ਆੜ੍ਹਤੀ ਜਥੇਬੰਦੀ ਤੇ ਕਿਸਾਨਾਂ ਨੇ ਵਿਧਾਇਕ ਰੰਧਾਵਾ ਦਾ ਕੀਤਾ ਧੰਨਵਾਦ ਆੜ੍ਹਤੀ ਜਥੇਬੰਦੀ ਅਤੇ ਕਿਸਾਨਾਂ ਨੇ ਵਿਧਾਇਕ ਰੰਧਾਵਾ ਦਾ ਕੀਤਾ ਧੰਨਵਾਦ
Publish Date: Sun, 18 Oct 2026 05:58 PM (IST)
Updated Date: Sun, 18 Oct 2026 06:00 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਧਨੌਨੀ ਅਨਾਜ ਮੰਡੀ ਦੇ ਵਿਸਥਾਰ ਲਈ ਨਗਰ ਕੌਂਸਲ ਵੱਲੋਂ 10 ਏਕੜ ਜ਼ਮੀਨ ਉਪਲਬਧ ਕਰਵਾਉਣ ਦੇ ਫ਼ੈਸਲੇ ’ਤੇ ਆੜ੍ਹਤੀ ਜਥੇਬੰਦੀ ਅਤੇ ਕਿਸਾਨ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦਾ ਧੰਨਵਾਦ ਕਰਨ ਲਈ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਪਹੁੰਚੇ। ਇਸ ਮੌਕੇ ਆੜ੍ਹਤੀਆਂ ਅਤੇ ਕਿਸਾਨਾਂ ਨੇ ਮੰਡੀ ਦੇ ਵਿਸਥਾਰ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਇਲਾਕੇ ਦੇ ਕਿਸਾਨਾਂ ਲਈ ਮਹੱਤਵਪੂਰਨ ਪਹਿਲਕਦਮੀ ਦੱਸਿਆ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਧਨੌਨੀ ਅਨਾਜ ਮੰਡੀ ਵਿਚ ਜਗ੍ਹਾ ਦੀ ਘਾਟ ਕਾਰਨ ਕਿਸਾਨਾਂ ਨੂੰ ਲੰਬੇ ਸਮੇਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਫ਼ਸਲ ਦੀ ਆਮਦ ਸਮੇਂ ਲੋੜੀਂਦੀ ਜਗ੍ਹਾ ਨਾ ਹੋਣ ਕਾਰਨ ਆਪਣੀ ਉਪਜ ਰੱਖਣ ਅਤੇ ਖ਼ਰੀਦ ਪ੍ਰਬੰਧਾਂ ਵਿਚ ਦਿੱਕਤਾਂ ਆਉਂਦੀਆਂ ਸਨ। ਮੰਡੀ ਦੇ ਵਿਸਥਾਰ ਲਈ 10 ਏਕੜ ਜ਼ਮੀਨ ਉਪਲਬਧ ਹੋਣ ਨਾਲ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ’ਚ ਮਦਦ ਮਿਲੇਗੀ। ਵਿਧਾਇਕ ਨੇ ਦੱਸਿਆ ਕਿ ਮੰਡੀ ਦੇ ਵਿਸਥਾਰ ਦੇ ਨਾਲ-ਨਾਲ ਉੱਥੇ ਸ਼ੈੱਡ ਬਣਾਉਣ, ਰੱਖ-ਰਖਾਅ ਅਤੇ ਹੋਰ ਲੋੜੀਂਦੀਆਂ ਸਹੂਲਤਾਂ ’ਤੇ ਹੋਣ ਵਾਲਾ ਖ਼ਰਚਾ ਵੀ ਨਗਰ ਕੌਂਸਲ ਵੱਲੋਂ ਕੀਤਾ ਜਾਵੇਗਾ। ਇਸ ਨਾਲ ਮੰਡੀ ਵਿਚ ਫ਼ਸਲ ਵੇਚਣ ਲਈ ਆਉਣ ਵਾਲੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਬਿਹਤਰ ਸਹੂਲਤਾਂ ਮਿਲ ਸਕਣਗੀਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਢੁੱਕਵੀਂ ਜਗ੍ਹਾ ਅਤੇ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਜ਼ਰੂਰੀ ਹੈ। ਮੰਡੀ ਦੇ ਵਿਸਥਾਰ ਨਾਲ ਡੇਰਾਬੱਸੀ ਅਤੇ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੂੰ ਵਿਸ਼ੇਸ਼ ਲਾਭ ਮਿਲੇਗਾ ਅਤੇ ਫ਼ਸਲ ਦੀ ਖ਼ਰੀਦ ਦੌਰਾਨ ਜਗ੍ਹਾ ਦੀ ਘਾਟ ਕਾਰਨ ਆਉਣ ਵਾਲੀਆਂ ਮੁਸ਼ਕਲਾਂ ਘਟਣਗੀਆਂ। ਇਸ ਦੌਰਾਨ ਆੜ੍ਹਤੀ ਜਥੇਬੰਦੀ ਅਤੇ ਕਿਸਾਨਾਂ ਨੇ ਮੰਡੀ ਦੇ ਵਿਸਥਾਰ ਲਈ 10 ਏਕੜ ਜ਼ਮੀਨ ਉਪਲਬਧ ਕਰਵਾਉਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਪਹਿਲਕਦਮੀ ਨਾਲ ਧਨੌਨੀ ਅਨਾਜ ਮੰਡੀ ਵਿਚ ਸਹੂਲਤਾਂ ਦਾ ਵਿਸਥਾਰ ਹੋਵੇਗਾ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਸਮੇਂ ਰਾਹਤ ਮਿਲੇਗੀ।