ਕਾਂਗਰਸ ਦੀ ਟਿਕਟ ਵੰਡ ਤੇਜ਼: ਇਸੇ ਹਫ਼ਤੇ ਚੰਡੀਗੜ੍ਹ 'ਚ ਦਾਅਵੇਦਾਰਾਂ ਨਾਲ ਗੱਲਬਾਤ ਕਰੇਗੀ ਸਕ੍ਰੀਨਿੰਗ ਕਮੇਟੀ, 8-10 ਦਾਅਵੇਦਾਰਾਂ ਵਾਲੀਆਂ ਸੀਟਾਂ 'ਤੇ ਵਧੀ ਚੁਣੌਤੀ
ਕਾਂਗਰਸ ਵਿੱਚ ਇਸ ਵਾਰ ਕਈ ਵਿਧਾਨ ਸਭਾ ਸੀਟਾਂ 'ਤੇ ਟਿਕਟ ਲਈ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਕੁਝ ਸੀਟਾਂ 'ਤੇ ਅੱਠ ਤੋਂ ਦਸ ਆਗੂਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਅਜਿਹੇ ਵਿੱਚ ਪਾਰਟੀ ਲਈ ਜਿਤਾਊ ਉਮੀਦਵਾਰ ਚੁਣਨ ਦੇ ਨਾਲ-ਨਾਲ ਸਥਾਨਕ ਸਮੀਕਰਨ, ਦਾਅਵੇਦਾਰਾਂ ਦੀ ਸਰਗਰਮੀ, ਜਨ ਆਧਾਰ ਅਤੇ ਸਰਵੇਖਣ ਰਿਪੋਰਟ ਵਿਚਕਾਰ ਸੰਤੁਲਨ ਬਣਾਉਣਾ ਚੁਣੌਤੀਪੂਰਨ ਹੋਵੇਗਾ।
Publish Date: Sat, 28 Nov 2026 01:46 PM (IST)
Updated Date: Sat, 28 Nov 2026 01:49 PM (IST)
ਡਾ. ਸੁਮਿਤ ਸਿੰਘ ਸ਼ਿਓਰਾਣ, ਜਾਗਰਣ, ਚੰਡੀਗੜ੍ਹ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਟਿਕਟ ਚੋਣ ਪ੍ਰਕਿਰਿਆ ਹੁਣ ਅਗਲੇ ਪੜਾਅ ਵਿੱਚ ਪਹੁੰਚ ਗਈ ਹੈ। 42 ਮੈਂਬਰੀ ਸੂਬਾ ਚੋਣ ਕਮੇਟੀ ਦੀ ਮੀਟਿੰਗ ਤੋਂ ਬਾਅਦ ਪਾਰਟੀ ਹਾਈਕਮਾਨ ਨੂੰ ਸੁਝਾਵਾਂ ਅਤੇ ਸੰਭਾਵੀ ਉਮੀਦਵਾਰਾਂ ਦੀ ਰਿਪੋਰਟ ਸੌਂਪ ਦਿੱਤੀ ਗਈ ਹੈ।
ਹੁਣ ਇਸੇ ਹਫ਼ਤੇ ਤਿੰਨ ਮੈਂਬਰੀ ਸਕ੍ਰੀਨਿੰਗ ਕਮੇਟੀ ਚੰਡੀਗੜ੍ਹ ਪਹੁੰਚ ਕੇ ਟਿਕਟ ਦੇ ਦਾਅਵੇਦਾਰਾਂ ਨਾਲ ਸਿੱਧੀ ਗੱਲਬਾਤ ਕਰੇਗੀ। ਇਸ ਪ੍ਰਕਿਰਿਆ ਤੋਂ ਬਾਅਦ ਸੰਭਾਵੀ ਉਮੀਦਵਾਰਾਂ ਦੇ ਨਾਮ ਸ਼ਾਰਟਲਿਸਟ ਕਰਕੇ ਹਾਈਕਮਾਨ ਨੂੰ ਭੇਜੇ ਜਾਣਗੇ, ਜਿੱਥੇ ਟਿਕਟਾਂ 'ਤੇ ਅੰਤਿਮ ਫ਼ੈਸਲਾ ਹੋਵੇਗਾ।
