ਖ਼ਤਰੇ ਦੀ ਘੰਟੀ : ਟੁੱਟਿਆ ਬਿਜਲੀ ਦਾ ਖੰਭਾ ਦੇ ਰਿਹਾ ਹਾਦਸਿਆਂ ਨੂੰ ਸੱਦਾ
ਖ਼ਤਰੇ ਦੀ ਘੰਟੀ : ਟੁੱਟਿਆ ਬਿਜਲੀ ਦਾ ਖੰਭਾ ਦੇ ਰਿਹਾ ਹਾਦਸਿਆਂ ਨੂੰ ਸੱਦਾ
Publish Date: Fri, 03 Apr 2026 05:27 PM (IST)
Updated Date: Fri, 03 Apr 2026 05:31 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਦੇ ਅਧੀਨ ਆਉਂਦੇ ਪਿੰਡ ਕੁੜਾਵਾਲਾ ਤੋਂ ਹਰੀਪੁਰ ਹਿੰਦੂਆਂ ਨੂੰ ਜੋੜਨ ਵਾਲੀ ਮੁੱਖ ਸੜਕ ’ਤੇ ਬਿਜਲੀ ਦਾ ਇਕ ਟੁੱਟਿਆ ਹੋਇਆ ਖੰਭਾ ਪਿਛਲੇ ਕਾਫ਼ੀ ਸਮੇਂ ਤੋਂ ਰਾਹਗੀਰਾਂ ਅਤੇ ਸਥਾਨਕ ਨਿਵਾਸੀਆਂ ਲਈ ਮੌਤ ਦਾ ਖੋਹ ਬਣਿਆ ਹੋਇਆ ਹੈ। ਸੜਕ ਕਿਨਾਰੇ ਵਿਚਕਾਰੋਂ ਟੁੱਟਿਆ ਅਤੇ ਝੁਕਿਆ ਹੋਇਆ ਇਹ ਖੰਭਾ ਕਿਸੇ ਵੀ ਵੇਲੇ ਡਿੱਗ ਕੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਪਾਵਰਕਾਮ ਵਿਭਾਗ ਦੇ ਅਧਿਕਾਰੀ ਸਭ ਕੁਝ ਜਾਣਦੇ ਹੋਏ ਵੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਸਥਾਨਕ ਲੋਕਾਂ ਅਨੁਸਾਰ ਇਹ ਖੰਭਾ ਵਿਚਕਾਰ ਤੋਂ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ ਅਤੇ ਸਿਰਫ਼ ਬਿਜਲੀ ਦੀਆਂ ਤਾਰਾਂ ਦੇ ਸਹਾਰੇ ਹੀ ਖੜ੍ਹਾ ਹੈ। ਇਹ ਰੋਡ ਕਾਫ਼ੀ ਰੁਝੇਵੇਂ ਵਾਲਾ ਹੈ, ਜਿੱਥੋਂ ਰੋਜ਼ਾਨਾ ਸੈਂਕੜੇ ਵਾਹਨ ਅਤੇ ਸਕੂਲੀ ਬੱਚੇ ਗੁਜ਼ਰਦੇ ਹਨ। ਰਾਤ ਦੇ ਸਮੇਂ ਹਨੇਰੇ ਵਿਚ ਇਹ ਟੁੱਟਿਆ ਖੰਭਾ ਹੋਰ ਵੀ ਖ਼ਤਰਨਾਕ ਸਾਬਤ ਹੁੰਦਾ ਹੈ। ਲੋਕਾਂ ਨੇ ਦੱਸਿਆ ਕਿ ਕਈ ਵਾਰ ਤੇਜ਼ ਹਵਾ ਚੱਲਣ ਕਾਰਨ ਖੰਭਾ ਹਿੱਲਣ ਲੱਗਦਾ ਹੈ, ਜਿਸ ਨਾਲ ਆਸ-ਪਾਸ ਦੇ ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਅਤੇ ਰਾਹਗੀਰਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਕਈ ਵਾਰ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ, ਪਰ ਅਜੇ ਤੱਕ ਕਿਸੇ ਨੇ ਵੀ ਇਸ ਨੂੰ ਬਦਲਣ ਦੀ ਜ਼ਹਿਮਤ ਨਹੀਂ ਉਠਾਈ। ਲੋਕਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਸ਼ਾਇਦ ਵਿਭਾਗ ਕਿਸੇ ਵੱਡੇ ਜਾਨੀ-ਮਾਲੀ ਨੁਕਸਾਨ ਦੀ ਉਡੀਕ ਕਰ ਰਿਹਾ ਹੈ, ਉਸ ਤੋਂ ਬਾਅਦ ਹੀ ਸ਼ਾਇਦ ਅਧਿਕਾਰੀਆਂ ਦੀ ਅੱਖ ਖੁੱਲ੍ਹੇਗੀ। ਪਿੰਡ ਵਾਸੀਆਂ ਅਤੇ ਰਾਹਗੀਰਾਂ ਨੇ ਪਾਵਰਕਾਮ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਥਾਨਕ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਟੁੱਟੇ ਹੋਏ ਖੰਭੇ ਨੂੰ ਤੁਰੰਤ ਬਦਲਿਆ ਜਾਵੇ ਅਤੇ ਨਵਾਂ ਖੰਭਾ ਲਗਾ ਕੇ ਬਿਜਲੀ ਦੀਆਂ ਤਾਰਾਂ ਨੂੰ ਦਰੁਸਤ ਕੀਤਾ ਜਾਵੇ, ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਵਿਭਾਗ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ। ਜਦੋਂ ਇਸ ਬਾਰੇ ਐੱਸਡੀਓ ਪਾਵਰਕਾਮ ਵਿਭਾਗ ਡੇਰਾਬੱਸੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਪਰ ਉਹ ਜਲਦ ਹੀ ਬਿਜਲੀ ਕਰਮਚਾਰੀਆਂ ਨੂੰ ਭੇਜਕੇ ਖੰਭੇ ਨੂੰ ਠੀਕ ਕਰਵਾ ਦੇਣਗੇ।