ਸਰਕਾਰੀ ਸੜਕ 'ਤੇ ਬਣੇ ਨਾਜਾਇਜ਼ ਰੈਂਪਾਂ 'ਤੇ ਚੱਲਿਆ ਪੀਲਾ ਪੰਜਾ ਸਰਕਾਰੀ ਸੜਕ 'ਤੇ ਬਣੇ ਨਾਜਾਇਜ਼ ਰੈਂਪਾਂ 'ਤੇ ਚੱਲਿਆ ਪੀਲਾ ਪੰਜਾ
Publish Date: Mon, 21 Sep 2026 08:21 PM (IST)
Updated Date: Tue, 22 Sep 2026 04:09 AM (IST)
ਲੋਕਾਂ ਦੀਆਂ ਸ਼ਿਕਾਇਤਾਂ ਅਤੇ ਅਧਿਕਾਰੀਆਂ ਦੇ ਹੁਕਮਾਂ ’ਤੇ ਕਾਰਵਾਈ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਦੀ ਵੀਆਈਪੀ ਰੋਡ ਤੇ ਸਥਿਤ ਵੀਆਈਪੀ ਇਨਕਲੇਵ ਵਿੱਚ ਸਰਕਾਰੀ ਸੜਕ ਤੇ ਬਣਾਏ ਗਏ ਨਜਾਇਜ਼ ਰੈਂਪਾਂ ਖ਼ਿਲਾਫ਼ ਨਗਰ ਕੌਂਸਲ ਨੇ ਸਖ਼ਤ ਕਾਰਵਾਈ ਕੀਤੀ ਹੈ। ਨਗਰ ਕੌਂਸਲ ਦੀ ਟੀਮ ਨੇ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਕਈ ਘਰਾਂ ਦੇ ਬਾਹਰ ਸਰਕਾਰੀ ਸੜਕ ਤੱਕ ਬਣਾਏ ਗਏ ਰੈਂਪਾਂ ਨੂੰ ਤੋੜ ਕੇ ਆਵਾਜਾਈ ਲਈ ਰਸਤਾ ਪੂਰੀ ਤਰ੍ਹਾਂ ਖਾਲੀ ਕਰਵਾਇਆ। ਅਧਿਕਾਰੀਆਂ ਅਨੁਸਾਰ, ਸਥਾਨਕ ਨਿਵਾਸੀਆਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸੜਕ ਦੇ ਦੋਵੇਂ ਪਾਸੇ ਘਰਾਂ ਦੇ ਬਾਹਰ 3 ਤੋਂ 4 ਫੁੱਟ ਤੱਕ ਰੈਂਪ ਬਣਾ ਕੇ ਸਰਕਾਰੀ ਥਾਂ ਤੇ ਨਜਾਇਜ਼ ਕਬਜ਼ਾ ਕੀਤਾ ਗਿਆ ਹੈ। ਇਸ ਕਬਜ਼ੇ ਕਾਰਨ ਆਮ ਲੰਘਣ ਵਾਲਾ ਰਸਤਾ ਕਾਫ਼ੀ ਤੰਗ ਹੋ ਗਿਆ ਸੀ ਅਤੇ ਲੋਕਾਂ ਨੂੰ ਆਉਣ-ਜਾਣ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਨਗਰ ਕੌਂਸਲ ਦੇ ਬਿਲਡਿੰਗ ਇੰਸਪੈਕਟਰ ਅਜੇ ਬਰਾੜ ਨੇ ਦੱਸਿਆ ਕਿ ਲੋਕਾਂ ਦੀ ਮੁੱਖ ਸ਼ਿਕਾਇਤ ਇਹ ਸੀ ਕਿ ਸੜਕ ਤੇ ਵੱਡੇ-ਵੱਡੇ ਰੈਂਪ ਬਣਨ ਕਾਰਨ ਵਾਹਨਾਂ ਦੀ ਪਾਰਕਿੰਗ ਲਈ ਢੁਕਵੀਂ ਥਾਂ ਨਹੀਂ ਬਚਦੀ ਸੀ। ਇਸ ਕਾਰਨ ਅਕਸਰ ਸਥਾਨਕ ਲੋਕਾਂ ਵਿਚਕਾਰ ਗੱਡੀਆਂ ਖੜ੍ਹੀਆਂ ਕਰਨ ਨੂੰ ਲੈ ਕੇ ਤਕਰਾਰ ਅਤੇ ਵਿਵਾਦ ਦੀ ਸਥਿਤੀ ਬਣ ਜਾਂਦੀ ਸੀ। ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲੈਂਦਿਆਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ (ਈ.ਓ.) ਪਰਵਿੰਦਰ ਸਿੰਘ ਭੱਟੀ ਦੇ ਆਦੇਸ਼ਾਂ ਤੇ ਬਿਲਡਿੰਗ ਇੰਸਪੈਕਟਰ ਅਜੇ ਬਰਾੜ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ ਅਤੇ ਸਰਕਾਰੀ ਸੜਕ ਤੇ ਬਣੇ ਨਜਾਇਜ਼ ਰੈਂਪ ਹਟਵਾਏ। ਕਾਰਵਾਈ ਦੌਰਾਨ ਮੌਜੂਦ ਲੋਕਾਂ ਨੂੰ ਸਮਝਾਇਆ ਗਿਆ ਕਿ ਸਰਕਾਰੀ ਸੜਕ ਅਤੇ ਸਾਂਝੇ ਜਨਤਕ ਰਸਤੇ ਤੇ ਕਿਸੇ ਵੀ ਤਰ੍ਹਾਂ ਦਾ ਪੱਕਾ ਜਾਂ ਕੱਚਾ ਨਿਰਮਾਣ ਕਰਕੇ ਕਬਜ਼ਾ ਕਰਨਾ ਗ਼ੈਰ-ਕਾਨੂੰਨੀ ਹੈ। ਬਾਕਸ : ਇੰਸਪੈਕਟਰ ਅਜੇ ਬਰਾੜ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੇ ਆਪਣੇ ਘਰ ਦੇ ਬਾਹਰ ਰੈਂਪ ਬਣਾਉਣਾ ਹੈ ਤਾਂ ਉਹ ਆਪਣੀ ਨਿੱਜੀ ਜ਼ਮੀਨ ਦੇ ਅੰਦਰ ਹੀ ਬਣਾਵੇ। ਇਸ ਦੇ ਨਾਲ ਹੀ ਉਨ੍ਹਾਂ ਸਖ਼ਤ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਦੋਬਾਰਾ ਸਰਕਾਰੀ ਸੜਕ ਤੇ ਰੈਂਪ ਬਣਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਨਗਰ ਕੌਂਸਲ ਵੱਲੋਂ ਉਸ ਖ਼ਿਲਾਫ਼ ਬਿਨਾਂ ਕਿਸੇ ਨੋਟਿਸ ਦੇ ਮੁੜ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।