ਡਿਲੀਵਰੀ ਮੁਲਾਜ਼ਮਾਂ ਵੱਲੋਂ ਸਟੋਰ ਪ੍ਰਬੰਧਨ ਖ਼ਿਲਾਫ਼ ਰੋਸ ਪ੍ਰਦਰਸ਼ਨ, ਡਿਲੀਵਰੀ ਮੁਲਾਜ਼ਮਾਂ ਵੱਲੋਂ ਸਟੋਰ ਪ੍ਰਬੰਧਨ ਖ਼ਿਲਾਫ਼ ਰੋਸ ਪ੍ਰਦਰਸ਼ਨ,
Publish Date: Sat, 26 Sep 2026 09:22 PM (IST)
Updated Date: Sat, 26 Sep 2026 09:24 PM (IST)
-ਖ਼ਰਾਬ ਖਾਧ ਪਦਾਰਥ ਵੇਚਣ ਦੇ ਲਾਏ ਗੰਭੀਰ ਦੋਸ਼, ਸ਼ਿਕਾਇਤ ਕਰਨ ਤੇ ਆਈਡੀ ਬੰਦ ਕਰਨ ਦਾ ਦੋਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਕਪੁਰ : ਪੀਰਮੁਛੱਲਾ ਸਥਿਤ ਆਨਲਾਈਨ ਗ੍ਰੋਸਰੀ ਡਿਲੀਵਰੀ ਸਟੋਰ ਦੇ ਬਾਹਰ ਸ਼ਨਿਚਰਵਾਰ ਨੂੰ ਡਿਲੀਵਰੀ ਕਰਮਚਾਰੀਆਂ ਵੱਲੋਂ ਸਟੋਰ ਪ੍ਰਬੰਧਕਾਂ ਦੇ ਰਵੱਈਏ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਦੀ ਮਾੜੀ ਗੁਣਵੱਤਾ ਨੂੰ ਲੈ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਕਰਮਚਾਰੀਆਂ ਨੇ ਸਟੋਰ ’ਚ ਰੱਖੇ ਖਾਧ ਪਦਾਰਥਾਂ ਦੀ ਗੁਣਵੱਤਾ, ਸਾਫ਼-ਸਫ਼ਾਈ ਅਤੇ ਮੈਨੇਜਮੈਂਟ ਦੇ ਅੜੀਅਲ ਰਵੱਈਏ ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਕਰਮਚਾਰੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਅਕਸਰ ਖ਼ਰਾਬ ਗੁਣਵੱਤਾ ਵਾਲੀਆਂ ਸਬਜ਼ੀਆਂ ਅਤੇ ਕਥਿਤ ਤੌਰ ਤੇ ਐਕਸਪਾਇਰੀ (ਮਿਆਦ ਲੰਘ ਚੁੱਕਾ) ਸਾਮਾਨ ਗਾਹਕਾਂ ਤੱਕ ਪਹੁੰਚਾਉਣ ਲਈ ਦਿੱਤਾ ਜਾਂਦਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸੁਮੀਤ, ਦੀਪਕ, ਸੰਜੂ, ਸੁਭਾਸ਼, ਗੁਲਸ਼ਨ, ਸੰਦੀਪ ਕਟੋਚ, ਸ਼ੁਭਮ, ਅੰਕਿਤ, ਸੁਕਿਤ, ਆਲਮ, ਮਰਵੇਸ਼, ਅਮਨ, ਮਹਿੰਦਰ ਅਤੇ ਜਗਤਾਰ ਸਿੰਘ ਡਿਲੀਵਰੀ ਕਰਨ ਵਾਲੇ ਕਾਮਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਕਸਰ ਆਡਰ ਸਪਲਾਈ ਕਰਨ ਲਈ ਸਬਜ਼ੀਆਂ ਅਤੇ ਹੋਰ ਖਾਣ-ਪੀਣ ਦਾ ਸਾਮਾਨ ਸੜੀ-ਗਲੀ ਹਾਲਤ ਵਿਚ ਦਿੱਤਾ ਜਾਂਦਾ ਹੈ। ਜਦੋਂ ਉਹ ਇਹ ਸਾਮਾਨ ਲੈ ਕੇ ਗਾਹਕਾਂ ਕੋਲ ਪਹੁੰਚਦੇ ਹਨ ਤਾਂ ਗਾਹਕ ਇਸ ਦੀ ਮਾੜੀ ਗੁਣਵੱਤਾ ਤੇ ਇਤਰਾਜ਼ ਜਤਾਉਂਦੇ ਹਨ, ਜਿਸ ਕਾਰਨ ਅਕਸਰ ਡਿਲੀਵਰੀ ਕਰਮਚਾਰੀਆਂ ਅਤੇ ਗਾਹਕਾਂ ਵਿਚਾਲੇ ਤਿੱਖੀ ਬਹਿਸ ਹੋ ਜਾਂਦੀ ਹੈ। ਪ੍ਰਦਰਸ਼ਨਕਾਰੀ ਕਰਮਚਾਰੀਆਂ ਨੇ ਦੋਸ਼ ਲਾਇਆ ਕਿ ਜਦੋਂ ਵੀ ਉਨ੍ਹਾਂ ਨੇ ਖ਼ਰਾਬ ਸਾਮਾਨ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਪ੍ਰਬੰਧਨ ਸਾਹਮਣੇ ਆਵਾਜ਼ ਉਠਾਈ, ਤਾਂ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਕੁਝ ਕਰਮਚਾਰੀਆਂ ਦੀਆਂ ਡਿਲੀਵਰੀ ਆਈਡੀ ਹੀ ਬੰਦ ਕਰ ਦਿੱਤੀਆਂ ਗਈਆਂ। ਉਨ੍ਹਾਂ ਮੰਗ ਕੀਤੀ ਕਿ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਬਿਨਾਂ ਕਿਸੇ ਠੋਸ ਕਾਰਨ ਤੋਂ ਆਈਡੀ ਬੰਦ ਕਰਨ ਦੀ ਕਾਰਵਾਈ ਦੀ ਸਮੀਖਿਆ ਕੀਤੀ ਜਾਵੇ। ਮਾਮਲੇ ਸਬੰਧੀ ਸਟੋਰ ਪ੍ਰਬੰਧਨ ਦਾ ਪੱਖ ਜਾਣਨ ਲਈ ਜਦੋਂ ਮੀਡੀਆ ਟੀਮ ਮੌਕੇ ਤੇ ਪਹੁੰਚੀ ਤਾਂ ਮੀਡੀਆ ਨੂੰ ਦੇਖਦਿਆਂ ਹੀ ਸਟੋਰ ਦੇ ਸ਼ਟਰ ਹੇਠਾਂ ਕਰ ਦਿੱਤੇ ਗਏ, ਜਿਸ ਕਾਰਨ ਸਟੋਰ ਪ੍ਰਬੰਧਕਾਂ ਦਾ ਪੱਖ ਸਾਹਮਣੇ ਨਹੀਂ ਆ ਸਕਿਆ। ਇਸ ਲਈ ਪ੍ਰਬੰਧਕਾਂ ’ਤੇ ਲਗਾਏ ਦੋਸ਼ਾਂ ਦੀ ਸਪੱਸ਼ਟ ਪੁਸ਼ਟੀ ਨਹੀਂ ਹੋ ਸਕੀ ਹੈ।