ਖਪਤਕਾਰ ਨੂੰ ਜ਼ੀਰੋ ਰੀਡਿੰਗ ਵਾਲੇ ਮੀਟਰ ਦਾ 6 ਲੱਖ ਬਿੱਲ ਭੇਜਿਆ ਖਪਤਕਾਰ ਨੂੰ ਜ਼ੀਰੋ ਰੀਡਿੰਗ ਵਾਲੇ ਮੀਟਰ ਦਾ 6 ਲੱਖ ਬਿੱਲ ਭੇਜਿਆ
Publish Date: Sun, 18 Oct 2026 07:30 PM (IST)
Updated Date: Sun, 18 Oct 2026 07:33 PM (IST)
- ਪਿਛਲੇ 9 ਸਾਲਾਂ ਤੋਂ ਬਿਜਲੀ ਦਾ ਮੀਟਰ ਪੁੱਟਣ ਦੀ ਗੁਹਾਰ ਲਗਾ ਰਿਹੈ ਖਪਤਕਾਰ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਰਾਜ ਪਾਵਰਕੌਮ ਵੱਲੋਂ ਮੁਹਾਲੀ ਦੇ ਇਤਿਹਾਸਕ ਨਗਰ ਸੋਹਾਣਾ ਦੇ ਇਕ ਖਪਤਕਾਰ ਨੂੰ ਉਸ ਦੇ ਜ਼ੀਰੋ ਰੀਡਿੰਗ ਵਾਲੇ ਮੀਟਰ ਦਾ 5 ਲੱਖ 92 ਹਜ਼ਾਰ ਰੁਪਏ ਦਾ ਬਿੱਲ ਭੇਜਿਆ ਗਿਆ ਹੈ। ਸੁੰਦਰ ਲਾਲ ਅਗਰਵਾਲ ਨੇ ਦੱਸਿਆ ਕਿ ਬੰਦ ਪਏ ਮੀਟਰ ਦਾ ਲਗਭਗ 6 ਲੱਖ ਰੁਪਏ ਦਾ ਬਿੱਲ ਦੇਖ ਕੇ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਉਸ ਨੇ ਦੱਸਿਆ ਕਿ 2017 ’ਚ ਉਸਦੇ ਘਰ ’ਚ ਬਿਜਲੀ ਦਾ ਮੀਟਰ ਲੱਗਿਆ ਸੀ। ਹੁਣ ਜ਼ੀਰੋ ਰੀਡਿੰਗ ਹੋਣ ਦੇ ਬਾਵਜੂਦ ਉਸ ਨੂੰ 5 ਲੱਖ 92 ਹਜ਼ਾਰ ਰੁਪਏ ਦਾ ਬਿੱਲ ਭੇਜਿਆ ਗਿਆ। ਸਮਾਜ ਸੇਵੀ ਸੁੰਦਰ ਲਾਲ ਅਗਰਵਾਲ ਨੇ ਦੱਸਿਆ ਕਿ ਪਿੰਡ ਸੋਹਾਣਾ ਸਥਿਤ ਉਸ ਦੀ ਪੁਰਾਣੀ ਹਵੇਲੀ ’ਚ ਬਿਜਲੀ ਦਾ ਕੁਨੈਕਸ਼ਨ ਨੰਬਰ 30001799204 ਚਲਦਾ ਸੀ। ਬਾਅਦ ’ਚ ਪਰਿਵਾਰ ਵੱਲੋਂ ਹਵੇਲੀ ਢਾਅ ਦਿੱਤੀ ਅਤੇ ਬਿਜਲੀ ਬਿੱਲ ਦਾ ਕੁੱਝ ਬਕਾਇਆ ਰਹਿਣ ਕਾਰਨ ਪਾਵਰਕੌਮ ਨਾਲ ਵਿਵਾਦ ਹੋ ਗਿਆ। ਜਿਸ ਕਾਰਨ ਉਨ੍ਹਾਂ ਨੇ ਪੁਰਾਣਾ ਕੁਨੈਕਸ਼ਨ ਕਟਵਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਸਾਲ 2016 ’ਚ ਬਿਜਲੀ ਦੇ ਦੋ ਨਵੇਂ ਕੁਨੈਕਸ਼ਨ ਲਗਵਾਏ ਗਏ। ਇਸ ਦੌਰਾਨ ਬਿਜਲੀ ਵਿਭਾਗ ਨੇ ਜੱਦੀ ਕੁਨੈਕਸ਼ਨ ਦਾ ਬਕਾਇਆ ਉਸ ਦੇ ਨਵੇਂ ਕੁਨੈਕਸ਼ਨ (ਖਾਤਾ ਨੰਬਰ 3004542282) ’ਚ ਪਾ ਦਿੱਤਾ। ਇਸ ਸਬੰਧੀ ਵਿਭਾਗ ਖ਼ਿਲਾਫ਼ ਪਟਿਆਲਾ ’ਚ ਅਪੀਲ ਦਾਇਰ ਕੀਤੀ ਗਈ ਅਤੇ ਉਸ ਦਾ ਫ਼ੈਸਲਾ ਵੀ ਉਨ੍ਹਾਂ ਦੇ ਹੱਕ ਵਿਚ ਹੋ ਗਿਆ। ਬਾਅਦ ਵਿਚ ਪਾਵਰਕੌਮ ਵੱਲੋਂ ਲੋਕਪਾਲ ’ਚ ਅਪੀਲ ਪਾਈ ਗਈ। ਉਸਦਾ ਫ਼ੈਸਲਾ ਉਨ੍ਹਾਂ ਦੇ ਖ਼ਿਲਾਫ਼ ਹੋ ਗਿਆ ਅਤੇ ਉਨ੍ਹਾਂ ਨੂੰ 44 ਹਜ਼ਾਰ ਰੁਪਏ ਦੀ ਰਾਸ਼ੀ ਵਿਭਾਗ ਕੋਲ ਜਮ੍ਹਾਂ ਕਰਵਾਈ ਗਈ। ਅਗਰਵਾਲ ਨੇ ਕਿਹਾ ਕਿ ਇਸ ਮਗਰੋਂ ਵਿਭਾਗ ਵੱਲੋਂ ਉਨ੍ਹਾਂ ਵੱਲ 36 ਹਜ਼ਾਰ ਦਾ ਹੋਰ ਬਕਾਇਆ ਕੱਢ ਦਿੱਤਾ। ਉਸ ਨੇ ਨਵੇਂ ਸਿਰਿਓਂ ਅਰਜ਼ੀ ਦਿੱਤੀ ਕਿ ਉਹ ਅਦਾਇਗੀ ਕਰਨ ਲਈ ਤਿਆਰ ਹਨ ਅਤੇ ਬਿਜਲੀ ਮੀਟਰ ਨੂੰ ਲਾਹ ਲਿਆ ਜਾਵੇ, ਪ੍ਰੰਤੂ ਪਾਵਰਕੌਮ ਦੇ ਕਰਮਚਾਰੀ ਉਸ ਦਾ ਦੂਜਾ ਮੀਟਰ ਲਾਹ ਕੇ ਲੈ ਗਏ। ਸ਼ਿਕਾਇਤ ਕਰਨ ’ਤੇ ਇਸ ਮੀਟਰ ਤੋਂ ਅੱਗੇ ਘਰ ਤੱਕ ਸਪਲਾਈ ਹੋਣ ਵਾਲੀਆਂ ਤਾਰਾਂ ਕੱਟ ਦਿੱਤੀਆਂ ਗਈਆਂ ਅਤੇ ਮੀਟਰ ਤੋਂ ਸਪਲਾਈ ਵੀ ਬੰਦ ਹੋ ਗਈ। ਹੁਣ ਪਾਵਰਕੌਮ ਨੇ ਉਸ ਨੂੰ 5 ਲੱਖ 92 ਹਜ਼ਾਰ ਰੁਪਏ ਦਾ ਬਿੱਲ ਭੇਜ ਦਿੱਤਾ, ਜੋ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਜਦੋਂ ਪਿਛਲੇ 9 ਸਾਲਾਂ ਤੋਂ ਬਿਜਲੀ ਸਪਲਾਈ ਹੀ ਨਹੀਂ ਮਿਲ ਰਹੀ ਤਾਂ ਵਿਭਾਗ ਉਨ੍ਹਾਂ ਤੋਂ ਬਿਜਲੀ ਬਿੱਲ ਦੀ ਇੰਨੀ ਵੱਡੀ ਰਕਮ ਕਿਵੇਂ ਮੰਗ ਸਕਦਾ ਹੈ। ਉਨ੍ਹਾਂ ਪੰਜਾਬ ਦੇ ਬਿਜਲੀ ਮੰਤਰੀ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਇਸ ਮਸਲੇ ਦਾ ਪੱਕਾ ਹੱਲ ਕਰਕੇ ਉਸ ਨੂੰ ਇਨਸਾਫ਼ ਦਿੱਤਾ ਜਾਵੇ। ਬਾਕਸ : ਪਾਵਰਕੌਮ ਦੇ ਵਧੀਕ ਐਸਈ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਖਪਤਕਾਰ ਸੁੰਦਰ ਲਾਲ ਅਗਰਵਾਲ ਦਾ ਬਿਜਲੀ ਬਿੱਲ ਦਾ ਪੁਰਾਣਾ ਬਕਾਇਆ ਰੁਕਿਆ ਹੋਇਆ ਹੈ। ਇਸ ਸਬੰਧੀ ਖਪਤਕਾਰ ਨੇ ਅਦਾਲਤ ’ਚ ਕੇਸ ਵੀ ਪਾਇਆ ਸੀ ਅਤੇ ਉਸ ਦੀ ਆੜ ਹੇਠ ਉਪਰੋਕਤ ਖਪਤਕਾਰ ਵੱਲੋਂ ਬਿਜਲੀ ਦੇ ਅਗਲੇ ਬਿੱਲ ਵੀ ਜਮ੍ਹਾ ਨਹੀਂ ਕਰਵਾਏ ਗਏ। ਜਿਸ ਕਾਰਨ ਉਸ ਨੂੰ ਵਿਆਜ ਸਮੇਤ ਪੁਰਾਣੇ ਬਕਾਏ ਦਾ ਬਿੱਲ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਖਪਤਕਾਰ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਮਿਲ ਸਕਦੇ ਹਨ।