ਕਾਂਗਰਸ ਵਿੱਚ ਇਸ ਵਾਰ ਕਈ ਵਿਧਾਨ ਸਭਾ ਸੀਟਾਂ 'ਤੇ ਟਿਕਟ ਲਈ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਕੁਝ ਸੀਟਾਂ 'ਤੇ ਅੱਠ ਤੋਂ ਦਸ ਆਗੂਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਅਜਿਹੇ ਵਿੱਚ ਪਾਰਟੀ ਲਈ ਜਿਤਾਊ ਉਮੀਦਵਾਰ ਚੁਣਨ ਦੇ ਨਾਲ-ਨਾਲ ਸਥਾਨਕ ਸਮੀਕਰਨ, ਦਾਅਵੇਦਾਰਾਂ ਦੀ ਸਰਗਰਮੀ, ਜਨ ਆਧਾਰ ਅਤੇ ਸਰਵੇਖਣ ਰਿਪੋਰਟ ਵਿਚਕਾਰ ਸੰਤੁਲਨ ਬਣਾਉਣਾ ਚੁਣੌਤੀਪੂਰਨ ਹੋਵੇਗਾ।
ਪੰਜਾਬ ਕਾਂਗਰਸ ਦੀ 42 ਮੈਂਬਰੀ ਚੋਣ ਕਮੇਟੀ ਦਾ ਗਠਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਕਮੇਟੀ ਦੀ ਮੀਟਿੰਗ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਵੱਖ-ਵੱਖ ਆਗੂਆਂ ਨੇ ਆਪਣੇ ਸੁਝਾਅ ਦਿੱਤੇ ਸਨ। ਇਸ ਤੋਂ ਬਾਅਦ ਚੋਣ ਕਮੇਟੀ ਨੇ ਆਪਣੀ ਰਿਪੋਰਟ ਸਕ੍ਰੀਨਿੰਗ ਕਮੇਟੀ ਨੂੰ ਭੇਜ ਦਿੱਤੀ ਹੈ। ਹੁਣ ਸਕ੍ਰੀਨਿੰਗ ਕਮੇਟੀ ਚੋਣ ਕਮੇਟੀ ਦੇ ਸੁਝਾਵਾਂ, ਪਾਰਟੀ ਵੱਲੋਂ ਕਰਵਾਏ ਗਏ ਵੱਖ-ਵੱਖ ਸਰਵੇਖਣਾਂ ਅਤੇ ਟਿਕਟ ਦੇ ਦਾਅਵੇਦਾਰਾਂ ਨਾਲ ਗੱਲਬਾਤ ਦੇ ਆਧਾਰ 'ਤੇ ਨਾਵਾਂ ਦੀ ਪੜਤਾਲ ਕਰੇਗੀ।
ਤਿੰਨ ਮੈਂਬਰੀ ਸਕ੍ਰੀਨਿੰਗ ਕਮੇਟੀ ’ਚ ਡਾ. ਐੱਸ. ਪ੍ਰਸਾਦ, ਸਚਿਨ ਸਾਵੰਤ ਅਤੇ ਨਿਵੇਦਿਤ ਅਲਵਰ ਸ਼ਾਮਲ ਹਨ। ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ, ਸੂਬਾ ਕਾਂਗਰਸ ਪ੍ਰਧਾਨ ਪਰਗਟ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਐਕਸ-ਆਫਿਸ਼ੀਓ ਮੈਂਬਰ ਵਜੋਂ ਕਮੇਟੀ ਨਾਲ ਜੁੜੇ ਹਨ।
ਸਕ੍ਰੀਨਿੰਗ ਕਮੇਟੀ ਦੀ ਚੰਡੀਗੜ੍ਹ ਵਿੱਚ ਪ੍ਰਸਤਾਵਿਤ ਮੀਟਿੰਗ ਨੂੰ ਟਿਕਟ ਚੋਣ ਦੀ ਦਿਸ਼ਾ ਵਿੱਚ ਅਹਿਮ ਮੰਨਿਆ ਜਾ ਰਿਹਾ ਹੈ। ਇਸ ਤੋਂ ਬਾਅਦ ਕਾਂਗਰਸ ਦੀ ਪਹਿਲੀ ਸੂਚੀ ਜਾਰੀ ਹੋਣ ਦੀ ਪ੍ਰਕਿਰਿਆ ਅੱਗੇ ਵਧ ਸਕਦੀ ਹੈ। 15 ਦਸੰਬਰ ਤੱਕ ਪਹਿਲੀ ਲਿਸਟ ਕਾਂਗਰਸ ਵੱਲੋਂ ਜਾਰੀ ਹੋਣ ਦੀ ਸੰਭਾਵਨਾ ਹੈ। ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਸਕਰੀਨਿੰਗ ਕਮੇਟੀ ਦੇ ਸਾਹਮਣੇ ਸੰਭਾਵੀ ਉਮੀਦਵਾਰਾਂ ਨੂੰ ਲੈ ਕੇ ਗੱਲਬਾਤ ਹੋਵੇਗੀ।