ਬਹੁ-ਮੰਜ਼ਿਲਾਂ ਸੁਸਾਇਟੀ ਦੀ ਉਸਾਰੀ ਰੋਕਣ ਲਈ ਵਫ਼ਦ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਮਿਲਿਆ ਬਹੁ-ਮੰਜ਼ਿਲਾਂ ਸੁਸਾਇਟੀ ਦੀ ਉਸਾਰੀ ਰੋਕਣ ਲਈ ਵਫ਼ਦ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਮਿਲਿਆ
Publish Date: Sun, 20 Sep 2026 07:42 PM (IST)
Updated Date: Mon, 21 Sep 2026 04:09 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਸੈਕਟਰ-70 ’ਚ ਬਣ ਰਹੀ ਬਹੁ-ਮੰਜ਼ਿਲਾਂ ਸੁਸਾਇਟੀ ਦੀ ਉਸਾਰੀ ਰੋਕਣ ਲਈ ਵੱਖ-ਵੱਖ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਦੇ ਵਫ਼ਦ ਨੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ਹੇਠ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਗਮਾਡਾ ਅਧਿਕਾਰੀ ਦੇ ਧਿਆਨ ’ਚ ਲਿਆਂਦਾ ਕਿ ਸੈਕਟਰ-70 ਪਹਿਲਾਂ ਹੀ ਬਹੁਤ ਸੰਘਣੀ ਆਬਾਦੀ ਵਾਲਾ ਇਲਾਕਾ ਹੈ ਅਤੇ ਇੱਥੇ ਲਗਭਗ 26,000 ਲੋਕ ਵਸਦੇ ਹਨ।ਐਲਆਈਜੀ, ਐਮਆਈਜੀ (ਸੁਪਰ) ਅਤੇ ਐਮਆਈਜੀ (ਸੁਤੰਤਰ) ਪਹਿਲਾਂ ਤੋਂ ਬਹੁ-ਮੰਜ਼ਿਲਾਂ ਸੁਸਾਇਟੀਆਂ, ਪਿੰਡ ਮਟੌਰ ਅਤੇ ਹੋਰ ਰਿਹਾਇਸ਼ੀ ਇਲਾਕਿਆਂ ਕਾਰਨ ਇੱਥੇ ਆਬਾਦੀ ਕਾਫ਼ੀ ਜ਼ਿਆਦਾ ਹੈ। ਸ਼ਹਿਰ ਵਾਸੀਆਂ ਦੇ ਵਫ਼ਦ ਨੇ ਮੰਗ ਕੀਤੀ ਕਿ ਨਵੇਂ ਨਕਸ਼ੇ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਸੈਕਟਰ ਦੀ ਮੌਜੂਦਾ ਆਬਾਦੀ, ਆਵਾਜਾਈ, ਪਾਰਕਿੰਗ, ਸੀਵਰੇਜ, ਡਰੇਨੇਜ, ਪੀਣ ਵਾਲੇ ਪਾਣੀ, ਬਿਜਲੀ, ਕੂੜਾ ਪ੍ਰਬੰਧਨ, ਫਾਇਰ ਸੇਫ਼ਟੀ ਅਤੇ ਵਾਤਾਵਰਣ ’ਤੇ ਪੈਣ ਵਾਲੇ ਪ੍ਰਭਾਵ ਦਾ ਅਧਿਐਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਇਮਾਰਤ ਦੇ ਬਣਨ ਨਾਲ ਆਲੇ-ਦੁਆਲੇ ਦੇ ਐਲਆਈਜੀ ਅਤੇ ਐਮਆਈਜੀ (ਸੁਪਰ) ਵਿਚਲੇ ਘਰਾਂ ਦੀ ਧੁੱਪ ਅਤੇ ਹਵਾ ’ਤੇ ਪ੍ਰਭਾਵ ਪੈ ਸਕਦਾ ਹੈ ਅਤੇ ਪਹਿਲਾਂ ਹੀ ਭਾਰੀ ਆਵਾਜਾਈ ਵਾਲੇ ਇਲਾਕੇ ’ਚ ਹੋਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਮੌਕੇ ਕੌਂਸਲਰ ਗੁਰਜੀਤ ਸਿੰਘ, ਸਾਬਕਾ ਪ੍ਰਧਾਨ ਸੰਤੋਖ ਸਿੰਘ, ਚਰਨਜੀਤ ਸਿੰਘ, ਮਨਜੀਤ ਸਿੰਘ, ਆਰ.ਪੀ. ਕੰਬੋਜ, ਆਰ.ਕੇ. ਗੁਪਤਾ, ਸੁਖਦੇਵ ਸਿੰਘ, ਇੰਦਰਜੀਤ ਸਿੰਘ ਸਮੇਤ ਹੋਰ ਵੈੱਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਹਾਜ਼ਰ ਸਨ। ਬਾਕਸ: ਗਮਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਰਿਸ਼ੀ ਨੇ ਵਫ਼ਦ ਨੂੰ ਉਪਰੋਕਤ ਬਹੁ-ਮੰਜ਼ਿਲਾਂ ਸੁਸਾਇਟੀ ਬਾਬਤ ਮਨਜ਼ੂਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ 1.70 ਏਕੜ ਜ਼ਮੀਨ ਪ੍ਰਾਈਵੇਟ ਸੁਸਾਇਟੀ ਨੂੰ ਅਲਾਟ ਕੀਤੀ ਗਈ ਸੀ ਅਤੇ ਪਹਿਲਾਂ ਬਿਲਡਿੰਗ ਪਲਾਨ ਮਨਜ਼ੂਰ ਹੋ ਚੁੱਕਾ ਹੈ। ਹੁਣ ਸੁਸਾਇਟੀ ਵੱਲੋਂ ਫਲੈਟਾਂ ਸਬੰਧੀ ਸੋਧਿਆ ਹੋਇਆ ਪਲਾਨ ਪੇਸ਼ ਕੀਤਾ ਗਿਆ ਹੈ। ਇਸ ਸਬੰਧੀ ਵਿਸ਼ੇਸ਼ ਕਮੇਟੀ ਵੱਲੋਂ ਤਕਨੀਕੀ ਪੱਖਾਂ ਤੋਂ ਪੜਤਾਲ ਕੀਤੀ ਜਾ ਰਹੀ ਹੈ।