ਪੰਜਾਬ ਚੋਣਾਂ ਲਈ ਕਾਂਗਰਸ ਦੀ ਵੱਡੀ ਘੇਰਾਬੰਦੀ, ਭੂਪੇਸ਼ ਬਘੇਲ ਵੱਲੋਂ ਅੱਜ 6 ਵਜੇ ਚੰਡੀਗੜ੍ਹ 'ਚ ਹੰਗਾਮੀ ਮੀਟਿੰਗ; ਚੰਨੀ-ਰੰਧਾਵਾ ਤੇ ਵੜਿੰਗ ਹੋਣਗੇ ਆਹਮੋ-ਸਾਹਮਣੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਨੂੰ ਅੰਤਿਮ ਛੋਹਾਂ ਦੇਣ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਅੱਜ ਸ਼ਾਮ 6 ਵਜੇ ਸੂਬੇ ਦੀ ਸੀਨੀਅਰ ਲੀਡਰਸ਼ਿਪ ਦੀ ਇੱਕ ਹੰਗਾਮੀ ਮੀਟਿੰਗ ਇੰਦਰਾ ਭਵਨ, ਚੰਡੀਗੜ੍ਹ ਵਿਖੇ ਬੁਲਾਈ ਹੈ। ਦਰਅਸਲ, ਇਹ ਮੀਟਿੰਗ ਪਹਿਲਾਂ ਹੀ ਤੈਅ ਸੀ ਪਰ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਿਵਾਸ ਅੱਗੇ ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਵੱਲੋਂ ਪੰਜਾਬ ਦੇ ਪ੍ਰਮੁੱਖ ਆਗੂਆਂ ਨੂੰ ਹਿਰਾਸਤ 'ਚ ਲਏ ਜਾਣ ਕਰਕੇ ਇਸ ਨੂੰ ਮੁਲਤਵੀ ਕਰਨਾ ਪਿਆ ਸੀ। ਸਥਿਤੀ ਸੁਖਾਵੀਂ ਹੋਣ ਤੋਂ ਬਾਅਦ ਹੁਣ ਪਾਰਟੀ ਇੰਚਾਰਜ ਨੇ ਮੁੜ ਮੀਟਿੰਗ ਦਾ ਸਮਾਂ ਤੈਅ ਕੀਤਾ ਹੈ।
Publish Date: Wed, 22 Jul 2026 04:28 PM (IST)
Updated Date: Wed, 22 Jul 2026 04:30 PM (IST)
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਨੂੰ ਅੰਤਿਮ ਛੋਹਾਂ ਦੇਣ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਅੱਜ ਸ਼ਾਮ 6 ਵਜੇ ਸੂਬੇ ਦੀ ਸੀਨੀਅਰ ਲੀਡਰਸ਼ਿਪ ਦੀ ਇੱਕ ਹੰਗਾਮੀ ਮੀਟਿੰਗ ਇੰਦਰਾ ਭਵਨ, ਚੰਡੀਗੜ੍ਹ ਵਿਖੇ ਬੁਲਾਈ ਹੈ। ਦਰਅਸਲ, ਇਹ ਮੀਟਿੰਗ ਪਹਿਲਾਂ ਹੀ ਤੈਅ ਸੀ ਪਰ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਿਵਾਸ ਅੱਗੇ ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਵੱਲੋਂ ਪੰਜਾਬ ਦੇ ਪ੍ਰਮੁੱਖ ਆਗੂਆਂ ਨੂੰ ਹਿਰਾਸਤ 'ਚ ਲਏ ਜਾਣ ਕਰਕੇ ਇਸ ਨੂੰ ਮੁਲਤਵੀ ਕਰਨਾ ਪਿਆ ਸੀ। ਸਥਿਤੀ ਸੁਖਾਵੀਂ ਹੋਣ ਤੋਂ ਬਾਅਦ ਹੁਣ ਪਾਰਟੀ ਇੰਚਾਰਜ ਨੇ ਮੁੜ ਮੀਟਿੰਗ ਦਾ ਸਮਾਂ ਤੈਅ ਕੀਤਾ ਹੈ।
