ਆਰਐੱਮਸੀ ਪਲਾਂਟ ਖ਼ਿਲਾਫ਼ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਦਿੱਤੀ ਸ਼ਿਕਾਇਤ, ਪ੍ਰਦੂਸ਼ਣ ਫ਼ੈਲਣ ਦਾ ਸਤਾ ਰਿਹਾ ਡਰ ਆਰਐੱਮਸੀ ਪਲਾਂਟ ਖ਼ਿਲਾਫ਼ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਦਿੱਤੀ ਸ਼ਿਕਾਇਤ,
Publish Date: Wed, 16 Sep 2026 07:21 PM (IST)
Updated Date: Thu, 17 Sep 2026 04:05 AM (IST)
ਫੋਟੋ ਕੈਪਸ਼ਨ : ਪਿੰਡ ਖੇੜੀ ਵਿਖੇ ਲੱਗੇ ਰਹੇ ਆਰਐੱਮਸੀ ਪਲਾਂਟ। 18ਪੀ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਨਜ਼ਦੀਕੀ ਪਿੰਡ ਖੇੜੀ ਡੇਰਾਬੱਸੀ ਵਿਖੇ ਪਿੰਡ ਦੀ ਆਬਾਦੀ ਤੇ ਰਿਹਾਇਸ਼ੀ ਖੇਤਰ ਤੋਂ ਮਹਿਜ਼ 150 ਮੀਟਰ ਦੀ ਦੂਰੀ ਤੇ ਇਕ ਨਵਾਂ ਆਰਐੱਮਸੀ ਪਲਾਂਟ ਲਗਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸਥਾਨਕ ਨਿਵਾਸੀਆਂ ਵਿਚ ਭਾਰੀ ਰੋਸ ਅਤੇ ਚਿੰਤਾ ਪਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਪਲਾਂਟ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨਿਰਧਾਰਤ ਨਿਯਮਾਂ ਤੇ ਹਦਾਇਤਾਂ ਦੀ ਉਲੰਘਣਾ ਕਰ ਕੇ ਲਗਾਇਆ ਜਾ ਰਿਹਾ ਹੈ। ਇਲਾਕੇ ’ਚ ਪਹਿਲਾਂ ਵੀ ਕਈ ਅਜਿਹੇ ਪਲਾਂਟ ਚੱਲ ਰਹੇ ਹਨ, ਜਿਨ੍ਹਾਂ ਤੋਂ ਉੱਡਣ ਵਾਲੀ ਧੂੜ-ਮਿੱਟੀ ਕਾਰਨ ਸਥਾਨਕ ਲੋਕ ਪਹਿਲਾਂ ਹੀ ਸਾਹ, ਚਮੜੀ ਅਤੇ ਹੋਰ ਕਈ ਬਿਮਾਰੀਆਂ ਨਾਲ ਜੂਝ ਰਹੇ ਹਨ। ਨਵੇਂ ਪਲਾਂਟ ਦੇ ਚਾਲੂ ਹੋਣ ਨਾਲ ਧੂੜ ਅਤੇ ਰੌਲੇ ਦਾ ਪ੍ਰਦੂਸ਼ਣ ਹੋਰ ਵਧੇਗਾ, ਜਿਸ ਨਾਲ ਰਿਹਾਇਸ਼ੀ ਖੇਤਰ ਦਾ ਵਾਤਾਵਰਨ ਹੋਰ ਖ਼ਰਾਬ ਹੋ ਜਾਵੇਗਾ। ਪਿੰਡ ਵਾਸੀਆਂ ਅਤੇ ਸ਼ਿਕਾਇਤਕਰਤਾ ਨੇ ਸਬੰਧਤ ਉੱਚ ਅਧਿਕਾਰੀਆਂ ਅਤੇ ਪ੍ਰਦੂਸ਼ਣ ਰੋਕਥਾਮ ਬੋਰਡ ਤੋਂ ਮੰਗ ਕੀਤੀ ਹੈ ਕਿ ਇਸ ਨਵੇਂ ਲੱਗ ਰਹੇ ਆਰਐੱਮਸੀ ਪਲਾਂਟ ਵਾਲੀ ਜਗ੍ਹਾ ਦਾ ਤੁਰੰਤ ਨਿਰੀਖਣ ਮੌਕਾ ਮੁਆਇਨਾ ਕੀਤਾ ਜਾਵੇ ਅਤੇ ਨਿਯਮਾਂ ਦੀ ਅਣਦੇਖੀ ਕਰਨ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਜਦੋਂ ਇਸ ਬਾਰੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਕੰਵਲਦੀਪ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਅੱਜ ਹੀ ਸ਼ਿਕਾਇਤ ਪ੍ਰਾਪਤ ਹੋਈ ਹੈ, ਉਹ ਜਲਦ ਹੀ ਮੌਕੇ ਦਾ ਦੌਰਾ ਕਰਕੇ ਅਗਲੀ ਕਾਰਵਾਈ ਕਰਨਗੇ। ਜੇਕਰ ਪ੍ਰਦੂਸ਼ਣ ਕੰਟਰੋਲ ਬੋਰਡ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ ਤਾਂ ਉਕਤ ਆਰਐੱਮਸੀ ਪਲਾਂਟ ਨੂੰ ਸੀਲ ਕੀਤਾ ਜਾਵੇਗਾ।