‘ਪੰਜਾਬ ਦਾ ਕਰੋੜਪਤੀ’ ਮੁਕਾਬਲੇ ਨਾਲ ਨਿਖਰੇਗੀ ਨੌਜਵਾਨਾਂ ਦੀ ਬੌਧਿਕ ਸਮਰੱਥਾ : ਚੀਮਾ ਨੌਜਵਾਨਾਂ ਦੀ ਬੌਧਿਕ ਸਮਰੱਥਾ ਨੂੰ ਨਿਖਾਰੇਗਾ ‘ਕਰੋੜਪਤੀ’ ਮੁਕਾਬਲਾ : ਵਿੱਤ ਮੰਤਰੀ
Publish Date: Fri, 20 Nov 2026 09:31 PM (IST)
Updated Date: Fri, 20 Nov 2026 09:34 PM (IST)
ਵਿਦਿਆਰਥੀਆਂ ਨੂੰ ਆਨਲਾਈਨ ਮੁਕਾਬਲੇ ’ਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਸਰਕਾਰ ਦੇ ‘ਪੰਜਾਬ ਦਾ ਕਰੋੜਪਤੀ’ ਪ੍ਰੋਗਰਾਮ ਨੂੰ ਨੌਜਵਾਨਾਂ ਦੀ ਬੌਧਿਕ ਸਮਰੱਥਾ ਨਿਖਾਰਨ, ਗਿਆਨ ਵਧਾਉਣ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਲਾਹੇਵੰਦ ਮੰਚ ਦੱਸਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਦਿਆਰਥੀਆਂ ਨੂੰ ਇਸ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਰਿਆਤ ਤੇ ਬਾਹਰਾ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨਾਲ ਸੰਵਾਦ ਦੌਰਾਨ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਇਹ ਪਹਿਲਕਦਮੀ ਨੌਜਵਾਨਾਂ ਦੀ ਊਰਜਾ ਨੂੰ ਸਿੱਖਿਆ, ਗਿਆਨ ਅਤੇ ਉਸਾਰੂ ਮੁਕਾਬਲੇਬਾਜ਼ੀ ਵੱਲ ਸੇਧਿਤ ਕਰੇਗੀ। ਮੁਕਾਬਲੇ ਵਿੱਚ ਪੰਜਾਬ ਦੇ ਇਤਿਹਾਸ, ਭੂਗੋਲ, ਕਲਾ, ਸੱਭਿਆਚਾਰ, ਆਮ ਗਿਆਨ, ਸਮਕਾਲੀ ਮਾਮਲਿਆਂ ਅਤੇ ਸ਼ਾਸਨ ਪ੍ਰਬੰਧ ਨਾਲ ਜੁੜੇ ਸਵਾਲ ਪੁੱਛੇ ਜਾਣਗੇ। ਸਿਪਾਹੀ ਤੋਂ ਪੀਸੀਐੱਸ ਤੱਕ ਦੀਆਂ ਭਰਤੀ ਪ੍ਰੀਖਿਆਵਾਂ ਦੇ ਪੈਟਰਨ ਮੁਤਾਬਕ ਤਿਆਰ ਕੀਤੇ ਸਵਾਲ ਨੌਜਵਾਨਾਂ ਨੂੰ ਭਵਿੱਖ ਦੀਆਂ ਪ੍ਰੀਖਿਆਵਾਂ ਲਈ ਵੀ ਤਿਆਰ ਕਰਨਗੇ। ਉਨ੍ਹਾਂ ਦੱਸਿਆ ਕਿ ਮੁਕਾਬਲੇ ਦੇ ਆਨਲਾਈਨ ਪੜਾਅ 21 ਨਵੰਬਰ ਤੋਂ ਸ਼ੁਰੂ ਹੋਣਗੇ। ਪੰਜਾਬ ਦੇ 15 ਤੋਂ 30 ਸਾਲ ਉਮਰ ਵਰਗ ਦੇ ਵਸਨੀਕ ਇਸ ਵਿੱਚ ਹਿੱਸਾ ਲੈ ਸਕਦੇ ਹਨ। ਮੁਕਾਬਲੇ ਦੇ ਕੁੱਲ 11 ਪੜਾਅ ਹੋਣਗੇ, ਜਿਨ੍ਹਾਂ ਵਿੱਚੋਂ ਪਹਿਲੇ ਨੌਂ ਆਨਲਾਈਨ, ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲਾ ਅਤੇ ਅੰਤ ਵਿੱਚ ਸੂਬਾ ਪੱਧਰੀ ਫਾਈਨਲ ਹੋਵੇਗਾ। ਸੂਬਾ ਪੱਧਰੀ ਜੇਤੂ ਨੂੰ ਇਕ ਕਰੋੜ ਰੁਪਏ, ਚਾਰ ਉਪ ਜੇਤੂਆਂ ਨੂੰ 10-10 ਲੱਖ ਅਤੇ ਲੀਡਰਬੋਰਡ ਵਿੱਚ ਥਾਂ ਬਣਾਉਣ ਵਾਲੇ ਅੱਠ ਹੋਰ ਭਾਗੀਦਾਰਾਂ ਨੂੰ ਪੰਜ-ਪੰਜ ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਇਸ ਤੋਂ ਇਲਾਵਾ ਵੱਖ-ਵੱਖ ਪੜਾਵਾਂ ਦੌਰਾਨ 10 ਹਜ਼ਾਰ ਭਾਗੀਦਾਰਾਂ ਨੂੰ ਇਨਾਮ ਮਿਲਣਗੇ। ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਉਪ ਕੁਲਪਤੀ ਸੰਜੇ ਕੁਮਾਰ, ਆਲਫ਼ਾ ਸਕੂਲ ਦੀ ਡਾਇਰੈਕਟਰ ਪੂਜਾ ਸ਼ਰਮਾ ਅਤੇ ਏਐੱਸਏਪੀ ਦੇ ਆਗੂ ਹਰਮਨਪ੍ਰੀਤ ਸਿੰਘ ਖੋਖਰ, ਰਮਨਪ੍ਰੀਤ ਸਿੰਘ ਟਿੰਕਾ ਤੇ ਪ੍ਰਭਨੂਰ ਸਿੰਘ ਬੇਦੀ ਵੀ ਮੌਜੂਦ ਸਨ। ਪ੍ਰਤਿਭਾ ਪਛਾਣਨ ਦਾ ਹੈ ਮੰਚ ਚੀਮਾ ਨੇ ਕਿਹਾ ਕਿ ਇਹ ਸਿਰਫ਼ ਪ੍ਰਸ਼ਨੋਤਰੀ ਮੁਕਾਬਲਾ ਨਹੀਂ, ਸਗੋਂ ਸਿੱਖਣ ਅਤੇ ਪ੍ਰਤਿਭਾ ਨੂੰ ਪਛਾਣਨ ਦਾ ਮੰਚ ਹੈ। ਭਾਗੀਦਾਰਾਂ ਨੂੰ ਹਰ ਸਵਾਲ ਦੇ ਸਹੀ ਜਵਾਬ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ, ਜਿਸ ਨਾਲ ਉਹ ਆਪਣਾ ਗਿਆਨ ਵਧਾ ਸਕਣਗੇ। ਉਨ੍ਹਾਂ ਵਿਦਿਆਰਥੀਆਂ ਨੂੰ ਆਨਲਾਈਨ ਪੋਰਟਲ ’ਤੇ ਰਜਿਸਟ੍ਰੇਸ਼ਨ ਕਰਵਾ ਕੇ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।