ਸੈਦਪੁਰਾ ’ਚ ਪ੍ਰਸਤਾਵਿਤ ਕਾਲੋਨੀ ਨੂੰ ਲੈ ਕੇ ਵਿਵਾਦ ਭਖਿਆ ਸੈਦਪੁਰਾ 'ਚ ਪ੍ਰਸਤਾਵਿਤ ਕਾਲੋਨੀ ਨੂੰ ਲੈ ਕੇ ਵਿਵਾਦ ਭਖਿਆ,
Publish Date: Fri, 27 Nov 2026 07:07 PM (IST)
Updated Date: Fri, 27 Nov 2026 07:10 PM (IST)
- ਢਾਈ-ਤਿੰਨ ਏਕੜ ਜ਼ਮੀਨ ’ਤੇ ਨਾਜਾਇਜ਼ ਪਲਾਟ ਕੱਟਣ ਦੇ ਦੋਸ਼ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਨੇੜਲੇ ਪਿੰਡ ਸੈਦਪੁਰਾ ’ਚ ਇਕ ਪਾਰਕ ਅਤੇ ਟੋਭੇ ਨਾਲ ਲੱਗਦੀ ਜ਼ਮੀਨ ਤੇ ਕਥਿਤ ਤੌਰ ਤੇ ਕਾਲੋਨੀ ਕੱਟਣ ਦੀਆਂ ਤਿਆਰੀਆਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪਿੰਡ ਵਾਸੀਆਂ ਨੇ ਇਸ ਉਸਾਰੀ ਖ਼ਿਲਾਫ਼ ਸਖ਼ਤ ਇਤਰਾਜ਼ ਜਤਾਉਂਦਿਆਂ ਪ੍ਰਸ਼ਾਸਨ ਤੋਂ ਮੌਕੇ ਦਾ ਨਿਰੀਖਣ ਕਰਨ ਅਤੇ ਸਬੰਧਤ ਦਸਤਾਵੇਜ਼ਾਂ ਦੀ ਤਸਦੀਕ ਕਰਨ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਨਿਰਮਲ ਸਿੰਘ ਨਿੰਮਾ, ਧਰਮਿੰਦਰ ਅਤੇ ਹੋਰਨਾਂ ਨੇ ਦੱਸਿਆ ਕਿ ਪਟਿਆਲਾ ਨਾਲ ਸਬੰਧਤ ਕੁਝ ਵਿਅਕਤੀਆਂ ਵੱਲੋਂ ਪਿੰਡ ਦੀ ਕਰੀਬ ਢਾਈ ਤੋਂ ਤਿੰਨ ਏਕੜ ਜ਼ਮੀਨ ਤੇ ਕਾਲੋਨੀ ਵਿਕਸਤ ਕਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਬੰਧਤ ਧਿਰਾਂ ਵੱਲੋਂ ਜ਼ਮੀਨ ਤੇ ਪਲਾਟਾਂ ਦੀਆਂ ਨਿਸ਼ਾਨਦੇਹੀਆਂ ਕਰਨ ਲਈ ਝੰਡੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਕੱਚੇ ਰਸਤੇ ਵੀ ਤਿਆਰ ਕੀਤੇ ਜਾ ਰਹੇ ਹਨ, ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਸ ਕਾਲੋਨੀ ਲਈ ਸਰਕਾਰੀ ਵਿਭਾਗਾਂ ਤੋਂ ਲੋੜੀਂਦੀਆਂ ਪ੍ਰਵਾਨਗੀਆਂ (ਸੀਐੱਲਯੂ ਆਦਿ) ਲਈਆਂ ਗਈਆਂ ਹਨ ਜਾਂ ਨਹੀਂ। ਪਿੰਡ ਵਾਸੀਆਂ ਅਨੁਸਾਰ ਪ੍ਰਸਤਾਵਿਤ ਕਾਲੋਨੀ ਵਾਲੀ ਥਾਂ ਦੇ ਬਿਲਕੁਲ ਸਾਹਮਣੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਉੱਥੇ ਜਾਣ ਲਈ ਕੋਈ ਢੁੱਕਵੀਂ ਪਹੁੰਚ ਸੜਕ ਵੀ ਮੌਜੂਦ ਨਹੀਂ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਜੇਕਰ ਬਿਨਾਂ ਮਨਜ਼ੂਰੀ ਅਤੇ ਬੁਨਿਆਦੀ ਸਹੂਲਤਾਂ ਦੇ ਪਲਾਟ ਵੇਚੇ ਗਏ ਤਾਂ ਭਵਿੱਖ ’ਚ ਇੱਥੇ ਵਸਣ ਵਾਲੇ ਲੋਕਾਂ ਨੂੰ ਬਿਜਲੀ, ਪਾਣੀ, ਸੀਵਰੇਜ ਅਤੇ ਰਸਤਿਆਂ ਦੀ ਗੰਭੀਰ ਸਮੱਸਿਆ ਨਾਲ ਜੂਝਣਾ ਪਵੇਗਾ ਅਤੇ ਉਨ੍ਹਾਂ ਨਾਲ ਵੱਡੀ ਠੱਗੀ ਵੱਜ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਪਹਿਲਾਂ ਵੀ ਜਾਣੂ ਕਰਵਾਇਆ ਗਿਆ ਸੀ, ਪਰ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਪਿੰਡ ਵਾਸੀਆਂ ’ਚ ਰੋਸ ਵੱਧਦਾ ਜਾ ਰਿਹਾ ਹੈ। ਨਿਯਮਾਂ ਦੀ ਉਲੰਘਣਾ ਹੋਈ ਤਾਂ ਹੋਵੇਗੀ ਕਾਰਵਾਈ : ਈਓ ਇਸ ਸਬੰਧੀ ਸੰਪਰਕ ਕਰਨ ਤੇ ਨਗਰ ਕੌਂਸਲ ਡੇਰਾਬੱਸੀ ਦੇ ਕਾਰਜਸਾਧਕ ਅਫ਼ਸਰ (ਈਓ) ਰੋਹਿਤ ਕਰਵਾਸਰਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਨਗਰ ਕੌਂਸਲ ਦੀ ਟੀਮ ਵੱਲੋਂ ਜਲਦੀ ਹੀ ਸਬੰਧਤ ਥਾਂ ਦਾ ਮੌਕਾ ਦੇਖਿਆ ਜਾਵੇਗਾ ਅਤੇ ਕਾਲੋਨੀ ਦੇ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਜਾਂਚ ਦੌਰਾਨ ਸਰਕਾਰੀ ਨਿਯਮਾਂ ਦੀ ਕੋਈ ਵੀ ਉਲੰਘਣਾ ਪਾਈ ਗਈ ਤਾਂ ਸਬੰਧਤ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।