- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਵਿਚ ਸੀਵਰੇਜ ਜਾਮ ਤੇ ਜਲ ਨਿਕਾਸੀ ਸ਼ਿਕਾਇਤ ਦਾ ਤੁਰੰਤ ਹੋਵੇਗਾ ਨਿਬੇੜਾ

ਫੋਟੋ ਕੈਪਸ਼ਨ: ਮੁਹਾਲੀ ਨਗਰ ਨਿਗਮ ਦਫ਼ਤਰ ਦੀ ਤਸਵੀਰ। 34ਪੀ
ਫੋਟੋ ਕੈਪਸ਼ਨ: ਮੇਅਰ ਸਰਬਜੀਤ ਸਿੰਘ ਸਮਾਣਾ। 35ਪੀ
* ਸ਼ਿਕਾਇਤ ਸਿਰਫ਼ ਕਾਗਜਾਂ ’ਚ ਦਰਜ ਨਹੀਂ ਹੋਵੇਗੀ, ਕਾਰਵਾਈ ਵੀ ਯਕੀਨੀ ਬਣਾਵਾਂਗੇ: ਮੇਅਰ
* ਸੈਕਟਰ-66 ਤੋਂ 69 ਤੇ 76 ਤੋਂ 80 ’ਚ ਸੀਵਰੇਜ ਤੇ ਜਲ ਨਿਕਾਸੀ ਦੀ ਹੋਵੇਗੀ ਨਿਗਰਾਨੀ
* ਵਾਰ-ਵਾਰ ਆਉਣ ਵਾਲੀਆਂ ਸਮੱਸਿਆਵਾਂ ਦਾ ਵੀ ਬਣੇਗਾ ਰਿਕਾਰਡ
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਮੁਹਾਲੀ ਨਗਰ ਨਿਗਮ ਹੁਣ ਸ਼ਹਿਰ ’ਚ ਸੀਵਰੇਜ ਜਾਮ ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾਲ ਜੁੜੀਆਂ ਸ਼ਿਕਾਇਤਾਂ ਦਾ ਕੇਵਲ ਦਫ਼ਤਰੀ ਰਿਕਾਰਡ ਹੀ ਨਹੀਂ ਰੱਖੇਗਾ, ਸਗੋਂ ਉਨ੍ਹਾਂ ਦਾ ਫੌਰੀ ਹੱਲ ਕੀਤਾ ਜਾਵੇਗਾ ਤੇ ਵਾਰ-ਵਾਰ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ 'ਤੇ ਵੀ ਨਜ਼ਰ ਰੱਖੀ ਜਾਵੇਗੀ ਅਤੇ ਬਣਦੀ ਕਾਰਵਾਈ ਅਮਲ ’ਚ ਲਿਆਉਣ ਨੂੰ ਤਰਜ਼ੀਹ ਦਿੱਤੀ ਜਾਵੇਗੀ। ਇਸ ਲਈ ਨਗਰ ਨਿਗਮ ਨੇ ਪੂਰੀ ਤਿਆਰੀ ਕਰ ਲਈ ਹੈ। ਪਹਿਲੇ ਪੜਾਅ ’ਚ ਮੁਹਾਲੀ ਦੇ ਸੈਕਟਰ-66 ਤੋਂ 69 ਤੇ ਸੈਕਟਰ-76 ਤੋਂ 80 ਖੇਤਰ ਦੇ ਸੀਵਰੇਜ ਤੇ ਬਰਸਾਤੀ ਪਾਣੀ ਦੇ ਨੈੱਟਵਰਕ ਦੇ ਵਿਆਪਕ ਸੰਚਾਲਨ ਤੇ ਦੇਖਭਾਲ ਲਈ ਫਿਲਹਾਲ ਇਕ ਸਾਲ ਦੀ ਵਿਵਸਥਾ ਕਰਨ ਦਾ ਫ਼ੈਸਲਾ ਕੀਤਾ ਹੈ।
ਇਸ ਕੰਮ ਲਈ ਵਿਸ਼ੇਸ਼ ਤੌਰ ’ਤੇ ਟੈਂਡਰ ਵੀ ਕਾਲ ਕੀਤੇ ਗਏ ਹਨ। ਟੈਂਡਰ ਪ੍ਰਕਿਰਿਆ ਪੂਰੀ ਹੁੰਦਿਆਂ ਹੀ ਇਸ 'ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਪ੍ਰੋਜੈਕਟ 'ਤੇ ਲਗਭਗ ਇਕ ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਇਸ ’ਚ ਰੋਜ਼ਾਨਾ ਮਿਲਣ ਵਾਲੀਆਂ ਸ਼ਿਕਾਇਤਾਂ 'ਤੇ ਕਾਰਵਾਈ ਦੇ ਨਾਲ-ਨਾਲ ਉਨ੍ਹਾਂ ਦਾ ਰਿਕਾਰਡ ਸੁਰੱਖਿਅਤ ਰੱਖਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਨਾਲ ਵਾਰ-ਵਾਰ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦੀ ਪਛਾਣ ਕਰਨ ਤੇ ਉਨ੍ਹਾਂ ਦੇ ਪੱਕੇ ਹੱਲ ਦੀ ਨਿਗਰਾਨੀ ਕਰਨ ’ਚ ਮਦਦ ਮਿਲੇਗੀ।
ਜਾਣਕਾਰੀ ਅਨੁਸਾਰ ਮੁਹਾਲੀ ’ਚ ਮਾਨਸੂਨ ਦੌਰਾਨ ਕਈ ਇਲਾਕਿਆਂ ’ਚ ਬਰਸਾਤੀ ਪਾਣੀ ਦੀ ਨਿਕਾਸੀ ਇਕ ਵੱਡੀ ਚੁਣੌਤੀ ਬਣ ਜਾਂਦੀ ਹੈ। ਸੜਕਾਂ ਅਤੇ ਰਿਹਾਇਸ਼ੀ ਖੇਤਰਾਂ ’ਚ ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ’ਚ ਸੀਵਰੇਜ ਅਤੇ ਸਟੋਰਮ ਵਾਟਰ ਨੈੱਟਵਰਕ ਦੀ ਨਿਯਮਤ ਦੇਖਭਾਲ ਬਹੁਤ ਜ਼ਰੂਰੀ ਹੈ। ਨਾਲੀਆਂ ਅਤੇ ਨਿਕਾਸੀ ਪ੍ਰਣਾਲੀ ਦੀ ਸਮੇਂ ਸਿਰ ਦੇਖਭਾਲ ਨਾਲ ਪਾਣੀ ਦਾ ਵਹਾਅ ਬਿਹਤਰ ਬਣਾਇਆ ਜਾ ਸਕਦਾ ਹੈ। ਇਸ ਪ੍ਰੋਜੈਕਟ ’ਚ ਨਾ ਸਿਰਫ਼ ਨੈੱਟਵਰਕ ਦੀ ਦੇਖਭਾਲ, ਸਗੋਂ ਰੋਜ਼ਾਨਾ ਦੀਆਂ ਸ਼ਿਕਾਇਤਾਂ 'ਤੇ ਤੁਰੰਤ ਕਾਰਵਾਈ ਅਤੇ ਰਿਕਾਰਡ ਰੱਖਣ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਪਤਾ ਲਗਾਉਣ ’ਚ ਮਦਦ ਮਿਲੇਗੀ ਕਿ ਕਿਹੜੇ ਇਲਾਕੇ ’ਚ ਕਿਵੇਂ ਦੀ ਸਮੱਸਿਆ ਵਾਰ-ਵਾਰ ਆ ਰਹੀ ਹੈ ਅਤੇ ਉਸ ਦਾ ਨਿਬੇੜਾ ਕਿਸ ਪੱਧਰ 'ਤੇ ਕੀਤਾ ਗਿਆ ਹੈ ਜਾਂ ਹਾਲੇ ਕੀਤਾ ਜਾਣਾ ਹੈ।
ਸ਼ਿਕਾਇਤਾਂ ਦੇ ਹੱਲ ਕਰਨ ’ਚ ਹੋਵੇਗੀ ਤੇਜ਼ੀ
ਸ਼ਹਿਰ ਦੇ ਖੇਤਰਫਲ ਦੇ ਮੱਦੇਨਜ਼ਰ ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਮੁਹਾਲੀ ਨਿਗਮ ਹੁਣ ਰੱਖ-ਰਖਾਓ 'ਤੇ ਜ਼ਿਆਦਾ ਜ਼ੋਰ ਦੇਵੇਗਾ। ਸੈਕਟਰ-66 ਤੋਂ 69 ਤੇ 76 ਤੋਂ 80 ਵਿਚ ਨੈੱਟਵਰਕ ਦੀ ਨਿਯਮਤ ਦੇਖਭਾਲ ਦੇ ਨਾਲ ਸ਼ਿਕਾਇਤਾਂ ਦਾ ਰਿਕਾਰਡ ਰੱਖਿਆ ਜਾਵੇਗਾ। ਦੂਜੇ ਪਾਸੇ ਸੈਕਟਰ-69 ’ਚ ਜ਼ੋਨਲ ਦਫ਼ਤਰ-ਕਮ-ਮਸ਼ੀਨਰੀ ਸਟੋਰ ਦੇ ਸੰਚਾਲਨ ਨਾਲ ਜ਼ਰੂਰਤ ਪੈਣ 'ਤੇ ਤੁਰੰਤ ਮਸ਼ੀਨਰੀ ਉਪਲਬਧ ਕਰਵਾਉਣ ’ਚ ਮਦਦ ਮਿਲੇਗੀ। ਇਸ ਨਾਲ ਸੀਵਰੇਜ਼ ਨਾਲ ਸਬੰਧਤ ਸਮੱਸਿਆਵਾਂ 'ਤੇ ਮੌਕੇ 'ਤੇ ਹੀ ਕਾਰਵਾਈ ਕਰਨ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਰੱਖਣ ’ਚ ਰਾਹਤ ਮਿਲਣ ਦੀ ਉਮੀਦ ਹੈ।
ਕੋਟਸ)-----ਮੁਹਾਲੀ ਦੇ ਬਿਹਤਰ ਬੁਨਿਆਦੀ ਢਾਂਚੇ ਤੇ ਸ਼ਹਿਰ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਨਗਰ ਨਿਗਮ ਦਾ ਬਹੁਤ ਵੱਡਾ ਕਦਮ ਹੈ। ਆਗਾਮੀ ਸਮੇਂ ’ਚ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਸ਼ਹਿਰ ’ਚ ਲੋਕਾਂ ਨੂੰ ਸੀਵਰੇਜ ਜਾਮ ਤੇ ਜਲ ਨਿਕਾਸੀ ਜਿਹੀਆਂ ਮੁਸ਼ਕਲਾਂ ਨਾਲ ਜੂਝਣਾ ਨਹੀਂ ਪਵੇਗਾ। ਜੇਕਰ ਕਿਸੇ ਇਲਾਕੇ ’ਚ ਅਜਿਹੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਫੌਰੀ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ। ਠੇਕੇਦਾਰ ਨੂੰ ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਪ੍ਰਣਾਲੀ ਨਾਲ ਜੁੜੀਆਂ ਰੋਜ਼ਾਨਾ ਦੀਆਂ ਸ਼ਿਕਾਇਤਾਂ 'ਤੇ ਸਮਾਂਬੱਧ ਤਰੀਕੇ ਨਾਲ ਕਾਰਵਾਈ ਕਰਕੇ ਉਨ੍ਹਾਂ ਦਾ ਹੱਲ ਕਰਨਾ ਹੋਵੇਗਾ। ਨਾਲ ਹੀ ਹਰੇਕ ਸ਼ਿਕਾਇਤ ਦਾ ਢੁਕਵਾਂ ਰਿਕਾਰਡ ਰੱਖਣਾ ਹੋਵੇਗਾ, ਜਿਸ ’ਚ ਸ਼ਿਕਾਇਤ ਮਿਲਣ ਦੀ ਮਿਤੀ, ਉਸ 'ਤੇ ਕੀਤੀ ਗਈ ਕਾਰਵਾਈ ਅਤੇ ਸ਼ਿਕਾਇਤ ਦੇ ਨਿਪਟਾਰੇ ਦੀ ਸਥਿਤੀ ਦਰਜ ਕਰਨੀ ਪਵੇਗੀ। ਸਾਰੇ ਕੰਮ ਸਬੰਧਤ ਮਾਪਦੰਡਾਂ, ਵਿਭਾਗੀ ਨਿਰਦੇਸ਼ਾਂ ਅਤੇ ਸੁਰੱਖਿਆ ਨਿਯਮਾਂ ਅਨੁਸਾਰ ਕਰਨੇ ਹੋਣਗੇ, ਤਾਂ ਜੋ ਸੀਵਰੇਜ ਅਤੇ ਬਰਸਾਤੀ ਪਾਣੀ ਦੀ ਵਿਵਸਥਾ ਸੁਚਾਰੂ ਅਤੇ ਬਿਨਾਂ ਕਿਸੇ ਰੁਕਾਵਟ ਦੇ ਚੱਲਦੀ ਰਹੇ। - ਸਰਬਜੀਤ ਸਿੰਘ ਸਮਾਣਾ, ਮੇਅਰ ਮੁਹਾਲੀ।