ਗੁਰਦੁਆਰਾ ਸਿੰਘ ਸਭਾ ’ਚ ਗੁੰਬਦ ਸਾਹਿਬ ਦੀ ਉਸਾਰੀ ਸ਼ੁਰੂ
ਗੁਰਦੁਆਰਾ ਸਿੰਘ ਸਭਾ ’ਚ ਗੁੰਬਦ ਸਾਹਿਬ ਦੀ ਉਸਾਰੀ ਸ਼ੁਰੂ
Publish Date: Thu, 24 Sep 2026 05:42 PM (IST)
Updated Date: Thu, 24 Sep 2026 05:45 PM (IST)
ਇਕਬਾਲ ਸਿੰਘ, ਪੰਜਾਬੀ ਜਾਗਰਣ ਡੇਰਾਬੱਸੀ : ਪਿੰਡ ਪਰਾਗਪੁਰ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਗੁੰਬਦ ਸਾਹਿਬ ਦੀ ਉਸਾਰੀ ਦਾ ਕੰਮ ਧਾਰਮਿਕ ਰੀਤੀ-ਰਿਵਾਜਾਂ ਨਾਲ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਿਰਮੈਲ ਸਿੰਘ ਜੌਲਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਅਰਦਾਸ ਉਪਰੰਤ ਗੁੰਬਦ ਸਾਹਿਬ ਦੀ ਉਸਾਰੀ ਦੇ ਕਾਰਜ ਦਾ ਆਗ਼ਾਜ਼ ਕੀਤਾ ਗਿਆ। ਇਸ ਮੌਕੇ ਪਰਾਗਪੁਰ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਪਿੰਡ ਦੀ ਸੰਗਤ ਵੱਲੋਂ ਨਿਰਮੈਲ ਸਿੰਘ ਜੌਲਾ ਦਾ ਸਨਮਾਨ ਕੀਤਾ ਗਿਆ। ਜੌਲਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਸਿੱਖ ਸੰਗਤ ਲਈ ਸ਼ਰਧਾ ਅਤੇ ਆਸਥਾ ਦੇ ਕੇਂਦਰ ਹਨ। ਗੁਰੂ ਘਰ ਦੀ ਇਮਾਰਤ ਨਾਲ ਸਬੰਧਤ ਸੇਵਾ ਵਿਚ ਯੋਗਦਾਨ ਪਾਉਣਾ ਸੁਭਾਗ ਦੀ ਗੱਲ ਹੈ। ਉਨ੍ਹਾਂ ਸੰਗਤ ਨੂੰ ਗੁੰਬਦ ਸਾਹਿਬ ਦੀ ਉਸਾਰੀ ਦੇ ਸੇਵਾ ਕਾਰਜ ਵਿਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਗੁਰੂ ਸਾਹਿਬ ਦੀ ਬਾਣੀ ਦਾ ਕੀਰਤਨ ਵੀ ਕੀਤਾ ਗਿਆ। ਇਸ ਮੌਕੇ ਪਰਾਗਪੁਰ ਗੁਰਦੁਆਰਾ ਕਮੇਟੀ ਪ੍ਰਧਾਨ ਲੱਜਾ ਸਿੰਘ, ਖ਼ਜ਼ਾਨਚੀ ਜਸਪਾਲ ਸਿੰਘ, ਮੈਂਬਰ ਬਲਰਾਜ ਸਿੰਘ, ਮਨਜੀਤ ਸਿੰਘ, ਅਮਰਿੰਦਰ ਸਿੰਘ, ਅਵਤਾਰ ਸਿੰਘ, ਪਿਆਰਾ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਹਮਾਯੂੰਪੁਰ ਤਸਿੰਬਲੀ ਦੇ ਪ੍ਰਧਾਨ ਸੁਰਜੀਤ ਸਿੰਘ, ਸਤਵੰਤ ਸਿੰਘ ਰਾਮਪੁਰ ਸੈਣੀਆਂ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਸੰਗਤ ਮੌਜੂਦ ਸੀ।