ਕਾਂਗਰਸ ਦੇ ਐੱਸਸੀ ਵਿਭਾਗ ਦਾ ਧਰਨਾ ਚੌਥੇ ਦਿਨ ਵੀ ਜਾਰੀ ਕਾਂਗਰਸ ਦੇ ਐੱਸ.ਸੀ. ਵਿਭਾਗ ਦਾ ਧਰਨਾ ਚੌਥੇ ਦਿਨ ਵੀ ਜਾਰੀ
Publish Date: Fri, 04 Sep 2026 07:54 PM (IST)
Updated Date: Sat, 05 Sep 2026 04:04 AM (IST)
* ਰਾਹੁਲ ਗਾਂਧੀ ਵਿਰੁੱਧ ਦਰਜ ਝੂਠਾ ਕੇਸ ਬਿਨਾਂ ਸ਼ਰਤ ਰੱਦ ਨਾ ਹੋਣ ਤੱਕ ਧਰਨਾ ਜਾਰੀ ਰੱਖਣ ਦੀ ਦਿੱਤੀ ਚਿਤਾਵਨੀ * ਕਥਿਤ ਸ਼ੁੱਧੀਕਰਨ ਵਰਗੇ ਵਿਤਕਰੇ ਭਰੇ ਕਾਰਿਆਂ ਦਾ ਸਖ਼ਤ ਨੋਟਿਸ ਲਿਆ ਗਿਆ ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੀਤੀ ਗਈ ਬਦਲਾਖੋਰੀ ਵਾਲੀ ਐੱਫ.ਆਈ.ਆਰ. ਦੇ ਵਿਰੋਧ ’ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਨੁਸੂਚਿਤ ਜਾਤੀ ਵਿਭਾਗ ਵੱਲੋਂ ਸ਼ੁਰੂ ਕੀਤਾ ਰੋਸ ਪ੍ਰਦਰਸ਼ਨ ਅੱਜ ਲਗਾਤਾਰ ਚੌਥੇ ਦਿਨ ’ਚ ਦਾਖ਼ਲ ਹੋ ਗਿਆ। ਆਗੂਆਂ ਤੇ ਵਰਕਰਾਂ ਨੇ ਤੰਗ-ਪਰੇਸ਼ਾਨ ਕਰਨ ਤੇ ਬਦਲਾਖੋਰੀ ਦੀ ਰਾਜਨੀਤੀ ਵਿਰੁੱਧ ਆਪਣੇ ਦ੍ਰਿੜ੍ਹ ਰੁਖ਼ ਨੂੰ ਦੁਹਰਾਇਆ। ਆਗੂਆਂ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਇਹ ਧਰਨਾ-ਪ੍ਰਦਰਸ਼ਨ ਉਦੋਂ ਤੱਕ ਕਿਸੇ ਵੀ ਹਾਲਤ ’ਚ ਖ਼ਤਮ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਰਾਹੁਲ ਗਾਂਧੀ ਵਿਰੁੱਧ ਦਰਜ ਝੂਠਾ ਕੇਸ ਬਿਨਾਂ ਸ਼ਰਤ ਰੱਦ ਨਹੀਂ ਹੁੰਦਾ ਅਤੇ ਦਲਿਤ ਭਾਈਚਾਰੇ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ਼ ਮਿਸਾਲੀ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਤੁਰੰਤ ਢੁੱਕਵੀਂ ਕਾਰਵਾਈ ਨਾ ਕੀਤੀ ਤਾਂ ਇਹ ਅੰਦੋਲਨ ਸਿਰਫ਼ ਪਾਰਟੀ ਦਫ਼ਤਰ ਤੱਕ ਸੀਮਤ ਨਹੀਂ ਰਹੇਗਾ, ਸਗੋਂ ਸੜਕਾਂ ਤੇ ਉਤਰ ਕੇ ਪੰਜਾਬ ਦੇ ਹਰ ਬਲਾਕ ਤੇ ਜ਼ਿਲ੍ਹੇ ਨੂੰ ਕਵਰ ਕਰਦਿਆਂ ਇਕ ਵਿਸ਼ਾਲ ਸੂਬਾ ਪੱਧਰੀ ਸੰਘਰਸ਼ ਦਾ ਰੂਪ ਧਾਰਨ ਕਰੇਗਾ। ਪ੍ਰਦਰਸ਼ਨ ਦੌਰਾਨ ਦਲਿਤ ਆਗੂਆਂ ਦੇ ਜਨਤਕ ਸੰਬੋਧਨਾਂ ਤੋਂ ਬਾਅਦ ਕੀਤੇ ਗਏ ਕਥਿਤ ਸ਼ੁੱਧੀਕਰਨ ਵਰਗੇ ਵਿਤਕਰੇ ਭਰੇ ਕਾਰਿਆਂ ਦਾ ਸਖ਼ਤ ਨੋਟਿਸ ਲਿਆ ਗਿਆ ਅਤੇ ਇਸ ਨੂੰ ਬੇਹੱਦ ਘਿਣੌਨਾ, ਗ਼ੈਰ-ਸੰਵਿਧਾਨਕ ਤੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਸੰਵਿਧਾਨ ਦੇ ਮੂਲ ਸਿਧਾਂਤਾਂ ਤੇ ਸਿੱਧਾ ਹਮਲਾ ਕਰਾਰ ਦਿੱਤਾ ਗਿਆ। ਵਰਕਰਾਂ ਨੇ ਆਪਣਾ ਸੰਕਲਪ ਦੁਹਰਾਉਂਦਿਆਂ ਐਲਾਨ ਕੀਤਾ ਕਿ ਪ੍ਰਸ਼ਾਸਨ ਦਾ ਕੋਈ ਵੀ ਦਬਾਅ ਉਨ੍ਹਾਂ ਨੂੰ ਸੰਵਿਧਾਨਕ ਕਦਰਾਂ-ਕੀਮਤਾਂ ਤੇ ਦੱਬੇ-ਕੁਚਲੇ ਵਰਗਾਂ ਦੇ ਸਨਮਾਨ ਦੀ ਰਾਖੀ ਲਈ ਜ਼ਮੀਨੀ ਪੱਧਰ ਤੇ ਲੜਨ ਤੋਂ ਰੋਕ ਨਹੀਂ ਸਕਦਾ। ਇਸ ਅੰਦੋਲਨ ਦੀ ਅਗਵਾਈ ਸੁਧੀਰ ਚੌਧਰੀ (ਕੌਮੀ ਕੋ-ਆਰਡੀਨੇਟਰ, ਇੰਚਾਰਜ ਪੰਜਾਬ ਕਾਂਗਰਸ), ਮਨੀ ਰਾਮ (ਕੌਮੀ ਕੋ-ਆਰਡੀਨੇਟਰ, ਸਹਿ-ਇੰਚਾਰਜ ਪੰਜਾਬ ਕਾਂਗਰਸ) ਅਤੇ ਗੁਰਪ੍ਰੀਤ ਸਿੰਘ ਲੱਕੀ ਪੱਖੋ (ਚੇਅਰਮੈਨ, ਐੱਸ.ਸੀ. ਵਿਭਾਗ ਪੰਜਾਬ ਕਾਂਗਰਸ) ਸ਼ਾਮਲ ਸਨ। ਇਸ ਮੌਕੇ ਯਾਮਿਨੀ ਗੋਮਰ (ਵਰਕਿੰਗ ਚੇਅਰਮੈਨ, ਪੰਜਾਬ ਕਾਂਗਰਸ), ਹਰਵਿੰਦਰ ਪਾਲ ਸਿੰਘ (ਵਾਈਸ ਚੇਅਰਮੈਨ, ਪੰਜਾਬ ਕਾਂਗਰਸ), ਲਖਵਿੰਦਰ ਸਿੰਘ (ਜ਼ਿਲ੍ਹਾ ਚੇਅਰਮੈਨ, ਫ਼ਤਹਿਗੜ੍ਹ ਸਾਹਿਬ, ਕਾਂਗਰਸ), ਰਣਜੀਤ ਸਿੰਘ (ਜ਼ਿਲ੍ਹਾ ਚੇਅਰਮੈਨ, ਮੋਹਾਲੀ, ਕਾਂਗਰਸ), ਅਜਮੇਰ ਸਿੰਘ (ਜ਼ਿਲ੍ਹਾ ਚੇਅਰਮੈਨ, ਰੋਪੜ, ਕਾਂਗਰਸ), ਐਡਵੋਕੇਟ ਅਵਤਾਰ ਸਿੰਘ ਸੰਧਵਾਂ (ਜਨਰਲ ਸਕੱਤਰ, ਫ਼ਰੀਦਕੋਟ, ਕਾਂਗਰਸ), ਸੇਵਕ ਸਿੰਘ (ਜਨਰਲ ਸਕੱਤਰ, ਫ਼ਤਹਿਗੜ੍ਹ ਸਾਹਿਬ, ਕਾਂਗਰਸ) ਸਮੇਤ ਆਗੂ ਮਨਜੀਤ ਸਿੰਘ ਤੇ ਸ਼ੇਰ ਸਿੰਘ ਆਦਿ ਹਾਜ਼ਰ ਸਨ।