ਚੋਰ ਗਿਰੋਹ ਦਾ ਪਰਦਾਫਾਸ਼, ਔਰਤ ਅਤੇ ਨਾਬਾਲਿਗ ਸਣੇ 4 ਕਾਬੂ, 40 ਗ੍ਰਾਮ ਹੈਰੋਇਨ ਤੇ ਗਹਿਣੇ ਬਰਾਮਦ ਡੇਰਾਬੱਸੀ ਪੁਲਿਸ ਵੱਲੋਂ ਚੋਰ ਗਿਰੋਹ ਦਾ ਪਰਦਾਫਾਸ਼,
Publish Date: Fri, 27 Nov 2026 05:35 PM (IST)
Updated Date: Fri, 27 Nov 2026 05:37 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਪੁਲਿਸ ਨੇ ਇਲਾਕੇ ’ਚ ਸਰਗਰਮ ਇਕ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਕ ਔਰਤ ਅਤੇ ਨਾਬਾਲਿਗ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਚੋਰੀ ਕੀਤੇ ਸੋਨੇ-ਚਾਂਦੀ ਦੇ ਗਹਿਣਿਆਂ ਤੋਂ ਇਲਾਵਾ 40 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ। ਪੁਲਿਸ ਮੁਤਾਬਕ ਮੁਲਜ਼ਮ ਚੋਰੀ ਦਾ ਸਾਮਾਨ ਖ਼ਰੀਦਣ-ਵੇਚਣ ਦੇ ਨਾਲ-ਨਾਲ ਇਲਾਕੇ ’ਚ ਨਸ਼ਾ ਤਸਕਰੀ ਦਾ ਧੰਦਾ ਵੀ ਕਰਦੇ ਸਨ। ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਡੀਐੱਸਪੀ ਸਬ-ਡਿਵੀਜ਼ਨ ਡੇਰਾਬੱਸੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਐੱਸਐੱਸਪੀ ਮੁਹਾਲੀ ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਮੁਖੀ ਡੇਰਾਬੱਸੀ ਦੀ ਅਗਵਾਈ ਵਾਲੀ ਟੀਮ ਨੇ ਇਹ ਕਾਰਵਾਈ ਅਮਲ ’ਚ ਲਿਆਂਦੀ। ਉਨ੍ਹਾਂ ਦੱਸਿਆ ਕਿ 26 ਨਵੰਬਰ ਨੂੰ ਗੁਲਾਬਗੜ੍ਹ ਵਾਸੀ ਸੋਨਾ ਦੇਵੀ ਪਤਨੀ ਦੁਰਗੇਸ਼ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਘਰੋਂ ਨਾਬਾਲਿਗ ਲੜਕੇ ਨੇ ਚੋਰੀ ਕੀਤੀ ਹੈ, ਜਿਸ ’ਚ ਚਾਂਦੀ ਦੀਆਂ ਪੰਜੇਬਾਂ, ਚਾਂਦੀ ਦੇ ਟੌਪਸ, ਸੋਨੇ ਦੇ ਗਹਿਣੇ ਅਤੇ ਨਕਦੀ ਸ਼ਾਮਲ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਖ਼ਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ 331(3) ਅਤੇ 305 ਤਹਿਤ ਕੇਸ ਦਰਜ ਕਰਕੇ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ ਸੋਨੇ ਦੇ ਟੌਪਸ ਦੀ ਇਕ ਜੋੜੀ ਬਰਾਮਦ ਕੀਤੀ। ਡੀਐੱਸਪੀ ਖੋਸਾ ਨੇ ਦੱਸਿਆ ਕਿ ਨਾਬਾਲਿਗ ਤੋਂ ਕੀਤੀ ਮੁੱਢਲੀ ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਕਿ ਉਸ ਨੇ ਚੋਰੀ ਕੀਤਾ ਬਾਕੀ ਸਾਮਾਨ ਗੁਰਜੀਤ ਸਿੰਘ ਵਾਸੀ ਪਿੰਡ ਭਗਵਾਨਪੁਰ, ਡੇਰਾਬੱਸੀ, ਜਸਵਿੰਦਰ ਸਿੰਘ ਉਰਫ਼ ਗਾਂਧੀ ਵਾਸੀ ਬਾਨਾਵਾਲੀ, ਜ਼ਿਲ੍ਹਾ ਫਿਰੋਜ਼ਪੁਰ ਅਤੇ ਲਛਮੀ ਕੌਰ ਵਾਸੀ ਕਿਮਾਂਵਾਲਾ, ਹਾਲ ਵਾਸੀ ਨਾਗਰਾ ਇਨਕਲੇਵ, ਡੇਰਾਬੱਸੀ ਨੂੰ ਵੇਚਿਆ ਸੀ। ਇਹ ਤਿੰਨੋਂ ਮੁਲਜ਼ਮ ਸਥਾਨਕ ਫੈਕਟਰੀਆਂ ’ਚ ਸਕਿਊਰਿਟੀ ਗਾਰਡ ਵਜੋਂ ਕੰਮ ਕਰਦੇ ਹਨ। ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਕੁਝ ਹੀ ਘੰਟਿਆਂ ’ਚ ਤਿੰਨਾਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਕੋਲੋਂ ਚੋਰੀਸ਼ੁਦਾ ਚਾਂਦੀ ਦੇ ਟੌਪਸ ਅਤੇ ਪੰਜੇਬਾਂ ਤੋਂ ਇਲਾਵਾ 40 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ, ਜਿਸ ਮਗਰੋਂ ਮੁਕੱਦਮੇ ’ਚ ਧਾਰਾ 317(2) ਬੀਐੱਨਐੱਸ ਅਤੇ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਦਾ ਵਾਧਾ ਕੀਤਾ ਗਿਆ ਹੈ। ਪੁਲਿਸ ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਗੁਰਜੀਤ ਸਿੰਘ ਖ਼ਿਲਾਫ਼ ਸਾਲ 2023 ’ਚ ਥਾਣਾ ਡੇਰਾਬੱਸੀ ਵਿਖੇ ਪੋਕਸੋ ਐਕਟ ਤਹਿਤ ਇਕ ਕੇਸ ਦਰਜ ਹੋਇਆ ਸੀ, ਜਿਸ ’ਚ ਅਦਾਲਤ ਵੱਲੋਂ ਉਸ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਸੀ। ਪੁਲਿਸ ਨੇ ਕਾਬੂ ਕੀਤੇ ਮੁਲਜ਼ਮਾਂ ਨੂੰ ਡੇਰਾਬੱਸੀ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨਾਂ ਦੇ ਪੁਲਿਸ ’ਤੇ ਭੇਜ ਦਿੱਤਾ ਹੈ। ਪੁਲਿਸ ਨੇ ਨਾਬਾਲਿਗ ਮੁਲਜ਼ਮ ਨੂੰ ਕਾਬੂ ਕਰਕੇ ਹੁਸ਼ਿਆਰਪੁਰ ਸੁਧਾਰ ਘਰ ਭੇਜ ਦਿੱਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਫੋਟੋ ਕੈਪਸ਼ਨ : ਕਾਬੂ ਕੀਤੇ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਡੇਰਾਬੱਸੀ ਵਰਿੰਦਰ ਸਿੰਘ ਖੋਸਾ। 01ਪੀ