- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਮੰਚ ’ਤੇ ਆਏ ਕਾਂਗਰਸੀਆਂ ਦੇ ਹੱਥ ਤਾਂ ਮਿਲੇ, ਦਿਲ ਤੇ ਅੱਖ ਨਹੀਂ

- ਪਾਇਲਟ ਦੀ ਆਮਦ ’ਤੇ ਚੰਨੀ ਤੇ ਵੜਿੰਗ ਧੜਾ ਰਿਹਾ ਇਕੱਠਾ
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ
ਚੰਡੀਗੜ੍ਹ : ਕਰੀਬ ਢਾਈ ਮਹੀਨਿਆਂ ਬਾਅਦ ਪੰਜਾਬ ਕਾਂਗਰਸ ਦੀ ਸਿਆਸੀ ਤਸਵੀਰ ਬਦਲੀ-ਬਦਲੀ ਨਜ਼ਰ ਆਈ। ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਦੇ ਅੱਜ ਪਹਿਲੀ ਵਾਰ ਪੰਜਾਬ ਕਾਂਗਰਸ ਭਵਨ ਵਿਖੇ ਪੁੱਜਣ ’ਤੇ ਪੰਜਾਬ ਕਾਂਗਰਸ ਦੇ ਸਾਰੇ ਆਗੂ ਇੱਕ ਮੰਚ ’ਤੇ ਆਏ। ਪਿਛਲੇ ਕਰੀਬ ਢਾਈ ਮਹੀਨਿਆਂ ’ਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਦਰਮਿਆਨ ਆਗੂਆਂ ਨੇ ਹੱਥ ਵੀ ਮਿਲਾਏ ਪਰ ਜ਼ਿਆਦਾਤਰ ਆਗੂਆਂ ਦੇ ਦਿਲ ਤੇ ਅੱਖ ਨਹੀਂ ਮਿਲੀ। ਇਹ ਗੱਲ ਵੱਖਰੀ ਹੈ ਕਿ ਸਾਰੇ ਆਗੂਆਂ ਨੇ ਕਾਂਗਰਸ ’ਚ ਕੋਈ ਗੁਟਬਾਜ਼ੀ ਨਾ ਹੋਣ ਅਤੇ ਕਾਂਗਰਸ ਇਕਜੁੱਟ ਹੋਣ ਦੀ ਗੱਲ ਤਾਂ ਕਹੀ ਪਰ ਪ੍ਰਮੁੱਖ ਆਗੂਆਂ ਨੇ ਸਪੱਸ਼ਟ ਕੀਤਾ ਕਿ ਸੂਬੇ ’ਚ ਅਗਲੀ ਚੋਣ ਮੁੱਖ ਮੰਤਰੀ ਦੇ ਚਿਹਰੇ ਤੋਂ ਬਗੈਰ ਸੀਨੀਅਰ ਆਗੂ ਰਾਹੁਲ ਗਾਂਧੀ, ਮਲਿਕਾ ਅਰਜੁਨ ਖੜਗੇ ਦੀ ਅਗਵਾਈ ਹੇਠ ਲੜੀ ਜਾਵੇਗੀ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਦੋਂ ਘਰ ’ਚ ਪਿਓ ਹੋਵੇ ਤਾਂ ਮੁੰਡੇ ਨੂੰ ਜ਼ਿੰਮੇਵਾਰੀ ਨਹੀਂ ਦਿੱਤੀ ਜਾ ਸਕਦੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦੇ ਸਭ ਤੋਂ ਸੀਨੀਅਰ ਆਗੂ ਦੱਸਿਆ।
ਪੰਜਾਬ ਕਾਂਗਰਸ ਵੱਲੋਂ ਸੂਬਾ ਸਰਕਾਰ ਖਿਲਾਫ਼ ਕੀਤੇ ਗਏ ਰੋਸ ਪ੍ਰਦਰਸ਼ਨ ਦਰਮਿਆਨ ਕੀਤੇ ਗਏ ਸ਼ਕਤੀ ਪ੍ਰਦਰਸ਼ਨ ਮੌਕੇ ਬੇਸ਼ੱਕ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਪਰਗਟ ਸਿੰਘ, ਵਿਜੈਇੰਦਰ ਸਿੰਗਲਾ ਸਮੇਤ ਹੋਰ ਆਗੂਆਂ ਦੀ ਹਾਜ਼ਰੀ ਨੂੰ ਕਾਂਗਰਸ ਦੀ ਏਕਤਾ ਵਜੋਂ ਦੇਖਿਆ ਜਾ ਰਿਹਾ ਹੈ। ਪਰ ਸਿਆਸੀ ਹਲਕਿਆਂ ’ਚ ਚਰਚਾ ਹੈ ਕਿ ਅੱਜ ਦਾ ਘਟਨਾਕ੍ਰਮ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਦੇ ਪਹਿਲੇ ਦੌਰੇ ਕਾਰਨ ਜੁੜਿਆ ਹੋਇਆ ਹੈ। ਜਿਸ ਕਰ ਕੇ ਸਾਰੇ ਆਗੂ ਸਚਿਨ ਪਾਇਲਟ ਨੂੰ ਮਿਲਣ ਜਾਂ ਉਨ੍ਹਾਂ ਦਾ ਸਵਾਗਤ ਕਰਨ ਲਈ ਇੱਥੇ ਪੁੱਜੇ ਹਨ। ਸਵਾਲ ਇਹ ਹੈ ਕਿ ਸਾਰੇ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਹੁਣ ਸਵੀਕਾਰ ਕਰਨਗੇ, ਜਦਕਿ ਸਚਿਨ ਪਾਇਲਟ ਸਮੇਤ ਹੋਰਨਾਂ ਆਗੂਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪਾਰਟੀ ਪੰਜਾਬ ਚੋਣਾਂ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਤੋਂ ਲੜੇਗੀ। ਜਦਕਿ ਚੰਨੀ ਧੜਾ ਤਾਂ ਲਗਾਤਾਰ ਮੁੱਖ ਮੰਤਰੀ ਦਾ ਚਿਹਰਾ ਐਲਾਨਣ, ਇੱਥੋਂ ਤੱਕ ਕਿ ਕਈ ਥਾਵਾਂ ’ਤੇ ਜਨਤਕ ਸਮਾਗਮਾਂ ’ਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ ਹੋ ਚੁੱਕੀ ਹੈ।
ਸੀਨੀਅਰ ਆਗੂਆਂ ਦਾ ਇਕ ਮੰਚ ’ਤੇ ਆਉਣਾ ਕਾਂਗਰਸੀ ਵਰਕਰਾਂ ਲਈ ਉਮੀਦ ਦੀ ਕਿਰਨ
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅੱਜ ਸੀਨੀਅਰ ਆਗੂਆਂ ਦਾ ਇਕ ਮੰਚ ’ਤੇ ਆਉਣਾ ਯਕੀਨੀ ਤੌਰ ’ਤੇ ਕਾਂਗਰਸੀ ਵਰਕਰਾਂ ਲਈ ਉਮੀਦ ਦੀ ਕਿਰਨ ਹੈ, ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕੀ ਇਹ ਏਕਤਾ ਸਿਰਫ਼ ਸਾਂਝੇ ਸਿਆਸੀ ਪ੍ਰੋਗਰਾਮ ਤੱਕ ਸੀਮਤ ਰਹੇਗੀ ਜਾਂ ਪੱਕੇ ਤੌਰ ’ਤੇ ਆਗੂ ਆਪਸੀ ਮਤਭੇਦ ਖ਼ਤਮ ਕਰ ਕੇ ਕਦਮ ਨਾਲ ਕਦਮ ਮਿਲਾ ਕੇ ਚੱਲਣਗੇ? ਕਿਉਂਕਿ ਕੁਝ ਦਿਨ ਪਹਿਲਾਂ ਹੀ ਰਾਜਾ ਵੜਿੰਗ ਦੇ ਪ੍ਰੋਗਰਾਮ ਤੋਂ ਚੰਨੀ ਧੜੇ ਦੇ ਕਈ ਆਗੂਆਂ ਦੀ ਗੈਰ-ਹਾਜ਼ਰੀ ਨੇ ਧੜੇਬੰਦੀ ਨੂੰ ਮੁੜ ਉਜਾਗਰ ਕੀਤਾ ਸੀ ਤੇ ਦੋਵੇਂ ਧੜੇ ਲਗਾਤਾਰ ਅਲੱਗ-ਅਲੱਗ ਸਰਗਰਮੀਆਂ ਕਰ ਰਹੇ ਹਨ। ਕਾਂਗਰਸ ਲਈ 2027 ਦੀਆਂ ਚੋਣਾਂ ਤੱਕ ਇਨ੍ਹਾਂ ਆਗੂਆਂ ਨੂੰ ਇਕਜੁੱਟ ਰੱਖਣਾ ਹੀ ਵੱਡੀ ਚੁਣੌਤੀ ਹੈ। ਫਿਰ ਵੀ ਅੱਜ ਦੀ ਤਸਵੀਰ ਨਾਲ ਕਾਂਗਰਸ ਲਈ ਮੌਸਮ ਖੁਸ਼ਗਵਾਰ ਹੋਇਆ ਤੇ ਨਵੀਆਂ ਸੰਭਾਵਨਾਵਾਂ ਬਣੀਆਂ ਹਨ ਪਰ ਸਚਿਨ ਪਾਇਲਟ ਲਈ ਅਸਲ ਇਮਤਿਹਾਨ ਆਉਣ ਵਾਲੇ ਦਿਨਾਂ ’ਚ ਹੋਵੇਗਾ ਕਿ ਉਹ ਜ਼ਮੀਨੀ ਪੱਧਰ ਤੱਕ ਵੀ ਕਾਂਗਰਸੀਆਂ ਨੂੰ ਇਕਜੁੱਟ ਰੱਖ ਸਕਣਗੇ।