ਕਮਿਊਨਿਟੀ ਸੈਂਟਰ ਦੇ ਨਿਰਮਾਣ ਕਾਰਜਾਂ ਦਾ ਕੰਮ ਮੁੜ ਸ਼ੁਰੂ : ਗੋਲਡੀ ਕਮਿਊਨਿਟੀ ਸੈਂਟਰ ਦੇ ਨਿਰਮਾਣ ਕਾਰਜਾਂ ਦਾ ਕੰਮ ਮੁੜ ਸ਼ੁਰੂ, 31 ਤੱਕ ਲੋਕਾਂ ਨੂੰ ਹੋਵੇਗਾ ਸਮਰਪਿਤ : ਗੋਲਡੀ
Publish Date: Mon, 23 Nov 2026 08:45 PM (IST)
Updated Date: Mon, 23 Nov 2026 08:46 PM (IST)
ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਨਗਰ ਕੌਂਸਲ ਖਰੜ ਵੱਲੋਂ ਪਿੰਡ ਝੂੰਗੀਆਂ ਵਿਖੇ ਤਿਆਰ ਕੀਤੇ ਜਾ ਰਹੇ ਕਮਿਊਨਿਟੀ ਸੈਂਟਰ ਦੇ ਲੰਬੇ ਸਮੇਂ ਤੋਂ ਅਧੂਰੇ ਪਏ ਨਿਰਮਾਣ ਕਾਰਜਾਂ ਨੂੰ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਵੱਲੋਂ ਰੀਬਨ ਕੱਟਕੇ ਮੁੜ ਤੋਂ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਇਹ ਪ੍ਰੋਜੈਕਟ ਪਿਛਲੇ ਸਾਢੇ ਚਾਰ ਸਾਲਾ ਤੋਂ ਰੁਕਿਆ ਹੋਇਆ ਸੀ ਅਤੇ ਪਹਿਲਾਂ ਸਿਰਫ਼ ਇਸ ਦਾ ਮੁੱਢਲਾ ਢਾਂਚਾ ਹੀ ਤਿਆਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਨੇ ਇਸ ਨੂੰ ਮੁੜ ਸ਼ੁਰੂ ਕਰਵਾਉਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਸੀ। ਹੁਣ ਇਸ ਪ੍ਰੋਜੈਕਟ ਦੇ ਬਾਕੀ ਰਹਿੰਦੇ ਫਿਨਿਸ਼ਿੰਗ ਦੇ ਕੰਮ ਲਈ 3 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ ਕੰਮ ਜੰਗੀ ਪੱਧਰ ਤੇ ਸ਼ੁਰੂ ਕਰਵਾ ਦਿੱਤਾ ਗਿਆ ਹੈ। ਗੋਲਡੀ ਨੇ ਦੱਸਿਆ ਕਿ ਪਿੰਡ ਝੂੰਗੀਆਂ ਵਿਖੇ 7 ਏਕੜ ’ਚ ਬਣਨ ਵਾਲਾ ਇਹ ਕਮਿਊਨਿਟੀ ਸੈਂਟਰ 7 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ। ਇਸ ਦੇ ਮੁਕੰਮਲ ਹੋਣ ਨਾਲ ਖਰੜ ਹਲਕੇ ਦੇ ਲੋਕਾਂ ਨੂੰ ਵਿਆਹ-ਸ਼ਾਦੀਆਂ, ਸਮਾਜਿਕ ਸਮਾਗਮਾਂ ਅਤੇ ਮੀਟਿੰਗਾਂ ਲਈ ਸਰਕਾਰੀ ਹਾਲ ਦੀ ਸਹੂਲਤ ਉਪਲੱਬਧ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ’ਚ ਵਿਆਹ-ਸ਼ਾਦੀਆਂ ਲਈ ਨਿੱਜੀ ਮੈਰਿਜ ਪੈਲੇਸਾਂ ਤੇ ਲੋਕਾਂ ਨੂੰ ਕਾਫ਼ੀ ਖਰਚਾ ਕਰਨਾ ਪੈਂਦਾ ਹੈ। ਅਜਿਹੇ ’ਚ ਇਹ ਸਰਕਾਰੀ ਕਮਿਊਨਿਟੀ ਸੈਂਟਰ ਇਲਾਕੇ ਦੇ ਲੋਕਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ ਅਤੇ ਲੋਕਾਂ ਨੂੰ ਘੱਟ ਖਰਚੇ ’ਚ ਆਪਣੇ ਸਮਾਗਮ ਕਰਨ ਦੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ 31 ਮਾਰਚ ਤੋਂ ਪਹਿਲਾਂ ਇਸ ਕਮਿਊਨਿਟੀ ਸੈਂਟਰ ਦਾ ਕੰਮ ਮੁਕੰਮਲ ਕਰਕੇ ਇਸ ਨੂੰ ਲੋਕਾਂ ਦੀ ਸੇਵਾ ’ਚ ਸਮਰਪਿਤ ਕਰ ਦਿੱਤਾ ਜਾਵੇਗਾ। ਇਸ ਮੌਕੇ ਪ੍ਰਭਜੋਤ ਸਿੰਘ ਖ਼ਾਲਸਾ, ਗੋਵਿੰਦਰ ਸਿੰਘ ਚੀਮਾ ਤੇ ਲਖਵੀਰ ਸਿੰਘ ਚੀਮਾ ਵੱਲੋਂ ਗੋਲਡੀ ਦਾ ਇਸ ਉਪਰਾਲੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਕਾਰਜਸਾਧਕ ਅਫ਼ਸਰ ਅਸ਼ੋਕ ਕੁਮਾਰ ਪਥਰੀਆ, ਪਰਮਿੰਦਰ ਭਾਟੀਆ, ਰਾਮ ਸਰੂਪ, ਰਾਜਵੀਰ ਰਾਜੀ, ਜੁਝਾਰ ਸਿੰਘ, ਲਖਵੀਰ ਸਿੰਘ, ਮਨਮੋਹਨ ਸਿੰਘ, ਬਲਜੀਤ ਸਿੰਘ ਮੀਡੀਆ ਇੰਚਾਰਜ, ਪ੍ਰਿੰਸ ਧਾਲੀਵਾਲ, ਸੁਖਵਿੰਦਰ ਸਿੰਘ ਸਮੇਤ ਹੋਰ ਮੌਜੂਦ ਸਨ।