ਕੈਨਾਡਾ ਦਾ ਟੂਰਿਸਟ ਵੀਜ਼ਾ ਲਗਵਾਉਣ ਦੇ ਨਾਂ ’ਤੇ ਲੱਖਾਂ ਦੀ ਠੱਗੀ
- ਸੈਕਟਰ-17 ਦੀ ਇਮੀਗ੍ਰੇਸ਼ਨ
Publish Date: Mon, 16 Feb 2026 06:29 PM (IST)
Updated Date: Mon, 16 Feb 2026 06:33 PM (IST)

- ਸੈਕਟਰ-17 ਦੀ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਸਮੇਤ ਹੋਰਨਾਂ ਖ਼ਿਲਾਫ਼ ਕੇਸ ਦਰਜ ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਕੈਨਾਡਾ ਦੇ ਟੂਰਿਸਟ ਵੀਜ਼ਾ ਲਗਵਾਉਣ ਦੇ ਨਾਂ ’ਤੇ ਸੈਕਟਰ-17 ਸਥਿਤ ਇਮੀਗ੍ਰੇਸ਼ਨ ਕੰਪਨੀ ਨੇ ਖੁੱਡਾ ਜੱਸੂ ਦੇ ਰਹਿਣ ਵਾਲੇ ਵਿਅਕਤੀ ਤੋਂ ਲਗਪਗ 8 ਲੱਖ ਰੁਪਏ ਠੱਗ ਲਏ ਹਨ। ਪੀੜਤ ਦੀ ਸ਼ਿਕਾਇਤ ’ਤੇ ਸੈਕਟਰ-17 ਪੁਲਿਸ ਨੇ ਕੰਪਨੀ ਦੇ ਮਾਲਕ ਦੀਪਕ ਸ਼ਰਮਾ ਅਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਰਾਜਵੀਰ ਸਿੰਘ ਇਟਲੀ ਵਿਚ ਰਹਿੰਦਾ ਹੈ ਅਤੇ ਉਹ ਉਸ ਦਾ ਕੈਨੇਡਾ ਦਾ ਟੂਰਿਸਟ ਵੀਜ਼ਾ ਲਗਵਾਉਣਾ ਚਾਹੁੰਦੇ ਸਨ। ਇਸ ਸਬੰਧੀ ਸਾਲ 2024 ਵਿਚ ਉਹ ਸੈਕਟਰ-17 ਸਥਿਤ ਐੱਸਸੀਓ ਨੰਬਰ 76-79 ਵਿਚ ਚੱਲ ਰਹੀ ਸ਼੍ਰੀ ਰਾਮ ਓਵਰਸੀਜ਼ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਦੀਪਕ ਸ਼ਰਮਾ ਨਾਲ ਮਿਲੇ। ਗੁਰਦੀਪ ਸਿੰਘ ਅਨੁਸਾਰ ਦੋਸ਼ੀ ਨੇ ਵੀਜ਼ਾ ਲਗਵਾਉਣ ਲਈ ਕੁੱਲ 8.50 ਲੱਖ ਰੁਪਏ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 8 ਅਗਸਤ 2024 ਤਕ ਵੱਖ-ਵੱਖ ਕਿਸ਼ਤਾਂ ਵਿਚ ਮੁਲਜ਼ਮ ਨੂੰ 7 ਲੱਖ 95 ਹਜ਼ਾਰ ਰੁਪਏ ਦੇ ਦਿੱਤੇ। ਦੋਸ਼ ਹੈ ਕਿ ਰੁਪਏ ਲੈਣ ਦੇ ਬਾਵਜੂਦ ਮੁਲਜ਼ਮ ਨੇ ਵੀਜ਼ਾ ਨਹੀਂ ਲਗਾਇਆ। ਪੀੜਤ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਪੈਸੇ ਵਾਪਸ ਮੰਗਦੇ, ਮੁਲਜ਼ਮ ਹਰ ਵਾਰੀ ਟਾਲਮਟੋਲ ਕਰਦਾ ਰਿਹਾ। ਆਖਿਰਕਾਰ ਪਰੇਸ਼ਾਨ ਹੋ ਕੇ ਗੁਰਦੀਪ ਸਿੰਘ ਨੇ 14 ਅਕਤੂਬਰ 2025 ਨੂੰ ਪੁਲਿਸ ਹੈੱਡ ਕੁਆਰਟਰ ਵਿਚ ਲਿਖਤੀ ਸ਼ਿਕਾਇਤ ਦਿੱਤੀ। ਸ਼ਿਕਾਇਤ ਦੀ ਜਾਂਚ ਸੈਕਟਰ-17 ਪੁਲਿਸ ਨੂੰ ਸੌਂਪੀ ਗਈ। ਜਾਂਚ ਤੋਂ ਬਾਅਦ ਪੁਲਿਸ ਨੇ ਗੁਰਦੀਪ ਸਿੰਘ ਦੇ ਬਿਆਨ ਦਰਜ ਕਰ ਕੇ ਮੁਲਜ਼ਮ ਦੀਪਕ ਸ਼ਰਮਾ ਅਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਦੀ ਲਗਾਤਾਰ ਟਾਲ-ਮਟੋਲ ਕਾਰਨ ਉਹ ਮਾਨਸਿਕ ਤੌਰ ’ਤੇ ਵੀ ਪਰੇਸ਼ਾਨ ਰਹਿਣ ਲੱਗੇ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।