ਡੀਸੀ ਵੱਲੋਂ ਮੰਡੀਆਂ ’ਚ ਕਣਕ ਦੀ ਆਮਦ ਅਤੇ ਸਟੋਰੇਜ ਪ੍ਰਬੰਧਾਂ ਦੀ ਸਮੀਖਿਆ, ਤੁਰੰਤ ਖ਼ਰੀਦ ਸ਼ੁਰੂ ਕਰਨ ਦੇ ਹੁਕਮ
ਡੀਸੀ ਵੱਲੋਂ ਮੰਡੀਆਂ ਵਿਚ ਕਣਕ ਦੀ ਆਮਦ ਅਤੇ ਸਟੋਰੇਜ ਪ੍ਰਬੰਧਾਂ ਦੀ ਸਮੀਖਿਆ
Publish Date: Thu, 02 Apr 2026 06:45 PM (IST)
Updated Date: Thu, 02 Apr 2026 06:46 PM (IST)

ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਡੀਸੀ ਕੋਮਲ ਮਿੱਤਲ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਵਿਚ ਕਣਕ ਦੀ ਆਮਦ ਅਤੇ ਸਟੋਰੇਜ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਅਤੇ ਸਾਰੀਆਂ ਖ਼ਰੀਦ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਜਿਨ੍ਹਾਂ ਮੰਡੀਆਂ ਵਿਚ ਆਮਦ ਸ਼ੁਰੂ ਹੋ ਗਈ ਹੈ, ਉੱਥੇ ਤੁਰੰਤ ਖ਼ਰੀਦ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਇਸ ਸਮੀਖਿਆ ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਗੀਤਿਕਾ ਸਿੰਘ, ਐੱਸਡੀਐੱਮ ਅਮਿਤ ਗੁਪਤਾ ਡੇਰਾਬੱਸੀ, ਗੁਰਮੀਤ ਸਿੰਘ ਖਰੜ ਅਤੇ ਦਮਨਦੀਪ ਕੌਰ ਮੁਹਾਲੀ ਦੇ ਨਾਲ-ਨਾਲ ਸਾਰੀਆਂ ਖ਼ਰੀਦ ਏਜੰਸੀਆਂ ਦੇ ਜ਼ਿਲ੍ਹਾ ਇੰਚਾਰਜ, ਜ਼ਿਲ੍ਹਾ ਮੰਡੀ ਅਫ਼ਸਰ ਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਸਾਰੇ ਐੱਸਡੀਐੱਮਜ਼ ਨੂੰ ਨਿਰਦੇਸ਼ ਦਿੱਤੇ ਕਿ ਉਹ ਮੰਡੀਆਂ ਅਤੇ ਸਟੋਰੇਜ ਥਾਵਾਂ ਦੇ ਨਿਯਮਿਤ ਤੌਰ ’ਤੇ ਦੌਰੇ ਕਰਨ ਅਤੇ ਮੌਕੇ ’ਤੇ ਹੀ ਸਮੱਸਿਆਵਾਂ ਦਾ ਹੱਲ ਯਕੀਨੀ ਬਣਾਉਣ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮੰਡੀਆਂ ਵਿਚ ਸਫ਼ਾਈ, ਪੀਣ ਵਾਲੇ ਪਾਣੀ ਦੀ ਉਪਲਬੱਧਤਾ, ਪਖ਼ਾਨਿਆਂ ਦੀ ਸੁਵਿਧਾ, ਰੌਸ਼ਨੀ ਅਤੇ ਹੋਰ ਸਾਰੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਪੂਰੇ ਕੀਤੇ ਜਾਣ। ਉਨ੍ਹਾਂ ਨੇ ਸਾਰੀਆਂ ਖ਼ਰੀਦ ਏਜੰਸੀਆਂ ਦੇ ਜ਼ਿਲ੍ਹਾ ਮੁਖੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਅਧੀਨ ਆਉਂਦੇ ਕਮਿਸ਼ਨ ਏਜੰਟਾਂ ਤੇ ਹੋਰ ਭਾਗੀਦਾਰਾਂ ਨਾਲ ਸਹਿਯੋਗ ਬਣਾਈ ਰੱਖਣ ਅਤੇ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੂਰੇ ਪ੍ਰਬੰਧ ਯਕੀਨੀ ਬਣਾਉਣ। ਡੀਸੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਬਣਾਏ ਗਏ 19 ਖ਼ਰੀਦ ਕੇਂਦਰਾਂ ਵਿਚੋਂ ਬਨੂੜ, ਲਾਲੜੂ ਅਤੇ ਸਮਗੌਲੀ ਮੰਡੀਆਂ ਵਿਚ ਮੁੱਢਲੇ ਤੌਰ ’ਤੇ ਕਣਕ ਦੀ ਆਮਦ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ, ਇਸ ਲਈ ਸਹਿਯੋਗੀ ਰਵੱਈਏ ਨਾਲ ਕੰਮ ਕਰਦੇ ਹੋਏ ਖ਼ਰੀਦ ਮੌਸਮ ਨੂੰ ਸੁਚਾਰੂ ਅਤੇ ਸਫ਼ਲ ਬਣਾਇਆ ਜਾਵੇ।