- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੇਰਾਬੱਸੀ-ਈਸਾਪੁਰ ਰੇਲਵੇ ਫਾਟਕ ਮੁਰੰਮਤ ਤੋਂ ਬਾਅਦ ਖੁੱਲ੍ਹਿਆ, ਲੋਕਾਂ ਦੀਆਂ ਵਧੀਆਂ ਮੁਸ਼ਕਲਾਂ

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ,
ਡੇਰਾਬੱਸੀ : ਡੇਰਾਬੱਸੀ-ਈਸਾਪੁਰ ਸੜਕ ’ਤੇ ਸਥਿਤ ਰੇਲਵੇ ਫਾਟਕ ਨੂੰ ਮੁਰੰਮਤ ਦੇ ਕੰਮ ਲਈ ਚਾਰ ਦਿਨਾਂ ਤੱਕ ਬੰਦ ਰੱਖਣ ਤੋਂ ਬਾਅਦ ਬੀਤੀ 19 ਜੁਲਾਈ ਨੂੰ ਸ਼ਾਮ 4 ਵਜੇ ਦੇ ਕਰੀਬ ਆਵਾਜਾਈ ਲਈ ਮੁੜ ਖੋਲ੍ਹ ਦਿੱਤਾ ਗਿਆ ਪਰ ਫਾਟਕ ਖੁੱਲ੍ਹਣ ਨਾਲ ਸਥਾਨਕ ਲੋਕਾਂ ਤੇ ਰਾਹਗੀਰਾਂ ਨੂੰ ਰਾਹਤ ਮਿਲਣ ਦੀ ਬਜਾਏ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਹਨ। ਸਥਾਨਕ ਨਿਵਾਸੀਆਂ ਦਾ ਦੋਸ਼ ਹੈ ਕਿ ਰੇਲਵੇ ਵਿਭਾਗ ਵੱਲੋਂ ਮੁਰੰਮਤ ਦਾ ਕੰਮ ਸਹੀ ਢੰਗ ਨਾਲ ਨਹੀਂ ਕੀਤਾ ਗਿਆ, ਜਿਸ ਕਾਰਨ ਸੜਕ ਦੀ ਹਾਲਤ ਪਹਿਲਾਂ ਨਾਲੋਂ ਵੀ ਖ਼ਰਾਬ ਹੋ ਚੁੱਕੀ ਹੈ।
ਫਾਟਕ ਖੁੱਲ੍ਹਣ ਤੋਂ ਬਾਅਦ ਦੇਖਿਆ ਗਿਆ ਕਿ ਰੇਲਵੇ ਟਰੈਕ ਦੇ ਆਲੇ-ਦੁਆਲੇ ਦੀ ਸੜਕ ਬੇਹੱਦ ਅਸਮਾਨ (ਉੱਚੀ-ਨੀਵੀਂ) ਹੈ ਤੇ ਥਾਂ-ਥਾਂ ’ਤੇ ਟੋਏ ਪੈ ਗਏ ਹਨ। ਇਸ ਕਾਰਨ ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ’ਤੇ ਟੋਇਆਂ ਕਾਰਨ ਦੋਪਹੀਆ ਵਾਹਨ ਸਵਾਰਾਂ ਦੇ ਡਿੱਗਣ ਤੇ ਸੱਟਾਂ ਲੱਗਣ ਦਾ ਖ਼ਤਰਾ ਸਭ ਤੋਂ ਵੱਧ ਬਣਿਆ ਹੋਇਆ ਹੈ। ਖ਼ਰਾਬ ਸੜਕ ਕਾਰਨ ਭਾਰੀ ਵਾਹਨਾਂ ਦੀ ਗਤੀ ਬੇਹੱਦ ਹੌਲੀ ਹੋ ਜਾਂਦੀ ਹੈ, ਜਿਸ ਕਾਰਨ ਫਾਟਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ। ਇਸ ਟ੍ਰੈਫਿਕ ਜਾਮ ਕਾਰਨ ਰੋਜ਼ਾਨਾ ਲੋਕਾਂ ਦਾ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ।
ਸਥਾਨਕ ਨਿਵਾਸੀਆਂ ਤੇ ਰਾਹਗੀਰਾਂ ਦਾ ਕਹਿਣਾ ਹੈ ਕਿ ਜਦੋਂ ਫਾਟਕ ਚਾਰ ਦਿਨਾਂ ਲਈ ਬੰਦ ਕੀਤਾ ਗਿਆ ਸੀ, ਤਾਂ ਉਨ੍ਹਾਂ ਨੂੰ ਉਮੀਦ ਸੀ ਕਿ ਮੁਰੰਮਤ ਤੋਂ ਬਾਅਦ ਸੜਕ ਪੂਰੀ ਤਰ੍ਹਾਂ ਪੱਧਰੀ ਤੇ ਸੁਰੱਖਿਅਤ ਹੋ ਜਾਵੇਗੀ ਪਰ ਹੁਣ ਕੰਮ ਪੂਰਾ ਹੋਣ ਤੋਂ ਬਾਅਦ ਸਥਿਤੀ ਬੱਦਤਰ ਨਜ਼ਰ ਆ ਰਹੀ ਹੈ। ਵਸਨੀਕਾਂ ਨੇ ਸਿੱਧਾ ਦੋਸ਼ ਲਾਇਆ ਹੈ ਕਿ ਮੁਰੰਮਤ ਦੇ ਕੰਮ ਦੌਰਾਨ ਗੁਣਵੱਤਾ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਗਿਆ, ਜਿਸ ਦਾ ਖ਼ਮਿਆਜ਼ਾ ਹੁਣ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਰੇਲਵੇ ਵਿਭਾਗ ਤੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਫਾਟਕ ਦੇ ਆਲੇ-ਦੁਆਲੇ ਦੀ ਸੜਕ ਦਾ ਤੁਰੰਤ ਦੁਬਾਰਾ ਨਿਰੀਖਣ ਕੀਤਾ ਜਾਵੇ ਤੇ ਇਸ ਦੀ ਤੁਰੰਤ ਸਹੀ ਢੰਗ ਨਾਲ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸੜਕ ਦੇ ਇਨ੍ਹਾਂ ਨੁਕਸਾਂ ਨੂੰ ਜਲਦੀ ਦੂਰ ਨਾ ਕੀਤਾ ਗਿਆ ਤਾਂ ਇੱਥੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।