ਚੰਡੀਗੜ੍ਹ ਯੂਨੀਵਰਸਿਟੀ ਦੇ 1,342 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਚੰਡੀਗੜ੍ਹ ਯੂਨੀਵਰਸਿਟੀ ਦੇ 1,342 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ
Publish Date: Wed, 23 Sep 2026 07:22 PM (IST)
Updated Date: Wed, 23 Sep 2026 07:24 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਚੰਡੀਗੜ੍ਹ ਯੂਨੀਵਰਸਿਟੀ ਵਿਖੇ ਸ਼ਾਨਦਾਰ ਸਮਾਰੋਹ ਦੌਰਾਨ 2025-26 ਬੈਚ ਦੇ ਅੰਡਰ-ਗ੍ਰੈਜੂਏਟ ਸੀ.ਐੱਸ.ਈ. ਇੰਜੀਨੀਅਰਿੰਗ ਵਿਦਿਆਰਥੀਆਂ ਲਈ ਸਾਲਾਨਾ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ 1,342 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਡਿਸ਼ ਟੀਵੀ ਇੰਡੀਆ ਦੇ ਸੀਈਓ ਮਨੋਜ ਡੋਭਾਲ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਐਸ.ਐਸ. ਸਹਿਗਲ ਅਤੇ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਮਨੋਜ ਡੋਭਾਲ ਨੇ ਕਿਹਾ, ਅੱਜ ਭਾਰਤ ਅਜਿਹੇ ਪੜਾਅ ਤੇ ਹੈ ਜਿੱਥੇ ਸਿਰਫ਼ ਦੁਨੀਆ ਵੱਲੋਂ ਬਣਾਈਆਂ ਚੀਜ਼ਾਂ ਦੀ ਵਰਤੋਂ ਕਰਨ ਦਾ ਹੀ ਨਹੀਂ, ਸਗੋਂ ਭਾਰਤ ਲਈ ਹੱਲ ਤਿਆਰ ਕਰਨ ਅਤੇ ਉਨ੍ਹਾਂ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਮੌਕਾ ਵੀ ਮੌਜੂਦ ਹੈ। ਮੇਕ ਇਨ ਇੰਡੀਆ ਮੁਹਿੰਮ ਨੂੰ ਅਗਲੇ ਪੱਧਰ ਤੇ ਲਿਜਾਉਣ ਦੀ ਲੋੜ ਹੈ ਭਾਵ ਭਾਰਤ ਲਈ ਉਸਾਰੀ ਕਰਨੀ ਅਤੇ ਭਾਰਤ ’ਚ ਹੀ ਚੀਜ਼ਾਂ ਬਣਾਉਣੀਆਂ। 