ਹਾਈਕੋਰਟ ਦੇ ਵਕੀਲ ਦੇ ਘਰੋਂ ਨਕਦ ਤੇ ਗਹਿਣੇ ਚੋਰੀ
ਜਾਗਰਣ ਸੰਵਾਦਦਾਤਾ, ਚੰਡੀਗੜ੍ਹ :
Publish Date: Mon, 16 Feb 2026 06:36 PM (IST)
Updated Date: Mon, 16 Feb 2026 06:39 PM (IST)

ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਸੈਕਟਰ-52 ਸਥਿਤ ਸਟੇਟ ਬੈਂਕ ਆਫ ਇੰਡੀਆ ਸੁਸਾਇਟੀ ’ਚ ਹਾਈਕੋਰਟ ਦੀ ਇੱਕ ਵਕੀਲ ਦੇ ਘਰ ’ਚੋਂ ਚੋਰ ਨੇ 2 ਲੱਖ ਰੁਪਏ ਨਕਦ ਸਮੇਤ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਇਸ ਮਾਮਲੇ ਦੀ ਸ਼ਿਕਾਇਤ ਵਕੀਲ ਦੇ ਪਤੀ ਕਪਿਲ ਚੌਧਰੀ ਨੇ ਪੁਲਿਸ ਨੂੰ ਦਿੱਤੀ। ਸ਼ਿਕਾਇਤ ਦੇ ਆਧਾਰ ’ਤੇ ਸੈਕਟਰ-36 ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਪਿਲ ਚੌਧਰੀ ਨੇ ਦੱਸਿਆ ਕਿ ਉਹ ਸੈਕਟਰ-52 ਸਥਿਤ ਸਟੇਟ ਬੈਂਕ ਆਫ ਇੰਡੀਆ ਸੁਸਾਇਟੀ ਵਿਚ ਅਜੀਤ ਸਿੰਘ ਟਿਵਾਨਾ ਦੇ ਕਮਰੇ ਵਿਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ 9 ਫਰਵਰੀ ਨੂੰ ਉਹ ਆਪਣੀ ਛੋਟੀ ਬੇਟੀ ਤੇਜਲ ਚੌਧਰੀ ਨੂੰ ਲੈਣ ਸੈਕਟਰ-47 ਸਥਿਤ ਮਾਊਂਟ ਕਾਰਮਲ ਸਕੂਲ ਗਏ ਸਨ। ਜਦੋਂ ਉਹ ਦੁਪਹਿਰ ਕਰੀਬ 12:55 ਵਜੇ ਘਰ ਵਾਪਸ ਆਏ ਤਾਂ ਉਨ੍ਹਾਂ ਦੇਖਿਆ ਕਿ ਕਮਰੇ ਦਾ ਤਾਲਾ ਤੋੜਿਆ ਹੋਇਆ ਸੀ। ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਤਾਲਾ ਵੀ ਤੋੜਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਅਲਮਾਰੀ ’ਚ ਉਨ੍ਹਾਂ ਦੀ ਪਤਨੀ ਕਮਲੇਸ਼ ਵੱਲੋਂ ਰੱਖੇ ਗਏ 2 ਲੱਖ ਰੁਪਏ ਨਕਦ ਗਾਇਬ ਸਨ। ਇਸ ਤੋਂ ਇਲਾਵਾ ਇੱਕ ਗੁਲਾਬੀ ਰੰਗ ਦਾ ਪਰਸ ਵੀ ਚੋਰੀ ਹੋ ਗਿਆ। ਪੀੜਤ ਅਨੁਸਾਰ ਪਰਸ ਵਿਚ ਦੋ ਮੰਗਲਸੂਤਰ, ਦੋ ਸੋਨੇ ਦੀਆਂ ਅੰਗੂਠੀਆਂ, ਦੋ ਸੋਨੇ ਦੇ ਕੰਗਨ ਅਤੇ ਇੱਕ ਸੋਨੇ ਦਾ ਮਿਨੀ ਸੈੱਟ ਰੱਖਿਆ ਹੋਇਆ ਸੀ। ਕਪਿਲ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਹਾਈਕੋਰਟ ਵਿਚ ਵਕੀਲ ਹਨ ਅਤੇ ਉਨ੍ਹਾਂ ਨੇ ਫੀਸ ਦੇ ਰੂਪ ਵਿਚ ਮਿਲੇ 2 ਲੱਖ ਰੁਪਏ ਅਲਮਾਰੀ ਵਿਚ ਰੱਖੇ ਹੋਏ ਸਨ। ਸੈਕਟਰ-36 ਪੁਲਿਸ ਨੇ ਕਪਿਲ ਚੌਧਰੀ ਦੇ ਬਿਆਨ ਦਰਜ ਕਰ ਕੇ ਮੁਲਜ਼ਮ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮ ਦੀ ਪਛਾਣ ਕੀਤੀ ਜਾ ਸਕੇ।