ਚਾਰ ਪਿੰਡਾਂ ’ਚ ਨਾਜਾਇਜ਼ ਉਸਾਰੀਆਂ ’ਤੇ ਚੱਲਿਆ ਪੀਲਾ ਪੰਜਾ ਨਿਯਮਾਂ ਦੀ ਉਲੰਘਣਾ ਕਰਕੇ ਵਿਕਸਤ ਕੀਤੀਆਂ ਜਾ ਰਹੀਆਂ ਕਾਲੋਨੀਆਂ ’ਚ ਕਈ ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ ਗਿਆ।
Publish Date: Thu, 12 Nov 2026 05:48 PM (IST)
Updated Date: Thu, 12 Nov 2026 05:51 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਗਮਾਡਾ ਦੇ ਰੈਗੂਲੇਟਰੀ ਵਿੰਗ ਵੱਲੋਂ ਡੇਰਾਬੱਸੀ ਇਲਾਕੇ ਦੇ ਚਾਰ ਪਿੰਡਾਂ ਪੰਡਵਾਲਾ, ਸੁੰਡਰਾਂ, ਖੇੜੀ ਤੇ ਮੋਰਠੀਕਰੀ ’ਚ ਨਾਜਾਇਜ਼ ਉਸਾਰੀਆਂ ਤੇ ਅਣ-ਅਧਿਕਾਰਤ ਕਾਲੋਨੀਆਂ ਖ਼ਿਲਾਫ਼ ਵਿਸ਼ੇਸ਼ ਤੋੜ-ਫੋੜ ਮੁਹਿੰਮ ਚਲਾਈ ਗਈ। ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਕੇ ਵਿਕਸਤ ਕੀਤੀਆਂ ਜਾ ਰਹੀਆਂ ਕਾਲੋਨੀਆਂ ’ਚ ਕਈ ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ ਗਿਆ। ਵਿਭਾਗੀ ਟੀਮ ਨੇ ਕਾਰਵਾਈ ਕਰਦਿਆਂ ਨਾਜਾਇਜ਼ ਕਾਲੋਨੀਆਂ ’ਚ ਵਿਛਾਈਆਂ ਗਈਆਂ ਸੀਵਰੇਜ ਲਾਈਨਾਂ ਤੋੜ ਦਿੱਤੀਆਂ। ਇਸ ਤੋਂ ਇਲਾਵਾ ਸੜਕਾਂ ਲਈ ਕੀਤੇ ਗਏ ਨਾਜਾਇਜ਼ ਕੱਟਾਂ ਤੇ ਸੜਕ ਨਿਰਮਾਣ ਨਾਲ ਸਬੰਧਤ ਕੰਮਾਂ ਨੂੰ ਵੀ ਢਾਹਿਆ ਗਿਆ। ਜਿਨ੍ਹਾਂ ਥਾਵਾਂ ’ਤੇ ਇਮਾਰਤਾਂ ਦੀਆਂ ਨੀਂਹਾਂ ਪਾ ਕੇ ਉਸਾਰੀ ਦਾ ਕੰਮ ਡੀਪੀਸੀ (ਡੈਂਪ ਪਰੂਫ਼ ਕੋਰਸ) ਪੱਧਰ ਤੱਕ ਪਹੁੰਚ ਚੁੱਕਾ ਸੀ, ਉੱਥੇ ਵੀ ਤੋੜ-ਫੋੜ ਕੀਤੀ ਗਈ। ਵਿਭਾਗ ਦੀ ਇਸ ਕਾਰਵਾਈ ਨਾਲ ਨਾਜਾਇਜ਼ ਕਾਲੋਨੀਆਂ ਵਿਕਸਤ ਕਰਨ ਵਾਲਿਆਂ ’ਚ ਹਲਚਲ ਮਚ ਗਈ। ਗਮਾਡਾ ਦੇ ਰੈਗੂਲੇਟਰੀ ਵਿੰਗ ਵੱਲੋਂ ਇਹ ਮੁਹਿੰਮ ਅਣ-ਅਧਿਕਾਰਤ ਕਾਲੋਨੀਆਂ ਅਤੇ ਨਾਜਾਇਜ਼ ਉਸਾਰੀ ਦੀਆਂ ਗਤੀਵਿਧੀਆਂ ਨੂੰ ਰੋਕਣ ਦੇ ਮਕਸਦ ਨਾਲ ਚਲਾਈ ਗਈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਲੋੜੀਂਦੀਆਂ ਪ੍ਰਵਾਨਗੀਆਂ ਤੋਂ ਬਿਨਾਂ ਕਾਲੋਨੀਆਂ ਵਿਕਸਤ ਕਰਨਾ, ਸੀਵਰੇਜ ਲਾਈਨਾਂ ਵਿਛਾਉਣਾ, ਸੜਕਾਂ ਬਣਾਉਣਾ ਤੇ ਇਮਾਰਤਾਂ ਦੀ ਉਸਾਰੀ ਕਰਨਾ ਨਿਯਮਾਂ ਦੀ ਉਲੰਘਣਾ ਹੈ। ਅਜਿਹੇ ਮਾਮਲਿਆਂ ’ਚ ਨਿਯਮਾਂ ਅਨੁਸਾਰ ਕਾਰਵਾਈ ਜਾਰੀ ਰਹੇਗੀ। ਇਸ ਮੁਹਿੰਮ ’ਚ ਏਟੀਪੀ ਗਗਨਦੀਪ ਸਿੰਘ, ਜੇਈ ਸ਼ੁਭਕਰਮਨ ਸਿੰਘ ਤੇ ਜੇਈ ਬਲਕਰਨ ਸਿੰਘ ਸਮੇਤ ਰੈਗੂਲੇਟਰੀ ਵਿੰਗ ਦੀ ਟੀਮ ਸ਼ਾਮਲ ਸੀ। ਅਧਿਕਾਰੀਆਂ ਦੀ ਮੌਜੂਦਗੀ ’ਚ ਵੱਖ-ਵੱਖ ਥਾਵਾਂ ’ਤੇ ਨਾਜਾਇਜ਼ ਢਾਂਚਿਆਂ ਨੂੰ ਹਟਾਇਆ ਗਿਆ। ਵਿਭਾਗ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਕਾਲੋਨੀ ’ਚ ਪਲਾਟ ਖ਼ਰੀਦਣ ਤੋਂ ਪਹਿਲਾਂ ਉਸ ਦੀ ਕਾਨੂੰਨੀ ਸਥਿਤੀ ਤੇ ਸਬੰਧਤ ਵਿਭਾਗਾਂ ਤੋਂ ਪ੍ਰਾਪਤ ਮਨਜ਼ੂਰੀਆਂ ਦੀ ਪੂਰੀ ਜਾਂਚ ਕਰ ਲੈਣ, ਤਾਂ ਜੋ ਭਵਿੱਖ ’ਚ ਕਾਨੂੰਨੀ ਅਤੇ ਆਰਥਿਕ ਪਰੇਸ਼ਾਨੀ ਤੋਂ ਬਚਿਆ ਜਾ ਸਕੇ।