ਕਾਂਗਰਸ ਦਾ ਅੰਦਰੂਨੀ ਕਲੇਸ਼: ਗੁੱਟਬਾਜ਼ੀ ਹੇਠਲੇ ਪੱਧਰ ਤੇ, ਕੀ ਕਿਸੇ ਵੱਡੇ ਲੀਡਰ ਦੀ ਹੋਵੇਗੀ ਬਲੀ, ਆਪਸੀ ਫੁੱਟ ਨੇ ਪਹੁੰਚਾਈ ਹਾਈਕਮਾਂਡ ਨੂੰ ਚਿੰਤਾ ’ਚ
ਹੈਰਾਨੀ ਦੀ ਗੱਲ ਹੈ ਇਹ ਸਭ ਕੁਝ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਦੀ ਮੌਜੂਦਗੀ ਵਿਚ ਹੋਇਆ। ਬਘੇਲ ਦੇ ਸਾਹਮਣੇ ਵਰਕਰਾਂ ਨੇ ਅਨੁਸ਼ਾਸਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆ। ਪਟਿਆਲਾ ਅਤੇ ਸੰਗਰੂਰ ਦੀਆਂ ਘਟਨਾਵਾਂ ਤੋਂ ਇਹ ਸਾਫ਼ ਝਲਕਦਾ ਹੈ ਕਿ ਪਾਰਟੀ ਦੇ ਅੰਦਰ ਧੜੇਬੰਦੀ ਕਿਸ ਕਦਰ ਹਾਵੀ ਹੋ ਚੁੱਕੀ ਹੈ। ਵਰਕਰਾਂ ਦਾ ਦੋਸ਼ ਹੈ ਕਿ ਸਥਾਨਕ ਪੱਧਰ 'ਤੇ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਅਤੇ ਪਾਰਟੀ ਵਿਚ ਸਿਰਫ਼ ਖ਼ਾਸ ਧੜਿਆਂ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਰਕਰਾਂ ਨੂੰ ਸ਼ਾਂਤ ਕਰਨ ਦਾ ਯਤਨ ਵੀ ਕੀਤਾ ਪਰ ਵਰਕਰ ਵਿਰੋਧ ਕਰਦੇ ਰਹੇ।
Publish Date: Sun, 02 Aug 2026 08:18 AM (IST)
Updated Date: Sun, 02 Aug 2026 08:24 AM (IST)
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ। ਪੰਜਾਬ ਕਾਂਗਰਸ ਦੀ ਚੱਲ ਰਹੀ ਅੰਦਰੂਨੀ ਗੁੱਟਬਾਜ਼ੀ ਵੱਡੇ ਆਗੂਆਂ ਦੇ ਬੰਦ ਕਮਰਿਆਂ ਦੀਆਂ ਬੈਠਕਾਂ ਤੱਕ ਸੀਮਤ ਨਹੀਂ ਰਹੀ, ਬਲਕਿ ਗੁੱਟਬਾਜੀ ਹੇਠਲੇ ਪੱਧਰ 'ਤੇ ਪੁੱਜ ਗਈ ਹੈ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦੀ ਹਾਜ਼ਰੀ ਵਿਚ ਜਿਸ ਢੰਗ ਨਾਲ ਵਰਕਰਾਂ ਨੇ ਹੇਠਲੇ ਪੱਧਰ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਉਸ ਤੋਂ ਸਪਸ਼ਟ ਹੋ ਗਿਆ ਹੈ ਕਿ ਕਾਂਗਰਸ ਦੀ ਇਹ ਧੜੇਬੰਦੀ ਕਿਸੇ ਵੱਡੇ ਆਗੂ ਦੀ ਬਲੀ ਲੈ ਸਕਦੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਵਲੋਂ ਸ਼ੁਰੂ ਕੀਤੀ ਹਰ ਬੂਥ ਮਜਬੂਤ ਮੁਹਿੰਮ ਤਹਿਤ ਪਟਿਆਲਾ ਅਤੇ ਸੰਗਰੂਰ ਵਿਖੇ ਹੋਈਆਂ ਮੀਟਿੰਗਾਂ ਦੌਰਾਨ ਜੋ ਕੁਝ ਦੇਖਣ ਨੂੰ ਮਿਲਿਆ, ਉਸ ਨੇ ਹਾਈਕਮਾਂਡ ਦੀ ਚਿੰਤਾਂ ਵਧਾ ਦਿੱਤੀ ਹੈ। ਇਨ੍ਹਾਂ ਜ਼ਿਲ੍ਹਿਆਂ ’ਚ ਵਰਕਰਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖ਼ਿਲਾਫ਼ ਸ਼ਰੇਆਮ ਨਾਅਰੇਬਾਜ਼ੀ ਕੀਤੀ ਅਤੇ ਵਿਰੋਧ ਪ੍ਰਦਰਸ਼ਨ ਕੀਤਾ।
ਹੈਰਾਨੀ ਦੀ ਗੱਲ ਹੈ ਇਹ ਸਭ ਕੁਝ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਦੀ ਮੌਜੂਦਗੀ ਵਿਚ ਹੋਇਆ। ਬਘੇਲ ਦੇ ਸਾਹਮਣੇ ਵਰਕਰਾਂ ਨੇ ਅਨੁਸ਼ਾਸਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆ। ਪਟਿਆਲਾ ਅਤੇ ਸੰਗਰੂਰ ਦੀਆਂ ਘਟਨਾਵਾਂ ਤੋਂ ਇਹ ਸਾਫ਼ ਝਲਕਦਾ ਹੈ ਕਿ ਪਾਰਟੀ ਦੇ ਅੰਦਰ ਧੜੇਬੰਦੀ ਕਿਸ ਕਦਰ ਹਾਵੀ ਹੋ ਚੁੱਕੀ ਹੈ। ਵਰਕਰਾਂ ਦਾ ਦੋਸ਼ ਹੈ ਕਿ ਸਥਾਨਕ ਪੱਧਰ 'ਤੇ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਅਤੇ ਪਾਰਟੀ ਵਿਚ ਸਿਰਫ਼ ਖ਼ਾਸ ਧੜਿਆਂ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਰਕਰਾਂ ਨੂੰ ਸ਼ਾਂਤ ਕਰਨ ਦਾ ਯਤਨ ਵੀ ਕੀਤਾ ਪਰ ਵਰਕਰ ਵਿਰੋਧ ਕਰਦੇ ਰਹੇ।
