ਲੁਧਿਆਣਾ ’ਚ ਅੱਜ ਕਾਂਗਰਸ ਮਨਾਏਗੀ ‘ਵਿਮੁਕਤ ਦਿਵਸ’, DNT ਭਾਈਚਾਰਿਆਂ ਦੇ ਅਧਿਕਾਰਾਂ ਦਾ ਚੁੱਕੇਗੀ ਮੁੱਦਾ ਕਾਂਗਰਸ ਅਨੁਸਾਰ, ਕ੍ਰਿਮੀਨਲ ਟਰਾਈਬਜ਼ ਐਕਟ, 1871 ਤਹਿਤ ਕਈ ਭਾਈਚਾਰਿਆਂ ਨੂੰ ਬੇਇਨਸਾਫ਼ੀ ਨਾਲ ‘ਅਪਰਾਧੀ ਜਨਜਾਤੀ’ ਐਲਾਨ ਕੀਤਾ ਗਿਆ ਸੀ। ਇਸ ਕਾਰਨ ਇਨ੍ਹਾਂ ਭਾਈਚਾਰਿਆਂ ਨੂੰ ਭੇਦਭਾਵ ਅਤੇ ਨਿਗਰਾਨੀ ਦਾ ਸਾਹਮਣਾ ਕਰਨਾ ਪਿਆ। 31 ਅਗਸਤ, 1952 ਨੂੰ ਇਸ ਕਾਨੂੰਨ ਨੂੰ ਖ਼ਤਮ ਕਰਕੇ ਇਨ੍ਹਾਂ ਭਾਈਚਾਰਿਆਂ ਨੂੰ ਅਧਿਕਾਰਤ ਤੌਰ 'ਤੇ ਵਿਮੁਕਤ ਐਲਾਨ ਕੀਤਾ ਗਿਆ ਸੀ। ਇਸੇ ਇਤਿਹਾਸਕ ਘਟਨਾਕ੍ਰਮ ਦੀ ਯਾਦ ’ਚ ‘ਵਿਮੁਕਤ ਦਿਵਸ’ ਮਨਾਇਆ ਜਾਂਦਾ ਹੈ।
Publish Date: Sun, 30 Aug 2026 12:01 PM (IST)
Updated Date: Sun, 30 Aug 2026 12:03 PM (IST)
ਰੋਹਿਤ ਕੁਮਾਰ, ਚੰਡੀਗੜ੍ਹ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ 31 ਅਗਸਤ ਨੂੰ ਲੁਧਿਆਣਾ ਵਿੱਚ ‘ਵਿਮੁਕਤ ਦਿਵਸ’ ਮਨਾਇਆ ਜਾਵੇਗਾ। ਰਾਹੋਂ ਰੋਡ ਸਥਿਤ ਪਿੰਡ ਮਿਹਰਬਾਨ ਦੇ ਰਾਇਲ ਕੈਸਲ ਰਿਜੋਰਟਸ ਵਿੱਚ ਹੋਣ ਵਾਲੇ ਸਮਾਗਮ ’ਚ ਵਿਮੁਕਤ ਜਨਜਾਤੀਆਂ (ਡੀ.ਐੱਨ.ਟੀ.) ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਅਧਿਕਾਰਾਂ ਅਤੇ ਮੰਗਾਂ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਜਾਵੇਗਾ। ਕਾਂਗਰਸ ਵੱਲੋਂ ਸਿੱਖਿਆ, ਰੁਜ਼ਗਾਰ, ਰਿਹਾਇਸ਼, ਸਮਾਜਿਕ ਸੁਰੱਖਿਆ ਅਤੇ ਰਾਜਨੀਤਿਕ ਪ੍ਰਤੀਨਿਧਤਾ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ।
ਕਾਂਗਰਸ ਅਨੁਸਾਰ, ਕ੍ਰਿਮੀਨਲ ਟਰਾਈਬਜ਼ ਐਕਟ, 1871 ਤਹਿਤ ਕਈ ਭਾਈਚਾਰਿਆਂ ਨੂੰ ਬੇਇਨਸਾਫ਼ੀ ਨਾਲ ‘ਅਪਰਾਧੀ ਜਨਜਾਤੀ’ ਐਲਾਨ ਕੀਤਾ ਗਿਆ ਸੀ। ਇਸ ਕਾਰਨ ਇਨ੍ਹਾਂ ਭਾਈਚਾਰਿਆਂ ਨੂੰ ਭੇਦਭਾਵ ਅਤੇ ਨਿਗਰਾਨੀ ਦਾ ਸਾਹਮਣਾ ਕਰਨਾ ਪਿਆ। 31 ਅਗਸਤ, 1952 ਨੂੰ ਇਸ ਕਾਨੂੰਨ ਨੂੰ ਖ਼ਤਮ ਕਰਕੇ ਇਨ੍ਹਾਂ ਭਾਈਚਾਰਿਆਂ ਨੂੰ ਅਧਿਕਾਰਤ ਤੌਰ 'ਤੇ ਵਿਮੁਕਤ ਐਲਾਨ ਕੀਤਾ ਗਿਆ ਸੀ। ਇਸੇ ਇਤਿਹਾਸਕ ਘਟਨਾਕ੍ਰਮ ਦੀ ਯਾਦ ’ਚ ‘ਵਿਮੁਕਤ ਦਿਵਸ’ ਮਨਾਇਆ ਜਾਂਦਾ ਹੈ।
ਦਹਾਕਿਆਂ ਬਾਅਦ ਵੀ ਅਧਿਕਾਰਾਂ ਲਈ ਸੰਘਰਸ਼ ਕਾਂਗਰਸ ਦਾ ਕਹਿਣਾ ਹੈ ਕਿ ਵਿਮੁਕਤ ਐਲਾਨ ਕੀਤੇ ਜਾਣ ਦੇ ਦਹਾਕਿਆਂ ਬਾਅਦ ਵੀ ਕਈ ਡੀ.ਐੱਨ.ਟੀ. ਭਾਈਚਾਰੇ ਸਿੱਖਿਆ, ਰੁਜ਼ਗਾਰ, ਰਿਹਾਇਸ਼, ਸਮਾਜਿਕ ਸੁਰੱਖਿਆ ਅਤੇ ਆਰਥਿਕ ਮੌਕਿਆਂ ਤੱਕ ਪੂਰੀ ਪਹੁੰਚ ਲਈ ਸੰਘਰਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਇਨ੍ਹਾਂ ਭਾਈਚਾਰਿਆਂ ਦੀ ਰਾਜਨੀਤਿਕ ਅਤੇ ਸੰਵਿਧਾਨਕ ਪ੍ਰਤੀਨਿਧਤਾ ਦਾ ਮੁੱਦਾ ਵੀ ਬਹੁਤ ਮਹੱਤਵਪੂਰਨ ਹੈ। ਪਾਰਟੀ ਸਮਾਗਮ ਦੌਰਾਨ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਕਰੇਗੀ।
ਇਸ ਸਮਾਗਮ ਵਿੱਚ ਡੀਨੋਟੀਫਾਈਡ ਕਬੀਲਿਆਂ ਦੀਆਂ ਸਮਾਜਿਕ-ਆਰਥਿਕ ਸਥਿਤੀਆਂ ਦਾ ਅਧਿਐਨ ਕਰਨ ਅਤੇ ਉਨ੍ਹਾਂ ਦੀ ਭਲਾਈ ਲਈ ਸਿਫ਼ਾਰਸ਼ਾਂ ਪ੍ਰਦਾਨ ਕਰਨ ਲਈ ਸਥਾਪਿਤ ਕੀਤੇ ਗਏ ਰੇਂਕੇ ਕਮਿਸ਼ਨ ਅਤੇ ਇਦਾਤੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਵੀ ਉਜਾਗਰ ਕੀਤਾ ਜਾਵੇਗਾ। ਕਾਂਗਰਸ ਇਨ੍ਹਾਂ ਸਿਫ਼ਾਰਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ, ਡੀਐੱਨਟੀ ਭਾਈਚਾਰਿਆਂ ਦੀ ਸਹੀ ਪਛਾਣ ਕਰਨ ਅਤੇ ਜਨਗਣਨਾ ਅਤੇ ਸਰਵੇਖਣ ਦੀ ਜ਼ਰੂਰਤ 'ਤੇ ਜ਼ੋਰ ਦੇਵੇਗੀ।
