- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਮਨੁੱਖੀ ਅਧਿਕਾਰ ਸੰਗਠਨ (PHRO) ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਨੋਈ ਦੇ ਨੌਜਵਾਨ ਸਨਮਦੀਪ ਸਿੰਘ ਦੀ ਮੌਤ ਅਤੇ ਉਸ ਦੇ ਪਰਿਵਾਰ ਦੀ ਗ਼ੈਰ-ਹਾਜ਼ਰੀ ਵਿੱਚ ਕੀਤੇ ਗਏ ਅੰਤਿਮ ਸਸਕਾਰ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।

ਪੰਜਾਬੀ ਜਾਗਰਣ ਬਿੳੂਰੋ, ਚੰਡੀਗੜ੍ਹ : ਪੰਜਾਬ ਮਨੁੱਖੀ ਅਧਿਕਾਰ ਸੰਗਠਨ (PHRO) ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਨੋਈ ਦੇ ਨੌਜਵਾਨ ਸਨਮਦੀਪ ਸਿੰਘ ਦੀ ਮੌਤ ਅਤੇ ਉਸ ਦੇ ਪਰਿਵਾਰ ਦੀ ਗ਼ੈਰ-ਹਾਜ਼ਰੀ ਵਿੱਚ ਕੀਤੇ ਗਏ ਅੰਤਿਮ ਸਸਕਾਰ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।
PHRO ਨੇ ਕਿਹਾ ਕਿ ਸਨਮਦੀਪ ਸਿੰਘ ਦੀ ਮੌਤ ਦੇ ਹਾਲਾਤਾਂ ਅਤੇ ਪਰਿਵਾਰ ਵੱਲੋਂ ਲਗਾਏ ਗਏ ਜਾਤੀ ਆਧਾਰਿਤ ਧੱਕੇਸ਼ਾਹੀ, ਧਮਕੀਆਂ ਅਤੇ ਦਬਾਅ ਦੇ ਦੋਸ਼ਾਂ ਦੀ ਸੁਤੰਤਰ ਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਜੇਕਰ ਜਾਂਚ ਵਿੱਚ ਜਾਤੀ ਆਧਾਰਿਤ ਅੱਤਿਆਚਾਰ ਦੇ ਤੱਥ ਸਾਹਮਣੇ ਆਉਂਦੇ ਹਨ ਤਾਂ SC/ST (Prevention of Atrocities) Act ਦੀਆਂ ਲਾਗੂ ਧਾਰਾਵਾਂ ਤੁਰੰਤ ਲਗਾਈਆਂ ਜਾਣ।
ਸੰਗਠਨ ਨੇ ਕਿਹਾ ਕਿ ਪਰਿਵਾਰ ਦੀ ਗੈਰ-ਹਾਜ਼ਰੀ ਵਿੱਚ ਅੰਤਿਮ ਸਸਕਾਰ ਕਰਨਾ ਬੇਹੱਦ ਸੰਵੇਦਨਸ਼ੀਲ ਮਾਮਲਾ ਹੈ ਅਤੇ ਇਸ ਦੀ ਵੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ। ਇਨਸਾਫ਼ ਦੀ ਮੰਗ ਕਰ ਰਹੇ ਪਰਿਵਾਰ ਉੱਤੇ ਦਰਜ ਕੀਤੇ ਗਏ ਪਰਚੇ ਵਾਪਸ ਲਏ ਜਾਣ ਅਤੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੇ ਦਬਾਅ ਜਾਂ ਬਦਲੇ ਦੀ ਕਾਰਵਾਈ ਤੋਂ ਸੁਰੱਖਿਆ ਦਿੱਤੀ ਜਾਵੇ।
PHRO ਦੀਆਂ ਮੁੱਖ ਮੰਗਾਂ ਹਨ:
• ਸਨਮਦੀਪ ਸਿੰਘ ਦੀ ਮੌਤ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਕਰਵਾਈ ਜਾਵੇ।
• ਦੋਸ਼ੀਆਂ ਵਿਰੁੱਧ FIR ਦਰਜ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।
• ਲਾਗੂ ਹੋਣ ਦੀ ਸੂਰਤ ਵਿੱਚ SC/ST ਐਕਟ ਦੀਆਂ ਧਾਰਾਵਾਂ ਸ਼ਾਮਲ ਕੀਤੀਆਂ ਜਾਣ।
• ਪਰਿਵਾਰ ਵਿਰੁੱਧ ਦਰਜ ਪਰਚੇ ਵਾਪਸ ਲਏ ਜਾਣ।
• ਪਰਿਵਾਰ ਨੂੰ ਯੋਗ ਮੁਆਵਜ਼ਾ ਅਤੇ ਸੁਰੱਖਿਆ ਦਿੱਤੀ ਜਾਵੇ।
• ਪਰਿਵਾਰ ਦੀ ਗੈਰ-ਹਾਜ਼ਰੀ ਵਿੱਚ ਅੰਤਿਮ ਸਸਕਾਰ ਕਰਵਾਉਣ ਦੀ ਕਾਰਵਾਈ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਕੀ ਇਸ ਤਰ੍ਹਾਂ ਦੀ ਕਾਰਵਾਈ ਸਰਕਾਰ ਦੀ ਪਾਲਸੀ ਦਾ ਹਿੱਸਾ ਹੈ?
PHRO ਹਰ ਤਰ੍ਹਾਂ ਦੀ ਸਹਾਇਤਾ ਕਰਨ ਲਈ ਪਰਿਵਾਰ ਨੂੰ ਪੂਰਾ ਵਿਸ਼ਵਾਸ ਦਿਵਾਉਂਦੀ ਹੈ ਅਤੇ ਹਰ ਪੱਧਰ ’ਤੇ ਕਾਰਵਾਈ ਕਰਵਾਉਣ ਲਈ ਅੱਗੇ ਆਵੇਗਾ।
PHRO ਨੇ ਕਿਹਾ ਕਿ ਕੇਵਲ FIR ਦਰਜ ਕਰਨਾ ਕਾਫ਼ੀ ਨਹੀਂ, ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੀੜਤ ਪਰਿਵਾਰ ਨੂੰ ਨਿਆਂ, ਸਨਮਾਨ, ਸੁਰੱਖਿਆ ਅਤੇ ਮੁਆਵਜ਼ਾ ਮਿਲੇ।
ਪ੍ਰੈੱਸ ਕਾਨਫਰੰਸ ਵਿੱਚ ਜਸਟਿਸ ਰਣਜੀਤ ਸਿੰਘ, ਹਮੀਰ ਸਿੰਘ ਪੱਤਰਕਾਰ, ਡਾ. ਪਿਆਰਾ ਲਾਲ ਗਰਗ, ਸਰਬਜੀਤ ਸਿੰਘ ਵੇਰਕਾ ਐਡਵਕੋਟੇ, ਡਾ. ਖੁਸ਼ਹਾਲ ਸਿੰਘ ਅਤੇ ਐਡਵੋਕੇਟ ਮਨਪ੍ਰੀਤ ਸਿੰਘ ਸੰਗਰੂਰ ਵੀ ਹਾਜ਼ਰ ਸਨ।