ਇਸ ਖੁੱਲ੍ਹੇ ਵਿਰੋਧ ਨੇ ਪਾਰਟੀ ਦੇ ਅੰਦਰੂਨੀ ਹਾਲਾਤ ਨੂੰ ਜਨਤਕ ਕਰ ਦਿੱਤਾ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਕਾਂਗਰਸ ਦੀ ਇਹ ਆਪਸੀ ਲੜਾਈ ਹੁਣ ਕਿਸੇ ਵੱਡੇ ਆਗੂ ਦੀ ਸਿਆਸੀ ਬਲੀ ਲੈ ਸਕਦੀ ਹੈ। ਜੇਕਰ ਹਾਈਕਮਾਂਡ ਨੇ ਤੁਰੰਤ ਇਸ ਸਥਿਤੀ ਨੂੰ ਨਾ ਸੰਭਾਲਿਆ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਨੂੰ ਇਸ ਦਾ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।
ਵੜਿੰਗ ਲਈ ਆਪਣੀ ਪ੍ਰਧਾਨਗੀ ਦੇ ਕਾਰਜਕਾਲ ਦੌਰਾਨ ਸਾਰੇ ਧੜਿਆਂ ਨੂੰ ਇਕੱਠੇ ਲੈ ਕੇ ਚੱਲਣਾ ਹੁਣ ਇੱਕ ਬਹੁਤ ਵੱਡੀ ਚੁਣੌਤੀ ਬਣ ਗਿਆ ਹੈ।
ਵਰਨਣਯੋਗ ਹੈ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਰਾਜਾ ਵੜਿੰਗ ਨੂੰ ਮੁੜ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਕਾਫੀ ਖਫਾ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੜਾ ਸਿੱਧੇ ਰੂਪ ਵਿੱਚ ਵੜਿੰਗ ਦਾ ਵਿਰੋਧ ਕਰ ਰਿਹਾ ਹੈ। ਹਾਲਾਂਕਿ ਪਾਰਟੀ ਨੇ ਚੰਨੀ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਲਗਾ ਦਿੱਤਾ ਹੈ ਇਸਦੇ ਬਾਵਜੂਦ ਹੇਠਲੇ ਪੱਧਰ ’ਤੇ ਕਾਂਗਰਸੀ ਆਗੂਆਂ ਵਿੱਚ ਨਰਾਜ਼ਗੀ ਪਾਈ ਜਾ ਰਹੀ ਹੈ।
ਹਾਈ ਕਮਾਂਡ ਨੇ ਆਗੂਆਂ ਦੀ ਨਰਾਜ਼ਗੀ ਨੂੰ ਦੂਰ ਕਰਨ ਲਈ ਦਿੱਲੀ ਵਿਖੇ ਸੀਨੀਅਰ ਆਗੂਆਂ ਦੀ ਇੱਕ ਮੀਟਿੰਗ ਕਰਕੇ ਤਾੜਨਾ ਵੀ ਕੀਤੀ ਸੀ। ਇਸ ਤੋਂ ਇਲਾਵਾ ਕਰੀਬ ਛੇ ਦਿਨਾਂ ਤੱਕ ਭਪੇਸ਼ ਬਘੇਲ ਨੇ ਚੰਡੀਗੜ੍ਹ ਵਿਖੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ, ਹਲਕਾ ਇੰਚਾਰਜਾਂ ਅਤੇ ਵੱਖ-ਵੱਖ ਆਗੂਆਂ ਨਾਲ ਮੀਟਿੰਗ ਵੀ ਕੀਤੀ ਸੀ।
ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਘਰ ਹੋਈ ਮੀਟਿੰਗ ਵਿੱਚ ਆਗੂਆਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਸੀ ਕਿ ਉਹ ਵੜਿੰਗ ਦੀ ਅਗਵਾਈ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਣਗੇ ਪਰ ਇਸਦਾ ਤੋੜ ਲੱਭਦੇ ਹੋਏ ਬਘੇਲ ਨੇ ਦਿੱਲੀ ਵਿਖੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਣਾਈਆਂ ਗਈਆਂ ਸਾਰੀਆਂ ਕਮੇਟੀਆਂ ਦੇ ਮੁਖੀਆਂ ਨਾਲ ਪੰਜਾਬ ਚੋਣਾਂ ਨੂੰ ਲੈ ਕੇ ਅਗਲੀ ਰਣਨੀਤੀ ਬਣਾਉਣ ਲਈ ਮੀਟਿੰਗ ਕੀਤੀ ਸੀ ਪਰ ਅਜੇ ਤੱਕ ਵੀ ਭੁਪੇਸ਼ ਬਘੇਲ ਕਾਂਗਰਸੀਆਂ ਦੀ ਨਰਾਜ਼ਗੀ ਨੂੰ ਦੂਰ ਕਰਨ ਵਿੱਚ ਸਫਲ ਨਹੀਂ ਹੋ ਸਕੇ।