ਈਡੀ ਦੀ ਕਾਰਵਾਈ ਤੋਂ ਬਾਅਦ ਨਾਜਾਇਜ਼ ਕਾਲੋਨੀਆਂ ਦੀ ਜਾਂਚ ਦੀ ਮੰਗ ਈਡੀ ਦੀ ਕਾਰਵਾਈ ਤੋਂ ਬਾਅਦ ਨਾਜਾਇਜ਼ ਕਾਲੋਨੀਆਂ ਦੀ ਜਾਂਚ ਦੀ ਮੰਗ
Publish Date: Fri, 25 Sep 2026 07:44 PM (IST)
Updated Date: Fri, 25 Sep 2026 07:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਰਾਬੱਸੀ : ਗਮਾਡਾ ਦਫ਼ਤਰ ਵਿਚ ਈਡੀ ਦੀ ਕਾਰਵਾਈ ਅਤੇ ਦਸਤਾਵੇਜ਼ਾਂ ਨਾਲ ਭਰੇ ਬੈਗ ਬਾਹਰ ਲਿਜਾਏ ਜਾਣ ਮਗਰੋਂ ਹੁਣ ਡੇਰਾਬੱਸੀ ਹਲਕੇ ਵਿਚ ਨਾਜਾਇਜ਼ ਕਾਲੋਨੀਆਂ ਦੀ ਪਲਾਟਿੰਗ ਅਤੇ ਰਜਿਸਟਰੀਆਂ ਦਾ ਮੁੱਦਾ ਵੀ ਗਰਮਾਉਣ ਲੱਗਾ ਹੈ। ਸਥਾਨਕ ਪੱਧਰ ’ਤੇ ਸਵਾਲ ਉੱਠ ਰਹੇ ਹਨ ਕਿ ਜੇਕਰ ਈਡੀ ਵੱਲੋਂ ਗਮਾਡਾ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਡੇਰਾਬੱਸੀ ਦੇ ਬੇਹੜਾ ਸੜਕ, ਭਗਵਾਨਪੁਰ, ਸੁੰਡਰਾਂ, ਸਮਗੌਲੀ ਅਤੇ ਕੁੜਾਵਾਲਾ ਸੜਕ ਸਮੇਤ ਉਨ੍ਹਾਂ ਖੇਤਰਾਂ ਦਾ ਰਿਕਾਰਡ ਵੀ ਖੰਗਾਲਿਆ ਜਾਣਾ ਚਾਹੀਦਾ ਹੈ, ਜਿੱਥੇ ਖੇਤੀਬਾੜੀ ਵਾਲੀ ਜ਼ਮੀਨ ’ਤੇ ਕਾਲੋਨੀਆਂ ਕੱਟੇ ਜਾਣ ਦੇ ਦੋਸ਼ ਲੱਗਦੇ ਰਹੇ ਹਨ। ਜਾਅਲੀ ਐੱਨਓਸੀ ਰਾਹੀਂ ਰਜਿਸਟਰੀਆਂ ਹੋਣ ਦੇ ਮਾਮਲੇ ਦੇ ਪਰਦਾਫ਼ਾਸ਼ ਤੋਂ ਬਾਅਦ ਵੀ ਵੱਡੇ ਕਲੋਨਾਈਜ਼ਰਾਂ ਤੱਕ ਕਾਨੂੰਨੀ ਕਾਰਵਾਈ ਨਾ ਪਹੁੰਚਣ ਨੂੰ ਲੈ ਕੇ ਸਵਾਲ ਉੱਠਦੇ ਰਹੇ ਹਨ। ਹੁਣ ਦੋਸ਼ ਲੱਗ ਰਹੇ ਹਨ ਕਿ ਕੁਝ ਪ੍ਰਾਪਰਟੀ ਡੀਲਰਾਂ ਵੱਲੋਂ ਵਿਭਾਗੀ ਮਿਲੀਭੁਗਤ ਨਾਲ ਬਿਨਾਂ ਮਨਜ਼ੂਰੀ ਕਾਲੋਨੀਆਂ ਕੱਟ ਕੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦਾ ਰਾਹ ਅਪਣਾਇਆ ਗਿਆ। ਬੇਹੜਾ ਨੇੜੇ ਕਰੀਬ 28 ਕਿੱਲਿਆਂ ਖੇਤੀਬਾੜੀ ਵਾਲੀ ਜ਼ਮੀਨ ’ਤੇ ਇੰਡਸਟਰੀਅਲ ਕਾਲੋਨੀ ਵਿਕਸਤ ਕਰਨ ਦਾ ਮਾਮਲਾ ਵੀ ਚਰਚਾ ਵਿਚ ਹੈ। ਇਸ ਤੋਂ ਇਲਾਵਾ ਪੋਲਟਰੀ ਫਾਰਮਾ ਵਾਲੀ ਜਗ੍ਹਾ ’ਤੇ ਵੀ ਛੋਟੇ-ਛੋਟੇ ਪਲਾਟ ਕੱਟ ਕੇ ਨਾਜਾਇਜ਼ ਤੌਰ ’ਤੇ ਵੇਚੇ ਜਾ ਰਹੇ ਹਨ। ਮੰਗ ਕੀਤੀ ਜਾ ਰਹੀ ਹੈ ਕਿ ਰਜਿਸਟਰੀਆਂ, ਫ਼ਰਦਾਂ, ਮੌਕਾ ਰਿਪੋਰਟਾਂ, ਐੱਨਓਸੀ ਅਤੇ ਕਾਲੋਨੀ ਮਨਜ਼ੂਰੀਆਂ ਨੂੰ ਆਪਸ ਵਿਚ ਮਿਲਾ ਕੇ ਜਾਂਚ ਕੀਤੀ ਜਾਵੇ। ਹੁਣ ਈਡੀ ਦੀ ਗਮਾਡਾ ਵਿਚ ਹੋਈ ਕਾਰਵਾਈ ਤੋਂ ਬਾਅਦ ਮੰਗ ਉੱਠ ਰਹੀ ਹੈ ਕਿ ਡੇਰਾਬੱਸੀ ਵਿਚ ਵੀ ਕਾਲੋਨੀਆਂ ਅਤੇ ਰਜਿਸਟਰੀਆਂ ਦੇ ਪੂਰੇ ਨੈੱਟਵਰਕ ਦੀ ਨਿਰਪੱਖ ਜਾਂਚ ਕੀਤੀ ਜਾਵੇ।