ਮਿਕਸਚਰ ਟਰੱਕਾਂ ਤੋਂ ਡਿੱਗ ਰਿਹਾ ਮਲਬਾ ਦੇ ਰਿਹਾ ਹਾਦਸਿਆਂ ਨੂੰ ਸੱਦਾ, ਪ੍ਰਸ਼ਾਸਨ ਖ਼ਾਮੋਸ਼ ਮਿਕਸਚਰ ਟਰੱਕਾਂ ਤੋਂ ਡਿੱਗ ਰਿਹਾ ਮਲਬਾ ਦੇ ਰਿਹਾ ਹਾਦਸਿਆਂ ਨੂੰ ਸੱਦਾ, ਪ੍ਰਸ਼ਾਸਨ ਖ਼ਾਮੋਸ਼
Publish Date: Wed, 09 Sep 2026 05:57 PM (IST)
Updated Date: Wed, 09 Sep 2026 05:58 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ-ਬਰਵਾਲਾ ਮੁੱਖ ਮਾਰਗ ’ਤੇ ਸਥਿਤ ਪਿੰਡ ਭਗਵਾਨਪੁਰ ਦੇ ਨੇੜੇ ਰੋਜ਼ਾਨਾ ਲੰਘਦੇ ਰੈਡੀ-ਮਿਕਸਚਰ (ਕੰਕਰੀਟ) ਟਰੱਕਾਂ ਤੋਂ ਡਿੱਗ ਰਿਹਾ ਮਲਬਾ ਅਤੇ ਸੁੱਕ ਕੇ ਬਣ ਰਹੀ ਬੱਜਰੀ-ਰੇਤਾ ਵਾਹਨ ਚਾਲਕਾਂ ਲਈ ਜਾਨ ਦਾ ਖੌਅ ਬਣ ਚੁੱਕੀ ਹੈ। ਸਥਾਨਕ ਲੋਕਾਂ ਅਤੇ ਰਾਹਗੀਰਾਂ ਅਨੁਸਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਦੇਖੀ ਕਾਰਨ ਇੱਥੇ ਹਰ ਵੇਲੇ ਵੱਡਾ ਹਾਦਸਾ ਵਾਪਰਨ ਦਾ ਖ਼ਤਰਾ ਮੰਡਰਾ ਰਿਹਾ ਧਿਆਨ ਹੈ, ਪਰ ਸਬੰਧਤ ਵਿਭਾਗ ਅੱਖਾਂ ਮੀਚ ਕੇ ਬੈਠਾ ਹੈ। ਡੇਰਾਬੱਸੀ-ਬਰਵਾਲਾ ਰੋਡ ’ਤੇ ਖਿੱਲਰੇ ਕੰਕਰੀਟ ਅਤੇ ਸੁੱਕੇ ਮਿਕਸਚਰ ਕਾਰਨ ਸੜਕ ਹਾਦਸਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਭ ਤੋਂ ਵੱਧ ਪਰੇਸ਼ਾਨੀ ਦੁਪਹੀਆ ਵਾਹਨ ਚਾਲਕਾਂ ਨੂੰ ਝੱਲਣੀ ਪੈ ਰਹੀ ਹੈ। ਅਚਾਨਕ ਬਰੇਕ ਲਗਾਉਣ ਜਾਂ ਮੋੜ ਕੱਟਣ ਸਮੇਂ ਸਕੂਟਰ-ਮੋਟਰਸਾਈਕਲ ਤਿਲਕ ਜਾਂਦੇ ਹਨ, ਜਿਸ ਕਾਰਨ ਅਨੇਕਾਂ ਵਾਹਨ ਚਾਲਕ ਹੁਣ ਤੱਕ ਡਿੱਗ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਚੁੱਕੇ ਹਨ। ਰਾਤ ਦੇ ਸਮੇਂ ਇਹ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ। ਇਲਾਕਾ ਨਿਵਾਸੀਆਂ ਦਾ ਦੋਸ਼ ਹੈ ਕਿ ਨਿਰਮਾਣ ਸਮੱਗਰੀ ਲੈ ਕੇ ਜਾਣ ਵਾਲੇ ਮਿਕਸਚਰ ਟਰੱਕਾਂ ਵਾਲੇ ਓਵਰਲੋਡਿੰਗ ਕਰਦੇ ਹਨ ਅਤੇ ਟਰੱਕਾਂ ਦੇ ਪਿੱਛੇ ਸੁਰੱਖਿਆ ਢੱਕਣ ਜਾਂ ਤਰਪਾਲ ਦੀ ਵਰਤੋਂ ਨਹੀਂ ਕਰਦੇ। ਚਲਦੇ ਟਰੱਕਾਂ ਵਿਚੋਂ ਗਿੱਲਾ ਮਿਕਸਚਰ ਸੜਕ ’ਤੇ ਡਿੱਗਦਾ ਰਹਿੰਦਾ ਹੈ, ਜੋ ਬਾਅਦ ਵਿਚ ਸੁੱਕ ਕੇ ਸੜਕ ’ਤੇ ਜੰਮ ਜਾਂਦਾ ਹੈ। ਪਿੰਡ ਭਗਵਾਨਪੁਰ ਦੇ ਨੰਬੜਦਾਰ ਸੁਰਮੁਖ ਸਿੰਘ ਅਤੇ ਆਸ-ਪਾਸ ਦੇ ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮਿਕਸਚਰ ਟਰੱਕ ਮਾਲਕਾਂ ਅਤੇ ਚਾਲਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਹੀ ਸੜਕ ਦੀ ਸਫ਼ਾਈ ਨਾ ਕਰਵਾਈ ਗਈ ਅਤੇ ਲਾਪਰਵਾਹ ਟਰੱਕਾਂ ਤੇ ਠੱਲ੍ਹ ਨਾ ਪਾਈ ਗਈ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।