ਸਿੱਖਿਆ ਅਤੇ ਰੁਜ਼ਗਾਰ ’ਚ ਬਰਾਬਰ ਮੌਕਿਆਂ ਦੀ ਮੰਗ ਸਮਾਗਮ ਵਿੱਚ ਸਿੱਖਿਆ ਅਤੇ ਰੁਜ਼ਗਾਰ ਵਿੱਚ ਬਰਾਬਰ ਮੌਕੇ, ਸਮਾਜਿਕ ਸੁਰੱਖਿਆ, ਰਿਹਾਇਸ਼, ਆਰਥਿਕ ਸਸ਼ਕਤੀਕਰਨ ਅਤੇ ਰਾਜਨੀਤਿਕ ਤੇ ਸੰਵਿਧਾਨਕ ਪ੍ਰਤੀਨਿਧਤਾ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਹੋਵੇਗੀ। ਪੰਜਾਬ ਵਿੱਚ ਸਾਂਸੀ, ਬਾਜੀਗਰ, ਬਾਵਰੀਆ, ਗਵਾਰੀਆ, ਸਿਕਲੀਗਰ, ਸਿਰਕੀਬੰਦ, ਭੀਲ, ਬੰਜਾਰਾ, ਲੁਬਾਣਾ, ਗੁੱਜਰ, ਸਪੇਰਾ, ਕਾਬੇਲੀਆ, ਜੋਗੀ, ਨਾਥ, ਓਡ, ਮਦਾਰੀ, ਮੇਰਾਸੀ, ਸਿੰਗੀਵਾਲਾ, ਢੇਹ ਅਤੇ ਕੰਜਰ ਸਮੇਤ ਕਈ ਭਾਈਚਾਰੇ ਡੀ.ਐੱਨ.ਟੀ., ਘੁਮੰਤੂ ਅਤੇ ਅੱਧ-ਘੁਮੰਤੂ ਭਾਈਚਾਰਿਆਂ ਨਾਲ ਜੁੜੇ ਹੋਏ ਹਨ।
ਸਮਾਗਮ ਵਿੱਚ ਵੱਖ-ਵੱਖ ਡੀ.ਐੱਨ.ਟੀ. ਭਾਈਚਾਰਿਆਂ ਦੇ ਪ੍ਰਤੀਨਿਧੀ, ਸਮਾਜਿਕ ਕਾਰਕੁਨ, ਬੁੱਧੀਜੀਵੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸ਼ਾਮਲ ਹੋਣਗੇ। ਸੀਨੀਅਰ ਨੇਤਾਵਾਂ ਵਿੱਚ ਕੇ. ਰਾਜੂ, ਗੁਰਦੀਪ ਸਿੰਘ ਸੱਪਲ, ਰਾਜਿੰਦਰ ਪਾਲ ਗੌਤਮ, ਭੂਪੇਸ਼ ਬਘੇਲ, ਰਵਿੰਦਰ ਦਲਵੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਡਾ. ਅਮਰ ਸਿੰਘ, ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ ਅਤੇ ਸਾਧੂ ਸਿੰਘ ਧਰਮਸੋਤ ਸਮੇਤ ਹੋਰ ਨੇਤਾਵਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਇਹ ਸਮਾਗਮ ਡੀ.ਐੱਨ.ਟੀ. ਭਾਈਚਾਰਿਆਂ ਦੀਆਂ ਸਮੱਸਿਆਵਾਂ ਅਤੇ ਇੱਛਾਵਾਂ ਨੂੰ ਸਾਹਮਣੇ ਲਿਆਉਣ ਦੇ ਨਾਲ-ਨਾਲ ਉਨ੍ਹਾਂ ਦੇ ਸਮਾਜਿਕ, ਆਰਥਿਕ, ਵਿਦਿਅਕ ਅਤੇ ਰਾਜਨੀਤਿਕ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਚਰਚਾ ਦਾ ਮੰਚ ਬਣੇਗਾ।