ਜਾਤੀ ਜਨਗਣਨਾ ਨੂੰ ਵਿਗਿਆਨਕ ਤੇ ਪਾਰਦਰਸ਼ੀ ਬਣਾਉਣ ਦੀ ਮੰਗ ਜਾਤੀ ਜਨਗਣਨਾ ਨੂੰ ਵਿਗਿਆਨਕ ਤੇ ਪਾਰਦਰਸ਼ੀ ਬਣਾਉਣ ਦੀ ਮੰਗ
Publish Date: Mon, 21 Sep 2026 08:08 PM (IST)
Updated Date: Tue, 22 Sep 2026 04:09 AM (IST)
ਕਾਂਗਰਸ ਦੇ ਓਬੀਸੀ ਸੈੱਲ ਵੱਲੋਂ ਐੱਸਡੀਐੱਮ ਰਾਹੀਂ ਰਾਸ਼ਟਰਪਤੀ ਦੇ ਨਾਂ ਮੰਗ-ਪੱਤਰ ਰੋਹਿਤ ਗੁਪਤਾ, ਪੰਜਾਬੀ ਜਾਗਰਣ, ਮਾਜਰੀ : ਅੰਗਦ ਸਿੰਘ ਨਵਾਂਸ਼ਹਿਰ, ਚੇਅਰਮੈਨ ਪੰਜਾਬ ਓਬੀਸੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਓਬੀਸੀ ਸੈੱਲ ਵੱਲੋਂ ਆਉਣ ਵਾਲੀ ਜਾਤੀ ਜਨਗਣਨਾ ਨੂੰ ਵਿਗਿਆਨਕ, ਸਹੀ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਐੱਸਡੀਐੱਮ ਖਰੜ ਨੂੰ ਸੌਂਪਿਆ ਗਿਆ। ਇਹ ਮੰਗ ਪੱਤਰ ਜ਼ਿਲ੍ਹਾ ਕੋਆਰਡੀਨੇਟਰ ਓ.ਬੀ.ਸੀ. ਸੈੱਲ ਹਰਨੇਕ ਸਿੰਘ ਤਕੀਪੁਰ ਦੀ ਅਗਵਾਈ ਹੇਠ ਸੌਂਪਿਆ ਗਿਆ। ਮੰਗ ਪੱਤਰ ਵਿੱਚ ਕਿਹਾ ਗਿਆ ਕਿ ਜਾਤੀ ਜਨਗਣਨਾ ਦਾ ਡਾਟਾ ਭਵਿੱਖ ਵਿੱਚ ਸਿੱਖਿਆ, ਰੋਜ਼ਗਾਰ, ਆਰਥਿਕ ਸਥਿਤੀ, ਸਰਕਾਰੀ ਭਲਾਈ ਸਕੀਮਾਂ, ਸਮਾਜਿਕ ਵਿਕਾਸ ਅਤੇ ਵੱਖ-ਵੱਖ ਵਰਗਾਂ ਦੀ ਨੁਮਾਇੰਦਗੀ ਨਾਲ ਸਬੰਧਤ ਨੀਤੀਆਂ ਬਣਾਉਣ ਲਈ ਮਹੱਤਵਪੂਰਨ ਆਧਾਰ ਬਣ ਸਕਦਾ ਹੈ। ਇਸ ਲਈ ਜਾਤੀ ਜਨਗਣਨਾ ਦੌਰਾਨ ਸਿਰਫ਼ ਡਾਟਾ ਇਕੱਠਾ ਕਰਨਾ ਹੀ ਨਹੀਂ, ਸਗੋਂ ਇਸ ਨੂੰ ਸਹੀ ਢੰਗ ਨਾਲ ਦਰਜ ਕਰਨਾ, ਵੈਰੀਫਾਈ ਕਰਨਾ ਅਤੇ ਵਿਗਿਆਨਕ ਤਰੀਕੇ ਨਾਲ ਵਰਗੀਕਰਨ ਕਰਨਾ ਵੀ ਜ਼ਰੂਰੀ ਹੈ। ਮੰਗ ਪੱਤਰ ਰਾਹੀਂ ਓਬੀਸੀ ਲਈ ਇੱਕ ਵੱਖਰੀ ਅਤੇ ਸਪੱਸ਼ਟ ਸ਼੍ਰੇਣੀ ਬਣਾਉਣ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਹਰੇਕ ਮਾਨਤਾ ਪ੍ਰਾਪਤ ਜਾਤੀ ਅਤੇ ਭਾਈਚਾਰੇ ਨੂੰ ਇੱਕ ਵਿਲੱਖਣ ਵਿਗਿਆਨਕ ਜਾਤੀ ਕੋਡ ਦੇਣ ਅਤੇ ਸੂਬਾ-ਵਾਰ ਮਿਆਰੀਕ੍ਰਿਤ ਜਾਤੀ ਮਾਸਟਰ ਲਿਸਟਾਂ ਤਿਆਰ ਕਰਨ ਦਾ ਸੁਝਾਅ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਕਈ ਜਾਤੀਆਂ ਅਤੇ ਭਾਈਚਾਰਿਆਂ ਦੇ ਵੱਖ-ਵੱਖ ਖੇਤਰਾਂ ਵਿੱਚ ਵੱਖਰੇ ਨਾਮ, ਸਮਾਨਾਰਥੀ ਨਾਮ, ਉਚਾਰਨ ਅਤੇ ਸਪੈਲਿੰਗ ਪ੍ਰਚਲਿਤ ਹਨ। ਇਸ ਕਾਰਨ ਇੱਕੋ ਭਾਈਚਾਰੇ ਦੀ ਆਬਾਦੀ ਵੱਖ-ਵੱਖ ਨਾਮਾਂ ਹੇਠ ਦਰਜ ਹੋ ਕੇ ਵੰਡੀ ਜਾ ਸਕਦੀ ਹੈ। ਇਸ ਸਮੱਸਿਆ ਦੇ ਹੱਲ ਲਈ ਇਨ੍ਹਾਂ ਸਾਰੇ ਨਾਮਾਂ ਦੀ ਵਿਗਿਆਨਕ ਤਰੀਕੇ ਨਾਲ ਵੈਰੀਫਿਕੇਸ਼ਨ ਕਰਕੇ ਉਨ੍ਹਾਂ ਨੂੰ ਇੱਕੋ ਮਿਆਰੀ ਜਾਤੀ ਕੋਡ ਨਾਲ ਜੋੜਨ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਗਈ। ਮੰਗ ਪੱਤਰ ਵਿੱਚ ਡਿਜੀਟਲ ਜਨਗਣਨਾ ਲਈ ਸਰਚਯੋਗ ਡ੍ਰਾਪ-ਡਾਊਨ ਅਤੇ ਡਿਜੀਟਲ ਅਸਿਸਟਡ ਸਿਸਟਮ ਤਿਆਰ ਕਰਨ ਦਾ ਸੁਝਾਅ ਵੀ ਦਿੱਤਾ ਗਿਆ। ਇਸ ਪ੍ਰਣਾਲੀ ਰਾਹੀਂ ਆਮ ਸਪੈਲਿੰਗਾਂ, ਸਮਾਨਾਰਥੀ ਅਤੇ ਖੇਤਰੀ ਨਾਮਾਂ ਨੂੰ ਸਬੰਧਤ ਮਿਆਰੀ ਜਾਤੀ ਕੋਡ ਨਾਲ ਜੋੜਿਆ ਜਾ ਸਕੇਗਾ। ਜੇਕਰ ਕੋਈ ਜਾਤੀ ਜਾਂ ਭਾਈਚਾਰਾ ਮਾਸਟਰ ਲਿਸਟ ਵਿੱਚ ਮੌਜੂਦ ਨਾ ਹੋਵੇ ਤਾਂ ਉਸ ਨੂੰ ਦਰਜ ਕਰਨ ਅਤੇ ਬਾਅਦ ਵਿੱਚ ਮਾਹਿਰਾਂ ਰਾਹੀਂ ਉਸ ਦੀ ਵੈਰੀਫਿਕੇਸ਼ਨ ਕਰਨ ਦੀ ਵਿਵਸਥਾ ਕਰਨ ਦੀ ਵੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਜਾਤੀ ਜਨਗਣਨਾ ਦੀ ਵਿਧੀ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਸਮਾਜ ਸ਼ਾਸਤਰੀਆਂ, ਐਂਥਰੋਪੋਲੋਜਿਸਟਾਂ, ਜਨਸੰਖਿਆ ਵਿਗਿਆਨੀਆਂ, ਅੰਕੜਾ ਮਾਹਿਰਾਂ, ਜਨਗਣਨਾ ਅਤੇ ਡਾਟਾ ਮੈਨੇਜਮੈਂਟ ਮਾਹਿਰਾਂ ਅਤੇ ਸਮਾਜਿਕ ਨਿਆਂ ਨਾਲ ਸਬੰਧਤ ਮਾਹਿਰਾਂ ਦੀ ਇੱਕ ਰਾਸ਼ਟਰੀ ਪੱਧਰੀ ਮਾਹਿਰ ਕਮੇਟੀ ਬਣਾਉਣ ਦੀ ਮੰਗ ਕੀਤੀ ਗਈ। ਆਗੂਆਂ ਨੇ ਜਾਤੀ ਅਤੇ ਸਮਾਜਿਕ ਸੰਸਥਾਵਾਂ ਨਾਲ ਸੂਬਾ-ਵਾਰ ਸਲਾਹ-ਮਸ਼ਵਰਾ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਇਸ ਦੇ ਨਾਲ ਹੀ ਤੇਲੰਗਾਨਾ ਵਿੱਚ ਕਰਵਾਏ ਗਏ ਸਰਵੇ ਦੇ ਤਜਰਬੇ ਅਤੇ ਇਸ ਵਿੱਚ ਅਪਣਾਈ ਗਈ ਵਿਧੀ ਦਾ ਅਧਿਐਨ ਕਰਨ ਦੀ ਅਪੀਲ ਕੀਤੀ ਗਈ, ਤਾਂ ਜੋ ਦੇਸ਼ ਪੱਧਰ ’ਤੇ ਹੋਣ ਵਾਲੀ ਜਾਤੀ ਜਨਗਣਨਾ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸਹੀ ਬਣਾਇਆ ਜਾ ਸਕੇ। ਮੰਗ ਪੱਤਰ ਰਾਹੀਂ ਮਾਣਯੋਗ ਰਾਸ਼ਟਰਪਤੀ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਰਾਸ਼ਟਰੀ ਮਹੱਤਤਾ ਵਾਲੇ ਮਾਮਲੇ ਵਿੱਚ ਯੋਗ ਦਖ਼ਲਅੰਦਾਜ਼ੀ ਕਰਦਿਆਂ ਕੇਂਦਰ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਸੁਝਾਵਾਂ ’ਤੇ ਵਿਚਾਰ ਕਰਨ ਲਈ ਉਚਿਤ ਦਿਸ਼ਾ-ਨਿਰਦੇਸ਼ ਜਾਰੀ ਕਰਨ।ਇਸ ਮੌਕੇ ਬਾਬੂ ਸਿੰਘ ਪਮੌਰ, ਮੰਗਤ ਖਾਨ, ਇਕਬਾਲ ਚੰਨੀ, ਸਰਬਜੀਤ ਕੌਰ, ਮੈਡਮ ਸੋਨੂ, ਸਤਿਨਾਮ ਸਿੰਘ ਸੈਣੀ, ਗੁਰਿੰਦਰ ਸਿੰਘ ਕੈਰੋਂ, ਮਦਨ ਸਿੰਘ, ਨਿਰਮਲ ਸਿੰਘ ਸੈਣੀ, ਨਰਿੰਦਰ ਸਿੰਘ ਬਡਾਲਾ, ਬਾਬਾ ਰਾਮ ਸਿੰਘ, ਰਵਿੰਦਰ ਸਿੰਘ ਸਿਆਲਬਾ, ਜਗਦੀਸ ਸਿੰਘ ਸੈਣੀ ਮਾਜਰੀ, ਗੁਰਮੀਤ ਸਿੰਘ, ਅਮਰਜੀਤ ਸਿੰਘ ਜੰਡਪੁਰ, ਮਨਪ੍ਰੀਤ ਸਿੰਘ ਬੱਤਰਾ ਸਮੇਤ ਹੋਰ ਨੌਜਵਾਨ ਹਾਜ਼ਰ ਸਨ।