ਸੈਦਪੁਰਾ ਨੇੜੇ ਟੈਂਕਰ ਤੇ ਕਾਰ ਦੀ ਟੱਕਰ, ਵਾਲ-ਵਾਲ ਬਚੇ ਕਾਰ ਸਵਾਰ
ਸੈਦਪੁਰਾ ਨੇੜੇ ਟੈਂਕਰ ਅਤੇ ਕਾਰ ਦੀ ਟੱਕਰ, ਕਾਰ ਸਵਾਰ ਵਾਲ-ਵਾਲ ਬਚੇ
Publish Date: Wed, 21 Oct 2026 05:45 PM (IST)
Updated Date: Wed, 21 Oct 2026 05:48 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਦੇ ਬਰਵਾਲਾ ਰੋਡ ’ਤੇ ਸਥਿਤ ਪਿੰਡ ਸੈਦਪੁਰਾ ਵਿਖੇ ਤੇਜ਼ ਰਫ਼ਤਾਰ ਟੈਂਕਰ ਤੇ ਕਾਰ ਵਿਚਾਲੇ ਆਹਮੋ-ਸਾਹਮਣੇ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਦੌਰਾਨ ਕਾਰ ’ਚ ਸਵਾਰ ਇਕ ਵਿਅਕਤੀ ਅਤੇ ਇਕ ਔਰਤ ਵਾਲ-ਵਾਲ ਬਚ ਗਏ। ਹਾਲਾਂਕਿ ਹਾਦਸੇ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਪਰ ਜਾਨੀ ਨੁਕਸਾਨ ਹੋਣੋਂ ਟਲ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਆਸ-ਪਾਸ ਦੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਹਾਦਸੇ ਕਾਰਨ ਕੁਝ ਸਮੇਂ ਲਈ ਸੜਕ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ, ਜਿਸ ਨਾਲ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਹਾਲਾਂਕਿ ਮੌਕੇ ’ਤੇ ਮੌਜੂਦ ਲੋਕਾਂ ਅਤੇ ਰਾਹਗੀਰਾਂ ਨੇ ਆਵਾਜਾਈ ਨੂੰ ਸੁਚਾਰੂ ਬਣਾਉਣ ਵਿਚ ਮਦਦ ਕੀਤੀ। ਘਟਨਾ ਤੋਂ ਬਾਅਦ ਮੌਕੇ ਤੋਂ ਟੈਂਕਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਾਦਸਾ ਕਿਵੇਂ ਵਾਪਰਿਆ ਅਤੇ ਇਸ ਲਈ ਅਸਲ ਵਿਚ ਕੌਣ ਜ਼ਿੰਮੇਵਾਰ ਸੀ। ਹਾਦਸੇ ਦੇ ਅਸਲ ਕਾਰਨਾਂ ਅਤੇ ਤੱਥਾਂ ਦਾ ਪਤਾ ਪੁਲਿਸ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ’ਤੇ ਤੇਜ਼ ਰਫ਼ਤਾਰ ਵਾਹਨਾਂ ਦੀ ਆਵਾਜਾਈ ਨੂੰ ਕੰਟਰੋਲ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।