ਨਵੇਂ ਬੱਸ ਸਟੈਂਡ ਦੀ ਉਸਾਰੀ: ਮੀਟਿੰਗ ’ਚੋਂ 7 ਮੈਂਬਰਾਂ ਨੇ ਕੀਤਾ ਵਾਕ ਆਊਟ ਨਵੇਂ ਬੱਸ ਸਟੈਂਡ ਦੀ ਉਸਾਰੀ: ਮੀਟਿੰਗ ’ਚੋਂ 7 ਮੈਂਬਰਾਂ ਨੇ ਕੀਤਾ ਵਾਕ ਆਊਟ
Publish Date: Mon, 02 Nov 2026 08:41 PM (IST)
Updated Date: Mon, 02 Nov 2026 08:44 PM (IST)
-ਪਹਿਲਾਂ ਵੀ ਦੋ ਵਾਰ ਰੱਖਿਆ ਜਾ ਚੁੱਕਾ ਹੈ, ਖਰੜ ਬੱਸ ਅੱਡੇ ਦਾ ਨੀਂਹ ਪੱਥਰ ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਖਰੜ ਵਿਚ ਨਵੇਂ ਬੱਸ ਅੱਡੇ ਦੀ ਉਸਾਰੀ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਅੱਤ ਦੀ ਗਰਮੀ, ਹੱਡ ਚੀਰਵੀਂ ਠੰਢ ਅਤੇ ਬਰਸਾਤ ਦੇ ਦਿਨਾਂ ਵਿਚ ਯਾਤਰੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਸ ਅੱਡਾ ਨਾ ਹੋਣ ਕਾਰਨ ਸਰਕਾਰੀ ਅਤੇ ਪ੍ਰਾਈਵੇ ਬੱਸਾਂ ਦੇ ਚਾਲਕ ਸੜਕ ਕਿਨਾਰੇ ਹੀ ਬੱਸ ਖੜੀ ਕਰਕੇ ਸਵਾਰੀਆਂ ਨੂੰ ਚੜ੍ਹਾਉਂਦੇ ਅਤੇ ਲਾਹੁੰਦੇ ਹਨ। ਜਿਸ ਕਾਰਨ ਹਰ ਸਮੇਂ ਸੜਕ ਦੁਰਘਟਨਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਬਲਾਕ ਸਮਿਤੀ ਖਰੜ ਦੀ ਮੀਟਿੰਗ ਸੋਮਵਾਰ ਨੂੰ ਚੇਅਰਮੈਨ ਰਘਬੀਰ ਸਿੰਘ ਮੋਦੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਖਰੜ ਵਿਚ ਨਵਾਂ ਬੱਸ ਅੱਡਾ ਬਣਾਉਣ ਲਈ ਮਤਾ ਹਾਊਸ ’ਚ ਰੱਖਿਆ ਗਿਆ। ਚੇਅਰਮੈਨ ਸਮੇਤ ਨਿਰਪਾਲ ਸਿੰਘ ਮੰਡੇਰ, ਪਰਮਜੀਤ ਸਿੰਘ, ਜਸਪਾਲ ਕੌਰ, ਜਗਜੀਤ ਸਿੰਘ, ਸੁਖਵਿੰਦਰ ਕੌਰ, ਬਲਜੀਤ ਸਿੰਘ ਨੇ ਮਤੇ ਦਾ ਸਮਰਥਨ ਕਰਦਿਆਂ ਇਸ ਨੂੰ ਸਥਾਨਕ ਲੋਕਾਂ ਅਤੇ ਸਮੇਂ ਦੀ ਮੁੱਖ ਮੰਗ ਦੱਸਿਆ। ਇਸ ਦੌਰਾਨ ਸੱਤ ਮੈਂਬਰ ਸਤੀਸ਼ ਕੁਮਾਰ, ਜਸਪਾਲ ਕੌਰ, ਬਲਜਿੰਦਰ ਸਿੰਘ, ਬਲਬੀਰ ਕੌਰ, ਕੰਵਲਜੀਤ ਕੌਰ, ਜਗਜੀਤ ਸਿੰਘ ਅਤੇ ਬਲਜੀਤ ਕੌਰ ਨੇ ਮਤੇ ਦਾ ਵਿਰੋਧ ਕਰਦਿਆਂ ਹਾਊਸ ਦੀ ਮੀਟਿੰਗ ’ਚੋਂ ਇਹ ਕਹਿ ਕੇ ਵਾਕ ਆਊਟ ਕਰ ਦਿੱਤਾ ਕਿ ਬਲਾਕ ਸਮਿਤੀ ਆਪਣੇ ਪੱਧਰ ਉੱਤੇ ਬੱਸ ਅੱਡੇ ਦੀ ਉਸਾਰੀ ਕਰੇ ਕਿਉਂਕਿ ਬੱਸ ਅੱਡਾ ਬਣਾਉਣ ਲਈ 11 ਕਨਾਲ ਜ਼ਮੀਨ ਬਲਾਕ ਸਮਿਤੀ ਦੀ ਹੈ। ਇਨ੍ਹਾਂ ਮੈਂਬਰਾਂ ਮੁਤਾਬਕ ਖਰੜ ਨਗਰ ਕੌਂਸਲ ਦੀ ਸਿਰਫ਼ ਦੋ ਕਨਾਲ ਜ਼ਮੀਨ ਹੈ, ਪਰ ਹਾਊਸ ਦੀ ਮੀਟਿੰਗ ’ਚ ਚੇਅਰਮੈਨ ਵੱਲੋਂ ਪੰਜਾਬ ਪੰਚਾਇਤੀ ਰਾਜ ਐਕਟ ਦੀ ਧਾਰਾ 116 ਦੀ ਸ਼ਕਤੀ ਦੀ ਵਰਤੋਂ ਕਰਦਿਆਂ ਆਪਣੀ ਕਾਸਟਿੰਗ ਵੋਟ ਬੱਸ ਅੱਡੇ ਦੀ ਉਸਾਰੀ ਦੇ ਮਤੇ ਦੇ ਹੱਕ ’ਚ ਪਾਈ ਗਈ। ਚੇਅਰਮੈਨ ਰਘਬੀਰ ਸਿੰਘ ਮੋਦੀ ਨੇ ਦੱਸਿਆ ਕਿ ਖਰੜ ਨਗਰ ਕੌਂਸਲ ਵੱਲੋਂ ਨਵੇਂ ਬੱਸ ਅੱਡੇ ਦੀ ਉਸਾਰੀ ਲਈ ਬੀਡੀਪੀਓ ਦਫ਼ਤਰ ਅਤੇ ਕੌਂਸਲ ਦਾ ਫਾਇਰ ਬ੍ਰਿਗੇਡ ਦਫ਼ਤਰ ਇੱਥੋਂ ਹਟਾ ਕੇ ਬੱਸ ਅੱਡਾ ਬਣਾਉਣ ਲਈ ਸਹਿਮਤੀ ਮੰਗੀ ਗਈ ਸੀ। ਇਸ ਸਬੰਧੀ ਇਹ ਮੀਟਿੰਗ ਰੱਖੀ ਗਈ ਸੀ। ਉਨ੍ਹਾਂ ਦੱਸਿਆ ਕਿ ਕਾਸਟਿੰਗ ਵੋਟ ਪਾਉਣ ਤੋਂ ਬਾਅਦ ਹਾਊਸ ’ਚ ਹਾਜ਼ਰ ਮੈਂਬਰਾਂ ਵੱਲੋਂ ਨਵੇਂ ਬੱਸ ਅੱਡੇ ਦੀ ਉਸਾਰੀ ਲਈ ਸਹਿਮਤੀ ਮਤੇ ਨੂੰ ਪ੍ਰਵਾਨ ਕਰ ਦਿੱਤਾ ਗਿਆ ਹੈ ਅਤੇ ਮੀਟਿੰਗ ਦੀ ਕਾਰਵਾਈ ਉੱਚ ਅਧਿਕਾਰੀਆਂ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਖਰੜ ਦੇ ਵਸਨੀਕ ਪਿਛਲੇ ਦੋ ਦਹਾਕਿਆਂ ਤੋਂ ਨਵੇਂ ਬੱਸ ਅੱਡੇ ਦੀ ਉਡੀਕ ਕਰ ਰਹੇ ਹਨ। ਹੁਣ ਤੱਕ ਦੋ ਵਾਰ ਨਵੇਂ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਸਮੇਂ ਅਤੇ 2021 ਵਿਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਮੇਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨੀਂਹ ਪੱਥਰ ਰੱਖ ਲੋਕਾਂ ਨੂੰ ਵੱਡੇ ਵੱਡੇ ਸੁਪਨੇ ਦਿਖਾਏ ਗਏ ਸਨ ਪਰ ਹੁਣ ਤੱਕ ਇਸ ਪ੍ਰੋਜੈਕਟ ’ਤੇ ਇਕ ਇੱਟ ਤੱਕ ਨਹੀਂ ਲੱਗੀ। ਹੁਣ ਦੇਖਣਾ ਹੋਵੇਗਾ ਕਿ ਕੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਵੱਲੋਂ ਨਵੇਂ ਬੱਸ ਅੱਡੇ ਦੀ ਉਸਾਰੀ ਕਰਵਾਈ ਜਾਂਦੀ ਹੈ ਜਾਂ ਕਾਂਗਰਸ ਸਰਕਾਰਾਂ ਵਾਂਗੂ ਇਹ ਕੰਮ ਵੀ ਸਿਆਸਤ ਦੀ ਭੇਟ ਚੜ੍ਹੇਗਾ।