ਸਬਜ਼ੀ ਮੰਡੀ ਦੇ ਬਾਹਰ ਖੜ੍ਹੇ ਵਾਹਨਾਂ ਦੀ ਕੀਤੀ ਸ਼ਿਕਾਇਤ, ਥਾਣਾ ਮੁਖੀ ਨੇ ਵਾਹਨ ਤੇ ਰੇਹੜੀਆਂ ਪਾਸੇ ਕਰਵਾਈਆਂ ਸਬਜ਼ੀ ਮੰਡੀ ਬਾਹਰ ਮੁੱਖ ਸੜਕ ’ਤੇ ਖੜ੍ਹੇ ਵਾਹਨਾਂ ਦੀ ਕੀਤੀ ਸ਼ਿਕਾਇਤ,
Publish Date: Wed, 16 Sep 2026 07:49 PM (IST)
Updated Date: Thu, 17 Sep 2026 04:05 AM (IST)
ਫੋਟੋ ਕੈਪਸ਼ਨ : ਸੜਕ ’ਤੇ ਲੱਗੀਆਂ ਰੇਹੜੀ-ਫੜ੍ਹੀਆਂ ਨੂੰ ਹਟਵਾਉਂਦੇ ਹੋਏ ਥਾਣਾ ਮੁਖੀ ਬਲਵਿੰਦਰ ਸਿੰਘ। 24ਪੀ ਫੋਟੋ ਕੈਪਸ਼ਨ : ਸਬਜ਼ੀ ਮੰਡੀ ਦੇ ਬਾਹਰ ਮੁੱਖ ਸੜਕ ’ਤੇ ਖੜ੍ਹੇ ਮੋਟਰਸਾਈਕਲ ਤੇ ਕਾਰਾਂ। 25ਪੀ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਅੰਬਾਲਾ-ਚੰਡੀਗੜ੍ਹ ਮੁੱਖ ਸੜਕ ’ਤੇ ਸਬਜ਼ੀ ਮੰਡੀ ਦੇ ਬਾਹਰ ਸੜਕ ਕਿਨਾਰੇ ਖੜ੍ਹੇ ਵਾਹਨਾਂ ਕਾਰਨ ਪੈਦਾ ਹੋ ਰਹੀ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਇਕ ਰਾਹਗੀਰ ਵੱਲੋਂ 112 ਪੁਲਿਸ ਹੈਲਪਲਾਈਨ ’ਤੇ ਸ਼ਿਕਾਇਤ ਕੀਤੀ ਗਈ। ਸੂਚਨਾ ਮਿਲਣ ’ਤੇ ਡੇਰਾਬੱਸੀ ਦੇ ਥਾਣਾ ਮੁਖੀ ਬਲਵਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਸੜਕ ’ਤੇ ਖੜ੍ਹੇ ਵਾਹਨਾਂ ਨੂੰ ਪਾਸੇ ਕਰਵਾਉਣ ਦੇ ਨਾਲ-ਨਾਲ ਸੜਕ ਕਿਨਾਰੇ ਲੱਗੀਆਂ ਰੇਹੜੀ-ਫੜ੍ਹੀਆਂ ਵੀ ਹਟਵਾ ਦਿੱਤੀਆਂ। ਜਾਣਕਾਰੀ ਅਨੁਸਾਰ ਕਰੀਬ ਛੇ ਮਹੀਨੇ ਪਹਿਲਾਂ ਟ੍ਰੈਫਿਕ ਪੁਲਿਸ ਨੇ ਨਗਰ ਕੌਂਸਲ ਦੀ ਟੀਮ ਨਾਲ ਮਿਲ ਕੇ ਮੰਡੀ ਦੇ ਬਾਹਰ ਸੜਕ ’ਤੇ ਰੇਹੜੀਆਂ-ਫੜ੍ਹੀਆਂ ਲਗਾਉਣ ਅਤੇ ਵਾਹਨ ਖੜ੍ਹੇ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਸੀ। ਉਸ ਸਮੇਂ ਇਕ ਵੱਡਾ ਫਲੈਕਸ ਲਗਾ ਕੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਪੰਜ ਹਜ਼ਾਰ ਰੁਪਏ ਦੇ ਚਾਲਾਨ ਦੀ ਚੇਤਾਵਨੀ ਵੀ ਦਿੱਤੀ ਗਈ ਸੀ ਪਰ ਕੁਝ ਦਿਨਾਂ ਬਾਅਦ ਕਾਰਵਾਈ ਠੰਢੀ ਪੈਣ ਨਾਲ ਮੁੜ ਸੜਕ ਕਿਨਾਰੇ ਰੇਹੜੀਆਂ-ਫੜ੍ਹੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਮੰਡੀ ਦੇ ਬਾਹਰ ਬਣੀ ਪਾਰਕਿੰਗ ਵਾਲੀ ਥਾਂ ’ਤੇ ਵੀ ਰੇਹੜੀਆਂ ਲੱਗਣ ਕਾਰਨ ਵਾਹਨਾਂ ਲਈ ਥਾਂ ਘੱਟ ਰਹਿ ਜਾਂਦੀ ਹੈ। ਇਸ ਕਾਰਨ ਕਈ ਲੋਕ ਆਪਣੇ ਮੋਟਰਸਾਈਕਲ ਅਤੇ ਕਾਰਾਂ ਮੁੱਖ ਸੜਕ ’ਤੇ ਹੀ ਖੜ੍ਹੇ ਕਰ ਦਿੰਦੇ ਹਨ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਣ ਦੇ ਨਾਲ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਥਾਣਾ ਮੁਖੀ ਬਲਵਿੰਦਰ ਸਿੰਘ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸੜਕ ’ਤੇ ਵਾਹਨ ਖੜ੍ਹੇ ਕਰਕੇ ਆਵਾਜਾਈ ਵਿਚ ਵਿਘਨ ਪਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ, ਰਾਤ ਸਮੇਂ ਕੀਤੀ ਗਈ ਕਾਰਵਾਈ ਤੋਂ ਬਾਅਦ ਦਿਨ ਸਮੇਂ ਵੀ ਮੰਡੀ ਦੇ ਬਾਹਰ ਮੁੱਖ ਸੜਕ ’ਤੇ ਮੋਟਰਸਾਈਕਲ ਅਤੇ ਕਾਰਾਂ ਖੜ੍ਹੀਆਂ ਦਿਖਾਈ ਦਿੱਤੀਆਂ, ਜਿਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਜ਼ਰ ਨਹੀਂ ਆਈ। ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਪੰਜ ਹਜ਼ਾਰ ਰੁਪਏ ਦੇ ਚਾਲਾਨ ਦੀ ਚੇਤਾਵਨੀ ਵਾਲਾ ਬੋਰਡ ਅਤੇ ਪੁਲਿਸ ਦੀ ਕਾਰਵਾਈ ਸਿਰਫ਼ ਕੁਝ ਸਮੇਂ ਤੱਕ ਹੀ ਸੀਮਤ ਰਹੇਗੀ ਜਾਂ ਟ੍ਰੈਫਿਕ ਵਿਵਸਥਾ ਨੂੰ ਪੱਕੇ ਤੌਰ ’ਤੇ ਸੁਧਾਰਨ ਲਈ ਨਿਰੰਤਰ ਕਾਰਵਾਈ ਵੀ ਕੀਤੀ ਜਾਵੇਗੀ।