ਕਾਂਗਰਸ ਨੇ ਘਰ-ਘਰ ਜਾ ਕੇ ਚਲਾਈ ਜਨ ਸੰਪਰਕ ਮੁਹਿੰਮ ਕਾਂਗਰਸ ਵੱਲੋਂ ਘਰ-ਘਰ ਜਾ ਕੇ ਜਨ-ਸੰਪਰਕ ਮੁਹਿੰਮ
Publish Date: Fri, 20 Nov 2026 07:55 PM (IST)
Updated Date: Fri, 20 Nov 2026 07:58 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਚਲਾਈ ਜਾ ਰਹੀ ‘ਪੰਜਾਬ ਮੰਗਦਾ ਇਨਸਾਫ਼’ ਮੁਹਿੰਮ ਤਹਿਤ ਡੇਰਾਬੱਸੀ ਵਿਧਾਨ ਸਭਾ ਹਲਕੇ ਦੇ ਪਿੰਡ ਰਾਣੀਮਾਜਰਾ ’ਚ ਕਾਂਗਰਸ ਵੱਲੋਂ ਘਰ-ਘਰ ਜਾ ਕੇ ਜਨ ਸੰਪਰਕ ਮੁਹਿੰਮ ਚਲਾਈ ਗਈ। ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਓਬੀਸੀ ਵਿਭਾਗ ਦੀ ਵਿਚਾਰਧਾਰਕ ਸਲਾਹਕਾਰ ਕਮੇਟੀ ਦੇ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਬੁਲਾਰੇ ਅਮਿਤ ਬਾਵਾ ਸੈਣੀ ਦੀ ਅਗਵਾਈ ਹੇਠ ‘ਹਰ ਗਲੀ, ਹਰ ਸ਼ਹਿਰ ਕਾਂਗਰਸ ਦੀ ਲਹਿਰ’ ਪ੍ਰੋਗਰਾਮ ਤਹਿਤ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਮੌਕੇ ਪਿੰਡ ਵਾਸੀਆਂ ਨੇ ਕਾਂਗਰਸੀ ਆਗੂਆਂ ਸਾਹਮਣੇ ਆਪਣੀਆਂ ਮੁਸ਼ਕਲਾਂ ਰੱਖਦਿਆਂ ਦੱਸਿਆ ਕਿ ਪਿੰਡ ’ਚ ਪੀਣ ਵਾਲੇ ਪਾਣੀ ਦੀ ਸਮੱਸਿਆ ਸਭ ਤੋਂ ਗੰਭੀਰ ਹੈ। ਪਿੰਡ ’ਚ ਸਿਰਫ਼ ਇਕ ਟਿਊਬਵੈੱਲ ਹੋਣ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਰਹਿੰਦੀ ਹੈ। ਇਸ ਤੋਂ ਇਲਾਵਾ ਖੁੱਲ੍ਹੇ ਗੰਦੇ ਨਾਲ਼ੇ ਕਾਰਨ ਹਾਦਸਿਆਂ ਅਤੇ ਮੌਸਮੀ ਬਿਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪਿੰਡ ਤੋਂ ਸ਼ਹਿਰ ਜਾਣ ਲਈ ਸਰਕਾਰੀ ਬੱਸ ਸੇਵਾ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਆਉਣ-ਜਾਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਨੇ ਆਗੂਆਂ ਤੋਂ ਮੰਗ ਕੀਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਰਕਾਰ ਬਣਨ ’ਤੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਵਿਕਰਮ ਰਾਣਾ, ਬਲਦੇਵ ਸਿੰਘ ਰੁੜਕੀ, ਗੁਰਮੀਤ ਸਿੰਘ, ਰਾਜੀਵ ਗਾਂਧੀ ਪੰਚਾਇਤੀ ਰਾਜ ਦੇ ਬਲਾਕ ਪ੍ਰਧਾਨ ਸੌਰਭ ਥੰਮਣ, ਜਸਵੰਤ ਰਾਣਾ, ਯੂਥ ਕਾਂਗਰਸ ਦੇ ਵਿਧਾਨ ਸਭਾ ਹਲਕਾ ਉਪ ਪ੍ਰਧਾਨ ਪਰਮਵੀਰ ਰਾਣਾ ਅਤੇ ਸੇਵਾ ਦਲ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਸਮੇਤ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।