ਮੀਟਿੰਗ 'ਚ ਸ਼ਾਮਲ ਹੋਣਗੇ ਇਹ ਵੱਡੇ ਚਿਹਰੇ ਪਾਰਟੀ ਵੱਲੋਂ ਗਠਿਤ ਵੱਖ-ਵੱਖ ਕਮੇਟੀਆਂ ਦੇ ਮੁਖੀਆਂ ਅਤੇ ਮੈਂਬਰਾਂ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਭੇਜਿਆ ਗਿਆ ਹੈ, ਜਿਨ੍ਹਾਂ 'ਚ ਮੁੱਖ ਤੌਰ 'ਤੇ :-
ਅਮਰਿੰਦਰ ਸਿੰਘ ਰਾਜਾ ਵੜਿੰਗ (ਪ੍ਰਧਾਨ, ਪੰਜਾਬ ਪ੍ਰਦੇਸ਼ ਕਾਂਗਰਸ)
ਚਰਨਜੀਤ ਸਿੰਘ ਚੰਨੀ (ਚੇਅਰਮੈਨ, ਚੋਣ ਪ੍ਰਚਾਰ ਕਮੇਟੀ)
ਸੁਖਜਿੰਦਰ ਸਿੰਘ ਰੰਧਾਵਾ (ਚੇਅਰਮੈਨ, ਕੋਰ ਕਮੇਟੀ)
ਵਿਜੇ ਇੰਦਰ ਸਿੰਗਲਾ (ਚੇਅਰਮੈਨ, ਪ੍ਰਚਾਰ ਤੇ ਤਾਲਮੇਲ ਕਮੇਟੀ)
ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਨਵ-ਗਠਿਤ ਕਮੇਟੀਆਂ ਦੇ ਉਪ-ਚੇਅਰਮੈਨ ਅਤੇ ਮੈਂਬਰ ਵੀ ਸ਼ਿਰਕਤ ਕਰਨਗੇ।
ਅੰਦਰੂਨੀ ਨਰਾਜ਼ਗੀ ਦੇ ਵਿਚਕਾਰ ਕੀ ਬਣੇਗੀ ਸਹਿਮਤੀ?
ਸੂਬਾ ਕਾਂਗਰਸ 'ਚ ਚੱਲ ਰਹੀ ਗੁੱਟਬੰਦੀ ਅਤੇ ਅੰਦਰੂਨੀ ਖਿੱਚੋਤਾਣ ਦੇ ਮੱਦੇਨਜ਼ਰ ਇਹ ਮੀਟਿੰਗ ਬੇਹੱਦ ਸੰਵੇਦਨਸ਼ੀਲ मानी ਜਾ ਰਹੀ ਹੈ। ਸਿਆਸੀ ਗਲਿਆਰਿਆਂ 'ਚ ਹੁਣ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਪਾਰਟੀ ਪ੍ਰਧਾਨ ਰਾਜਾ ਵੜਿੰਗ ਨਾਲ ਨਰਾਜ਼ ਚੱਲ ਰਹੇ ਸੀਨੀਅਰ ਆਗੂ- ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ—ਇੱਕ ਹੀ ਮੇਜ਼ 'ਤੇ ਬੈਠ ਕੇ ਚੋਣ ਰਣਨੀਤੀ 'ਤੇ ਚਰਚਾ ਕਰਨਗੇ ਜਾਂ ਨਰਾਜ਼ਗੀ ਅਜੇ ਵੀ ਬਰਕਰਾਰ ਰਹੇਗੀ। ਪਾਰਟੀ ਸੂਤਰਾਂ ਮੁਤਾਬਕ, ਭੂਪੇਸ਼ ਬਘੇਲ ਇਸ ਮੀਟਿੰਗ ਰਾਹੀਂ ਨਰਾਜ਼ ਨੇਤਾਵਾਂ ਨੂੰ ਮਨਾਉਣ ਅਤੇ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਇੱਕਜੁੱਟਤਾ ਦਾ ਸੁਨੇਹਾ ਦੇਣ ਦੀ ਪੂਰੀ ਕੋਸ਼ਿਸ਼ ਕਰਨਗੇ।