1.4 ਅਰਬ ਦੀ ਆਬਾਦੀ ਅਤੇ ਤੇਜ਼ੀ ਨਾਲ ਵਧ ਰਹੀ ਆਰਥਿਕਤਾ ਦੇ ਨਾਲ, ਭਾਰਤ ਮੌਕਿਆਂ ਦੀ ਧਰਤੀ ਹੈ, ਅਤੇ 2047 ਤੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ’ਚ ਨੌਜਵਾਨਾਂ ਦੀ ਬਹੁਤ ਅਹਿਮ ਭੂਮਿਕਾ ਹੈ। ਅਜੋਕੇ ਨੌਜਵਾਨਾਂ ਨੂੰ ਨੌਕਰੀ ਦੇ ਪਿੱਛੇ ਨਹੀਂ, ਸਗੋਂ ਕਿਸੇ ਸਮੱਸਿਆ ਦੇ ਹੱਲ ਲੱਭਣ ਵੱਲ ਧਿਆਨ ਦੇਣਾ ਚਾਹੀਦਾ ਹੈ। ਸਾਡੇ ਆਲੇ-ਦੁਆਲੇ ਕਈ ਸਮੱਸਿਆਵਾਂ ਮੌਜੂਦ ਹਨ। ਉਨ੍ਹਾਂ ਨੇ ਗ੍ਰੈਜੂਏਟਾਂ ਨੂੰ ਕਿਸਾਨਾਂ, ਪਿੰਡਾਂ ਅਤੇ ਕਾਰੋਬਾਰਾਂ ਲਈ ਸਮੱਸਿਆਵਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਉਤਪਾਦਾਂ, ਉੱਦਮਾਂ, ਐਪਲੀਕੇਸ਼ਨਾਂ ਅਤੇ ਤਕਨਾਲੋਜੀ-ਅਧਾਰਤ ਹੱਲਾਂ ’ਚ ਬਦਲਣ ਦੀ ਯੋਗਤਾ ਵਿਕਸਤ ਕਰਨ ਦੀ ਅਪੀਲ ਕੀਤੀ। ਸੈਟਿਨ ਫਿਨਸਰਵ ਲਿਮਟਿਡ ਦੇ ਐੱਮਡੀ ਪ੍ਰਮੋਦ ਮਰਾਰ ਨੇ ਕਿਹਾ, ਜਦੋਂ ਤੁਸੀਂ ਯੂਨੀਵਰਸਿਟੀ ਤੋਂ ਨਿਕਲ ਕੇ ਅਸਲ ਦੁਨੀਆ ਵਿਚ ਕਦਮ ਰੱਖਦੇ ਹੋ, ਤਾਂ ਸਭ ਤੋਂ ਮਹੱਤਵਪੂਰਨ ਚੀਜ਼ਾਂ ’ਚੋਂ ਇਕ ਜੋ ਤੁਸੀਂ ਆਪਣੇ ਨਾਲ ਲੈ ਕੇ ਜਾਂਦੇ ਹੋ, ਉਹ ਸਿਰਫ਼ ਇਹ ਨਹੀਂ ਹੈ ਕਿ ਤੁਸੀਂ ਕੀ ਸਿੱਖਿਆ ਹੈ, ਸਗੋਂ ਇਹ ਹੈ ਕਿ ਤੁਸੀਂ ਲੋਕਾਂ ਨਾਲ ਕਿਵੇਂ ਪੇਸ਼ ਆਉਂਦੇ ਹੋ। ਕਾਰਪੋਰੇਟ ਜਗਤ ’ਚ 25 ਸਾਲਾਂ ਤੋਂ ਵੱਧ ਦੇ ਆਪਣੇ ਤਜ਼ਰਬੇ ’ਚ ਮੈਂ ਸਿੱਖਿਆ ਹੈ ਕਿ ਲੋਕਾਂ ਨਾਲ ਜੁੜਨਾ ਅਤੇ ਉਨ੍ਹਾਂ ਨਾਲ ਵਧੀਆ ਤਾਲਮੇਲ ਬਣਾਉਣਾ ਅੰਤ ’ਚ ਅਸਲ ਫਰਕ ਲਿਆਉਂਦਾ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਐਸ.ਐਸ. ਸਹਿਗਲ ਨੇ ਕਿਹਾ, ਅੱਜ ਤਕਨੀਕ ਦੇ ਨਾਲ-ਨਾਲ ਉਦਯੋਗ ਦੀਆਂ ਉਮੀਦਾਂ ਅਤੇ ਤੁਹਾਡੀਆਂ ਇੱਛਾਵਾਂ ਤੇਜ਼ੀ ਨਾਲ ਬਦਲ ਰਹੀਆਂ ਹਨ। ਕੰਪਿਊਟਰ ਸਾਇੰਸ ਗ੍ਰੈਜੂਏਟ ਹੋਣ ਦੇ ਨਾਤੇ ਤੁਸੀਂ ਜੋ ਵਿਸ਼ੇਸ਼ ਹੁਨਰ ਹਾਸਲ ਕੀਤੇ ਹਨ, ਉਹ ਤੁਹਾਡੇ ਕਰੀਅਰ ’ਚ ਅੱਗੇ ਵਧਣ ਦੇ ਨਾਲ-ਨਾਲ ਹੋਰ ਵੀ ਮਹੱਤਵਪੂਰਨ ਬਣਦੇ ਜਾਣਗੇ। ਡਿਗਰੀ ਪੂਰੀ ਹੋਣਾ ਕੋਈ ਅੰਤ ਨਹੀਂ, ਸਗੋਂ ਸਿੱਖਣ ਅਤੇ ਵਿਕਾਸ ਦੇ ਇਕ ਨਵੇਂ ਪੜਾਅ ਦੀ ਸ਼ੁਰੂਆਤ ਹੈ।