈਂਦੇ ਖੇਤਰ ’ਚ ਦੋ ਗਊਸ਼ਾਲਾਵਾਂ ਹੋਣ ਦੇ ਬਾਵਜੂਦ ਆਵਾਰਾ ਪਸ਼ੂਆਂ ਦੀ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸੜਕਾਂ, ਬਾਜ਼ਾਰਾਂ ਅਤੇ ਰਿਹਾਇਸ਼ੀ ਖੇਤਰਾਂ ਵਿਚ ਘੁੰਮ ਰਹੇ ਇਹ ਪਸ਼ੂ ਲੋਕਾਂ ਲਈ ਵੱਡਾ ਖ਼ਤਰਾ ਬਣ ਚੁੱਕੇ ਹਨ।
Publish Date: Thu, 16 Jul 2026 12:10 PM (IST)
Updated Date: Thu, 16 Jul 2026 12:12 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ। ਨਗਰ ਕੌਂਸਲ ਲਾਲੜੂ ਅਧੀਨ ਪੈਂਦੇ ਖੇਤਰ ’ਚ ਦੋ ਗਊਸ਼ਾਲਾਵਾਂ ਹੋਣ ਦੇ ਬਾਵਜੂਦ ਆਵਾਰਾ ਪਸ਼ੂਆਂ ਦੀ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸੜਕਾਂ, ਬਾਜ਼ਾਰਾਂ ਅਤੇ ਰਿਹਾਇਸ਼ੀ ਖੇਤਰਾਂ ਵਿਚ ਘੁੰਮ ਰਹੇ ਇਹ ਪਸ਼ੂ ਲੋਕਾਂ ਲਈ ਵੱਡਾ ਖ਼ਤਰਾ ਬਣ ਚੁੱਕੇ ਹਨ।
ਜਾਣਕਾਰੀ ਅਨੁਸਾਰ ਨਗਰ ਕੌਂਸਲ ਲਾਲੜੂ ਅਧੀਨ ਪਿੰਡ ਮਗਰਾ ਵਿਖੇ ਕਰੀਬ 32 ਏਕੜ ਰਕਬੇ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਇਕ ਵੱਡੀ ਗਊਸ਼ਾਲਾ ਬਣੀ ਹੋਈ ਹੈ। ਇਸ ਤੋਂ ਇਲਾਵਾ ਕਰੀਬ ਦੋ ਏਕੜ ਰਕਬੇ ਵਿਚ ਇਕ ਹੋਰ ਗਊਸ਼ਾਲਾ ਅਤੇ ਕੈਟਲ ਪੌਂਡ ਵੀ ਮੌਜੂਦ ਹੈ।
ਇਸ ਦੇ ਬਾਵਜੂਦ ਖੇਤਰ ਵਿਚ ਆਵਾਰਾ ਪਸ਼ੂਆਂ ਦੀ ਗਿਣਤੀ ਘਟਣ ਦੀ ਬਜਾਏ ਲਗਾਤਾਰ ਵੱਧ ਰਹੀ ਹੈ। ਸਥਾਨਕ ਨਿਵਾਸੀਆਂ ਹਰਵਿੰਦਰ ਸਿੰਘ ਝਾਰਮੜੀ, ਚੰਦਰਪਾਲ, ਬਲਜੀਤ ਸਿੰਘ, ਗੁਰਮੀਤ ਸਿੰਘ, ਸੰਜੂ, ਪਵਨ ਕੁਮਾਰ ਅਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਆਵਾਰਾ ਪਸ਼ੂ ਕਈ ਵਾਰ ਹਮਲਾਵਰ ਹੋ ਜਾਂਦੇ ਹਨ ਅਤੇ ਰਾਹਗੀਰਾਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੰਦੇ ਹਨ। ਮੁੱਖ ਸੜਕਾਂ ਅਤੇ ਕੌਮੀ ਮਾਰਗ ’ਤੇ ਘੁੰਮਦੇ ਪਸ਼ੂ ਅਕਸਰ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ।
ਉਨ੍ਹਾਂ ਕਿਹਾ ਕਿ ਸਮਾਜਿਕ ਸੰਸਥਾਵਾਂ ਅਤੇ ਇਲਾਕਾ ਵਾਸੀਆਂ ਵੱਲੋਂ ਕਈ ਵਾਰ ਪ੍ਰਸ਼ਾਸਨ ਕੋਲ ਇਸ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਗਈ ਹੈ ਪਰ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਪੁਲਿਸ ਰਿਕਾਰਡ ਅਨੁਸਾਰ ਪਿਛਲੇ ਹਫ਼ਤੇ ਅੰਬਾਲਾ-ਚੰਡੀਗੜ੍ਹ ਕੌਮੀਮਾਰਗ 'ਤੇ ਇਕ ਆਵਾਰਾ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਇਕ ਫਾਰਚੂਨਰ ਗੱਡੀ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਸੀ, ਜਿਸ ਵਿਚ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਕੁਝ ਸਾਲ ਪਹਿਲਾਂ 30 ਸਾਲਾ ਮੋਟਰਸਾਈਕਲ ਸਵਾਰ ਬਜਿੰਦਰ ਕੁਮਾਰ ਦੀ ਵੀ ਉਸ ਸਮੇਂ ਮੌਤ ਹੋ ਗਈ ਸੀ, ਜਦੋਂ ਅਚਾਨਕ ਇਕ ਆਵਾਰਾ ਪਸ਼ੂ ਉਸ ਦੇ ਸਾਹਮਣੇ ਆ ਗਿਆ। ਇਸ ਤੋਂ ਇਲਾਵਾ ਛੋਟੂ, ਅਜਮੇਰ ਸਿੰਘ, ਭਿੰਦੀ, ਨਿਖਿਲ, ਮੋਹਿਤ ਸਮੇਤ ਕਈ ਹੋਰ ਕਈ ਲੋਕ ਵੀ ਆਵਾਰਾ ਪਸ਼ੂਆਂ ਕਾਰਨ ਹਾਦਸਿਆਂ ਅਤੇ ਹਮਲਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਬਾਜ਼ਾਰਾਂ, ਮੁਹੱਲਿਆਂ ਅਤੇ ਗਲੀਆਂ ਵਿਚ ਆਵਾਰਾ ਪਸ਼ੂਆਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਬਜ਼ੁਰਗ, ਔਰਤਾਂ ਅਤੇ ਬੱਚੇ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਹਨ।
ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਅਸ਼ੋਕ ਪਥਰੀਆ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਮਹੀਨਿਆਂ ਦੌਰਾਨ ਕਰੀਬ ਇਕ ਹਜ਼ਾਰ ਆਵਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾਵਾਂ ਵਿਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਲਾਲੜੂ ਵਿਚ ਇੰਨੀ ਵੱਡੀ ਗਿਣਤੀ ’ਚ ਆਵਾਰਾ ਪਸ਼ੂ ਕਿਵੇਂ ਪਹੁੰਚ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਨਾਲ ਲੱਗਦੇ ਹਰਿਆਣਾ ਖੇਤਰ ਤੋਂ ਵੀ ਕਈ ਲੋਕ ਪਸ਼ੂ ਛੱਡ ਜਾਂਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਵਿਸ਼ੇਸ਼ ਮੁਹਿੰਮ ਚਲਾ ਕੇ ਲਾਲੜੂ ਖੇਤਰ ਨੂੰ ਆਵਾਰਾ ਪਸ਼ੂਆਂ ਤੋਂ ਮੁਕਤ ਕਰਵਾਉਣ ਲਈ ਕਾਰਵਾਈ ਕੀਤੀ ਜਾਵੇਗੀ।