- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੂਜੇ ਸੂਬਿਆਂ ਦੇ ਲੋਕਾਂ ਨੂੰ ਪੰਜਾਬ ’ਚ ਵੋਟਾਂ ਬਣਾਉਣ ਤੋਂ ਰੋਕਣ ਲਈ ਠੋਸ ਕਦਮ ਚੁੱਕੇ ਜਾਣ: ਕਾਹਲੋਂ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਆਜ਼ਾਦ ਕੌਂਸਲਰ ਅਤੇ ਪੰਥਕ ਆਗੂ ਪਰਮਜੀਤ ਸਿੰਘ ਕਾਹਲੋਂ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਵਿਚ ਬਣ ਰਹੀਆਂ ਨਵੀਆਂ ਵੋਟਾਂ ਅਤੇ ਪੁਰਾਣੀਆਂ ਵੋਟਾਂ ਦੀ ਸੁਧਾਈ ਦੌਰਾਨ ਬਾਹਰਲੇ ਸੂਬਿਆਂ ਦੇ ਵਿਅਕਤੀਆਂ ਨੂੰ ਪੰਜਾਬ ਵਿਚ ਵੋਟਾਂ ਬਣਾਉਣ ਤੋਂ ਰੋਕਣ ਲਈ ਢੁੱਕਵਾਂ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿਚ ਬੀਐੱਲਓਜ਼ ਨੇ ਸਖ਼ਤ ਮਿਹਨਤ ਕਰ ਕੇ ਐੱਸਆਈਆਰ ਦੌਰਾਨ ਅਸਲੀ ਵੋਟਰਾਂ ਦੀ ਪਛਾਣ ਕੀਤੀ ਹੈ, ਜਿਸ ਤੋਂ ਬਾਅਦ ਹੁਣ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਹੋਈ ਹੈ। ਕਾਹਲੋਂ ਨੇ ਆਪਣੇ ਪੱਤਰ ਵਿਚ ਲਿਖਿਆ ਹੈ ਕਿ ਹੁਣ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਚੋਣ ਕਮਿਸ਼ਨ ਨੇ ਨਵੇਂ ਵੋਟਰ ਬਣਨ ਲਈ ਨਿਯਮਾਂ ਵਿੱਚ ਬਹੁਤ ਰਿਆਇਤਾਂ ਦਿੱਤੀਆਂ ਹਨ, ਜਿਸ ਨਾਲ ਜਾਅਲੀ ਵੋਟਰ ਬਣਨ ਦੇ ਬਹੁਤ ਜ਼ਿਆਦਾ ਮੌਕੇ ਮਿਲਣਗੇ ਅਤੇ ਅਜਿਹਾ ਹੋਣ ਕਾਰਨ ਪੰਜਾਬ ਦੀ ਚੋਣ ’ਤੇ ਬਹੁਤ ਮਾੜੇ ਪ੍ਰਭਾਵ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਆਧਾਰ ਕਾਰਡ ਜ਼ਰੂਰੀ ਕਰਨ ਦੇ ਨਾਲ-ਨਾਲ ਦੂਸਰੇ ਸੂਬਿਆਂ ਦੀਆਂ ਵੋਟਰ ਲਿਸਟਾਂ ਨਾਲ ਪੰਜਾਬ ਅੰਦਰ ਨਵੇਂ ਵੋਟਰ ਵਜੋਂ ਅਪਲਾਈ ਕਰਨ ਦੀ ਮੈਚਿੰਗ ਵੀ ਕਰਨੀ ਚਾਹੀਦੀ ਹੈ। ਜਿਸ ਲਈ ਢੁੱਕਵਾਂ ਨਵਾਂ ਸਾਫਟਵੇਅਰ ਤਿਆਰ ਕਰਨਾ ਚਾਹੀਦਾ ਹੈ ਅਤੇ ਸਾਫ਼-ਸੁਥਰੀ ਤੇ ਨਿਰਪੱਖ ਚੋਣ ਕਰਵਾਉਣ ਲਈ ਅਜਿਹਾ ਪ੍ਰਬੰਧ ਬਹੁਤ ਜ਼ਰੂਰੀ ਹੈ। ਉਨ੍ਹਾਂ ਇਸ ਪੱਤਰ ਦੀ ਕਾਪੀ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਅਫ਼ਸਰ ਨੂੰ ਵੀ ਭੇਜੀ ਗਈ ਹੈ।