ਨਗਰ ਕੌਂਸਲ ਖਰੜ ਦੇ ਠੇਕੇਦਾਰ ਪਾਣੀ ’ਚ ਵੀ ਕਰ ਦਿੰਦੇ ਨੇ ਸੀਮਿੰਟ ਨਾਲ ਚੁਣਾਈ ਨਗਰ ਕੌਂਸਲ ਖਰੜ ਦੇ ਠੇਕੇਦਾਰ ਪਾਣੀ ’ਚ ਵੀ ਕਰ ਦਿੰਦੇ ਹਨ ਸੀਮਿੰਟ ਨਾਲ ਚੁਣਾਈ !,
Publish Date: Fri, 09 Oct 2026 08:29 PM (IST)
Updated Date: Fri, 09 Oct 2026 08:32 PM (IST)
- ਨਾਲੇ ’ਤੇ ਸਲੇਬ ਪਾਉਣ ਲਈ ਕੱਚੀ ਚੁਣਾਈ ਕੀਤੀ ਜਾ ਰਹੀ ਸੀ : ਈਓ ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਅੱਜ ਸਵੇਰੇ ਖਰੜ-ਲਾਂਡਰਾਂ ਰੋਡ ’ਤੇ ਨਗਰ ਕੌਂਸਲ ਖਰੜ ਦੇ ਠੇਕੇਦਾਰ ਵੱਲੋਂ ਸੜਕ ਕਿਨਾਰੇ ਬਣੇ ਪਾਣੀ ਦੇ ਨਿਕਾਸੀ ਨਾਲ਼ੇ ਵਿਚ ਪਾਣੀ ਭਰੇ ਹੋਣ ਦੇ ਬਾਵਜੂਦ ਵੀ ਇੱਟਾਂ ਦੀ ਚੁਣਾਈ ਕਰਦਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ਹਿਰ ਵਿਚ ਇਸ ਕੰਮ ਦੀ ਕਾਫ਼ੀ ਚਰਚਾ ਹੋਈ ਕਿ ਜੇਕਰ ਨਗਰ ਕੌਂਸਲ ਦੇ ਠੇਕੇਦਾਰ ਪਾਣੀ ਵਿਚ ਵੀ ਚੁਣਾਈ ਕਰ ਸਕਦੇ ਹਨ ਤਾਂ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੁਣ ਖੰਭ ਹੀ ਲੱਗ ਜਾਣਗੇ। ਜ਼ਿਕਰਯੋਗ ਹੈ ਕਿ ਅੱਜ ਖਰੜ-ਲਾਂਡਰਾਂ ਮੁੱਖ ਸੜਕ ਦੇ ਕਿਨਾਰੇ ਬਣੇ ਗੰਦੇ ਪਾਣੀ ਦੇ ਨਿਕਾਸੀ ਨਾਲ਼ੇ ਉੱਤੇ ਸਥਾਨਕ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਵਿਧਾ ਅਤੇ ਸੁਰੱਖਿਆ ਲਈ ਸੀਮਿੰਟ ਦੀਆਂ ਸਲੇਬਾਂ ਰੱਖੀਆਂ ਜਾਣੀਆਂ ਹਨ ਪ੍ਰੰਤੂ ਇਸ ਕੰਮ ਵਿਚ ਕਥਿਤ ਵੱਡੀ ਲਾਪਰਵਾਹੀ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਇਸ ਕੰਮ ’ਤੇ ਲੱਗੇ ਹੋਏ ਮਜ਼ਦੂਰ ਨਾਲ਼ੇ ਦੇ ਕਿਨਾਰੇ (ਕੰਢੇ) ਮਜ਼ਬੂਤ ਬਣਾਉਣ ਲਈ ਪਾਣੀ ਵਿਚ ਹੀ ਇੱਟਾਂ ਲਗਾ ਰਹੇ ਹਨ। ਇਹੀ ਨਹੀਂ ਗੰਦੇ ਨਾਲ਼ੇ ਦੀ ਵੀ ਸਫ਼ਾਈ ਨਹੀਂ ਕੀਤੀ ਲੱਗ ਰਹੀ ਪਰ ਇਹ ਸਭ ਕੁਝ ਹੁੰਦਾ ਹੋਇਆ ਇਕ ਰਾਹਗੀਰ ਵੱਲੋਂ ਆਪਣੇ ਕੈਮਰੇ ਵਿਚ ਕੈਦ ਕਰਕੇ ਸ਼ਹਿਰ ਦੇ ਸੋਸ਼ਲ ਮੀਡੀਆ ਗਰੁੱਪਾਂ ਵਿਚ ਇਸ ਦੀ ਵੀਡੀਓ ਪਾ ਦਿੱਤੀ ਗਈ। ਇਸ ਤੋਂ ਬਾਅਦ ਜਦੋਂ ਇਹ ਸਭ ਕੁਝ ਵੇਖਣ ਲਈ ਮੌਕੇ ’ਤੇ ਪਹੁੰਚ ਕੀਤੀ ਗਈ ਤਾਂ ਠੇਕੇਦਾਰ ਦੇ ਕਰਿੰਦੇ ਆਪਣਾ ਸਾਮਾਨ ਮੌਕੇ ’ਤੇ ਹੀ ਛੱਡ ਉਥੋਂ ਗਾਇਬ ਹੋ ਚੁੱਕੇ ਸਨ। ਜਦੋਂ ਇਸ ਸਬੰਧੀ ਨਗਰ ਕੌਂਸਲ ਖਰੜ ਦੇ ਕਾਰਜਸਾਧਕ ਅਫ਼ਸਰ ਅਸ਼ੋਕ ਪੱਥਰੀਆ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਖਰੜ-ਲਾਂਡਰਾਂ ਰੋਡ ’ਤੇ ਬਣੇ ਗੰਦੇ ਪਾਣੀ ਦੇ ਨਿਕਾਸੀ ਨਾਲ਼ੇ ਦੀਆਂ ਸਲੇਬਾਂ ਨਵੀਆਂ ਬਣਾਈਆਂ ਜਾ ਰਹੀਆਂ ਸਨ, ਜਿਸ ਲਈ ਨਾਲ਼ੇ ਦੇ ਉੱਤੇ ਸਲੇਬਾਂ ਦਾ ਲੈਂਟਰ ਪਾਉਣ ਲਈ ਸਟਰਿੰਗ ਕੀਤੀ ਜਾਣੀ ਸੀ, ਜਿਸ ਕਾਰਨ ਠੇਕੇਦਾਰ ਦੇ ਮਜ਼ਦੂਰਾਂ ਵੱਲੋਂ ਕੱਚੀ ਚੁਣਾਈ ਕੀਤੀ ਜਾ ਰਹੀ ਸੀ ਪਰ ਇਹ ਵੀਡੀਓ ਬਾਰੇ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਵੱਲੋਂ ਠੇਕੇਦਾਰ ਨੂੰ ਕੰਮ ਵਿਚ ਸਾਵਧਾਨੀ ਅਤੇ ਵਧੀਆ ਤਰੀਕੇ ਨਾਲ ਕੰਮ ਕਰਵਾਉਣ ਲਈ ਉਨ੍ਹਾਂ ਵੱਲੋਂ ਆਪਣੇ ਜੇਈ ਮਨੋਜ ਕੁਮਾਰ ਨੂੰ ਮੌਕੇ ’ਤੇ ਭੇਜਿਆ ਗਿਆ, ਜਿਨ੍ਹਾਂ ਵੱਲੋਂ ਕੰਮ ਨੂੰ ਸਹੀ ਤਰੀਕੇ ਨਾਲ ਸ਼ੁਰੂ ਕਰਵਾ ਦਿੱਤਾ ਗਿਆ ਹੈ।