ਚਰਨਜੀਤ ਸਿੰਘ ਚੰਨੀ 'ਤੇ ਕਾਂਗਰਸ ਦਾ ਵੱਡਾ ਭਰੋਸਾ, ਲਗਾਤਾਰ ਤੀਜੀ ਵਾਰ ਸੰਸਦੀ ਕਮੇਟੀ ਦੀ ਮਿਲੀ ਕਮਾਨ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ’ਤੇ ਪਾਰਟੀ ਲੀਡਰਸ਼ਿਪ ਨੇ ਇੱਕ ਵਾਰ ਫਿਰ ਭਰੋਸਾ ਜਤਾਇਆ ਹੈ। ਸੰਸਦੀ ਸਥਾਈ ਕਮੇਟੀਆਂ ਦੇ ਪੁਨਰਗਠਨ ਤੋਂ ਬਾਅਦ ਚੰਨੀ ਨੂੰ ਲਗਾਤਾਰ ਤੀਜੀ ਵਾਰ ਖੇਤੀਬਾੜੀ, ਪਸ਼ੂ ਪਾਲਣ, ਫੂਡ ਪ੍ਰੋਸੈਸਿੰਗ, ਡੇਅਰੀ ਅਤੇ ਮੱਛੀ ਪਾਲਣ ਸਬੰਧੀ ਸਥਾਈ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।
Publish Date: Mon, 05 Oct 2026 02:06 PM (IST)
Updated Date: Mon, 05 Oct 2026 02:07 PM (IST)
ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ’ਤੇ ਪਾਰਟੀ ਲੀਡਰਸ਼ਿਪ ਨੇ ਇੱਕ ਵਾਰ ਫਿਰ ਭਰੋਸਾ ਜਤਾਇਆ ਹੈ। ਸੰਸਦੀ ਸਥਾਈ ਕਮੇਟੀਆਂ ਦੇ ਪੁਨਰਗਠਨ ਤੋਂ ਬਾਅਦ ਚੰਨੀ ਨੂੰ ਲਗਾਤਾਰ ਤੀਜੀ ਵਾਰ ਖੇਤੀਬਾੜੀ, ਪਸ਼ੂ ਪਾਲਣ, ਫੂਡ ਪ੍ਰੋਸੈਸਿੰਗ, ਡੇਅਰੀ ਅਤੇ ਮੱਛੀ ਪਾਲਣ ਸਬੰਧੀ ਸਥਾਈ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।
ਚੰਨੀ ਨੇ ਇਸ ਲਈ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਹੈ। ਚੰਨੀ ਨੇ ਕਿਹਾ ਕਿ ਉਹ ਕਿਸਾਨਾਂ ਦੀ ਸੇਵਾ ਅਤੇ ਪੇਂਡੂ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਪੂਰੀ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਕੰਮ ਕਰਦੇ ਰਹਿਣਗੇ। ਚੰਨੀ ਸਤੰਬਰ 2024 ਤੋਂ ਇਸ ਕਮੇਟੀ ਦੇ ਚੇਅਰਮੈਨ ਹਨ। ਇਹ ਕਮੇਟੀ ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਨਾਲ ਸਬੰਧਤ ਮੰਤਰਾਲਿਆਂ ਦੀਆਂ ਨੀਤੀਆਂ, ਯੋਜਨਾਵਾਂ, ਬਜਟ ਅਤੇ ਕੰਮਕਾਜ ਦੀ ਸਮੀਖਿਆ ਕਰਦੀ ਹੈ।
ਦੋ ਸਾਲਾਂ 'ਚ ਦੋ ਵਾਰ ‘ਸੰਸਦ ਰਤਨ’ ਸਨਮਾਨ ਚੰਨੀ ਦੇ ਸੰਸਦੀ ਪ੍ਰਦਰਸ਼ਨ ਨੂੰ ਪਿਛਲੇ ਕੁਝ ਸਾਲਾਂ ਦੌਰਾਨ ਲਗਾਤਾਰ ਮਾਨਤਾ ਮਿਲੀ ਹੈ। ਸਾਲ 2025 'ਚ ਉਨ੍ਹਾਂ ਨੂੰ ਵਿਅਕਤੀਗਤ ਸੰਸਦੀ ਪ੍ਰਦਰਸ਼ਨ ਲਈ ‘ਸੰਸਦ ਰਤਨ’ ਸਨਮਾਨ ਦਿੱਤਾ ਗਿਆ ਸੀ। ਇਸੇ ਤਰ੍ਹਾਂ 2026 'ਚ ਉਨ੍ਹਾਂ ਦੀ ਅਗਵਾਈ ਵਾਲੀ ਖੇਤੀਬਾੜੀ ਸਬੰਧੀ ਸਥਾਈ ਕਮੇਟੀ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ‘ਸੰਸਦ ਰਤਨ’ ਸਨਮਾਨ ਦਿੱਤਾ ਗਿਆ।
ਸਤੰਬਰ 'ਚ ਨਵੀਂ ਦਿੱਲੀ 'ਚ ਹੋਏ ਸਮਾਗਮ ਦੌਰਾਨ ਚੰਨੀ ਨੂੰ ਇਹ ਸਨਮਾਨ ਮਿਲਿਆ ਸੀ। ਕਮੇਟੀ ਨੂੰ ਸੰਸਦ 'ਚ ਸਭ ਤੋਂ ਵੱਧ ਰਿਪੋਰਟਾਂ ਪੇਸ਼ ਕਰਨ ਦੇ ਆਧਾਰ ’ਤੇ ਸਨਮਾਨਿਤ ਕੀਤਾ ਗਿਆ ਸੀ। ਚੰਨੀ ਨੇ ਕਿਸਾਨਾਂ ਅਤੇ ਪੰਜਾਬ ਨਾਲ ਜੁੜੇ ਮੁੱਦਿਆਂ ਨੂੰ ਸੰਸਦੀ ਕਮੇਟੀਆਂ 'ਚ ਪ੍ਰਮੁੱਖਤਾ ਨਾਲ ਉਠਾਇਆ ਹੈ। ਕਮੇਟੀ ਨੇ ਖੇਤੀਬਾੜੀ, ਮੱਛੀ ਪਾਲਣ ਅਤੇ ਪੇਂਡੂ ਰੋਜ਼ੀ-ਰੋਟੀ ਨਾਲ ਜੁੜੇ ਵੱਖ-ਵੱਖ ਮਾਮਲਿਆਂ ’ਤੇ ਸਬੰਧਤ ਮੰਤਰਾਲਿਆਂ ਤੋਂ ਜਵਾਬ ਮੰਗੇ ਅਤੇ ਰਿਪੋਰਟਾਂ ਪੇਸ਼ ਕੀਤੀਆਂ।