ਡੀਸੀ ਤੇ ਵਿਧਾਇਕ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-ਸੀਜ਼ਨ 4’ ਦਾ ਸ਼ਡਿਊਲ ਜਾਰੀ ਡੀਸੀ ਅਤੇ ਵਿਧਾਇਕ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ–ਸੀਜ਼ਨ 4’ ਦਾ ਸ਼ਡਿਊਲ ਜਾਰੀ
Publish Date: Thu, 10 Sep 2026 06:50 PM (IST)
Updated Date: Thu, 10 Sep 2026 06:52 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਤੇ ਵਿਧਾਇਕ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੁਹਾਲੀ ਵਿਖੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ‘ਖੇਡਾਂ ਵਤਨ ਪੰਜਾਬ ਦੀਆਂ-ਸੀਜ਼ਨ 4’ ਦੇ ਮੁਕਾਬਲਿਆਂ ਦਾ ਸ਼ਡਿਊਲ ਜਾਰੀ ਕੀਤਾ। ਜਾਰੀ ਕੀਤੇ ਸ਼ਡਿਊਲ ਅਨੁਸਾਰ ਬਲਾਕ ਪੱਧਰੀ ਮੁਕਾਬਲੇ 12 ਤੋਂ 14 ਸਤੰਬਰ, ਜ਼ਿਲ੍ਹਾ ਪੱਧਰੀ ਮੁਕਾਬਲੇ 20 ਤੋਂ 30 ਸਤੰਬਰ ਅਤੇ ਰਾਜ ਪੱਧਰੀ ਮੁਕਾਬਲੇ 10 ਅਕਤੂਬਰ ਤੋਂ 23 ਨਵੰਬਰ ਤੱਕ ਕਰਵਾਏ ਜਾਣਗੇ। ਸੂਬਾ ਪੱਧਰ ’ਤੇ ਚਾਰ ਪੈਰਾ-ਸਪੋਰਟਸ ਮੁਕਾਬਲੇ ਵੀ ਕਰਵਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਇਤਿਹਾਸ ਵਿਚ ਪਹਿਲੀ ਵਾਰ ਟੈਨਿਸ ਬਾਲ ਕ੍ਰਿਕਟ ਨੂੰ ਮੁਕਾਬਲਿਆਂ ਵਿਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਟੈਨਿਸ ਬਾਲ ਕ੍ਰਿਕਟ ਵਿਚ ਲੜਕੀਆਂ ਦੀਆਂ ਟੀਮਾਂ ਵੀ ਹਿੱਸਾ ਲੈ ਸਕਣਗੀਆਂ। ਵਿਧਾਇਕ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਨੇ ਬਲਾਕ ਪੱਧਰ ’ਤੇ 8, ਜ਼ਿਲ੍ਹਾ ਪੱਧਰ ’ਤੇ 29 ਅਤੇ ਸੂਬਾ ਪੱਧਰ ’ਤੇ 38 ਖੇਡਾਂ ਕਰਵਾਈਆਂ ਜਾਣਗੀਆਂ। ਸੂਬਾ ਪੱਧਰ ’ਤੇ ਐਥਲੈਟਿਕਸ, ਬੈਡਮਿੰਟਨ, ਪਾਵਰਲਿਫਟਿੰਗ ਅਤੇ ਵ੍ਹੀਲਚੇਅਰ ਬਾਸਕਟਬਾਲ ਸਮੇਤ ਚਾਰ ਪੈਰਾ-ਸਪੋਰਟਸ ਮੁਕਾਬਲੇ ਵੀ ਹੋਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਡਰ-14 ਤੋਂ ਲੈ ਕੇ 70 ਉਮਰ ਵਰਗ ਤੱਕ ਦੇ ਖਿਡਾਰੀ ਅਤੇ ਖੇਡ ਪ੍ਰੇਮੀ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈ ਸਕਦੇ ਹਨ। ਰਜਿਸਟ੍ਰੇਸ਼ਨ ਪੰਜਾਬ ਖੇਡ ਵਿਭਾਗ ਦੇ ਨਿਰਧਾਰਤ ਆਨਲਾਈਨ ਪੋਰਟਲ ਰਾਹੀਂ ਕੀਤੀ ਜਾ ਸਕਦੀ ਹੈ। ਲੋੜ ਪੈਣ ’ਤੇ ਸਟੇਡੀਅਮਾਂ ਵਿਖੇ ਆਫ਼ਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਵੀ ਉਪਲਬਧ ਕਰਵਾਈ ਜਾਵੇਗੀ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰ ਵੀ ਹਾਜ਼ਰ ਸਨ।