10 ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ 10 ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ
Publish Date: Mon, 02 Nov 2026 05:26 PM (IST)
Updated Date: Mon, 02 Nov 2026 05:29 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਸਮਾਜ ਸੇਵੀ ਸੰਸਥਾ ਸਰਬ ਸਾਂਝਾ ਵੈੱਲਫੇਅਰ ਸੁਸਾਇਟੀ ਮੁਹਾਲੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸਹਿਯੋਗ ਨਾਲ 10 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਸੈਕਟਰ-90-91 ਵਿਖੇ ਕਰਵਾਏ ਗਏ। ਸਮੂਹਿਕ ਵਿਆਹ ਸਮਾਗਮ ਸੁਸਾਇਟੀ ਦੇ ਪ੍ਰਧਾਨ ਤੇ ਸਟੇਟ ਐਵਾਰਡੀ ਫੂਲਰਾਜ ਸਿੰਘ ਦੀ ਅਗਵਾਈ ਅਤੇ ਵਿਧਾਇਕ ਕੁਲਵੰਤ ਸਿੰਘ ਦੀ ਸਰਪ੍ਰਸਤੀ ਹੇਠ ਨੇਪਰੇ ਚੜ੍ਹਿਆ। ਸਵੇਰੇ 8 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਮਗਰੋਂ 9 ਵਜੇ ਬਰਾਤਾਂ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ 11 ਵਜੇ ਜਲਪਾਨ ਉਪਰੰਤ ਮਿਲਣੀਆਂ ਦੀ ਰਸਮ ਨਿਭਾਈ ਗਈ। ਦੁਪਹਿਰ ਕਰੀਬ ਸਾਢੇ 12 ਵਜੇ ਆਨੰਦ ਕਾਰਜ ਦੀਆਂ ਧਾਰਮਿਕ ਰਸਮਾਂ ਪੂਰੀਆਂ ਕੀਤੀਆਂ ਗਈਆਂ। ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਵਿਧਾਇਕ ਕੁਲਵੰਤ ਸਿੰਘ ਸਵੇਰ ਤੋਂ ਹੀ ਸਮਾਗਮ ’ਚ ਮੌਜੂਦ ਰਹੇ। ਉਨ੍ਹਾਂ ਨੇ ਨਵੇਂ ਜੋੜਿਆਂ ਨੂੰ ਵਿਆਹੁਤਾ ਜੀਵਨ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ, ਫੂਲਰਾਜ ਸਿੰਘ ਦੀ ਟੀਮ ਪਿਛਲੇ 35 ਸਾਲਾਂ ਤੋਂ ਇਹ ਨਿਸ਼ਕਾਮ ਸੇਵਾ ਕਰਦੀ ਆ ਰਹੀ ਹੈ। ਖੂਨਦਾਨ ਕੈਂਪ, ਮੁਫ਼ਤ ਮੈਡੀਕਲ, ਸੱਭਿਆਚਾਰਕ ਮੇਲੇ ਅਤੇ ਹਰੇਕ ਸਾਲ 10 ਤੋਂ 15 ਲੋੜਵੰਦ ਧੀਆਂ ਦੇ ਵਿਆਹ ਕਰਵਾਏ ਜਾਂਦੇ ਹਨ। ਫੂਲਰਾਜ ਸਿੰਘ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਨਵ-ਵਿਆਹੀਆਂ ਲੜਕੀਆਂ ਨੂੰ ਨਿੱਤ ਵਰਤੋਂ ਦਾ ਘਰੇਲੂ ਸਾਮਾਨ ਵੀ ਦਿੱਤਾ ਗਿਆ, ਜਿਸ ’ਚ ਲੜਕੇ-ਲੜਕੀ ਅਤੇ ਪਰਿਵਾਰ ਲਈ ਕੱਪੜੇ, 51 ਬਰਤਨਾਂ ਦਾ ਸੈੱਟ, ਡਬਲ ਬੈੱਡ ਸੈੱਟ, ਕੂਕਰ, ਕੁਰਸੀਆਂ-ਮੇਜ਼, ਗਰਮ-ਠੰਡੇ ਬਿਸਤਰੇ, ਪੱਖਾ, ਸਾਈਕਲ, ਸਿਲਾਈ ਮਸ਼ੀਨ, ਅਟੈਚੀ, ਟਰੰਕ, ਮੇਕਅੱਪ ਬਾਕਸ, ਘੜੀਆਂ ਅਤੇ ਸੋਨੇ ਦਾ ਕੋਕਾ ਸ਼ਾਮਲ ਹਨ। ਇਸ ਸਮਾਗਮ ਨੂੰ ਸਫ਼ਲ ਬਣਾਉਣ ’ਚ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ, ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਅਤੇ ਮਾਈ ਭਾਗੋ ਇਸਤਰੀ ਸਤਿਸੰਗ ਸਭਾ ਨੇ ਅਹਿਮ ਯੋਗਦਾਨ ਪਾਇਆ। ਸਮਾਗਮ ’ਚ ਆਈਪੀਐੱਸ ਹਰਪ੍ਰੀਤ ਸਿੰਘ, ਸੇਵਾਮੁਕਤ ਆਈਏਐੱਸ. ਪ੍ਰਿਥਵੀ ਚੰਦ, ਡਾ. ਸਤਿੰਦਰ ਸਿੰਘ ਭੰਵਰਾ, ਪਰਮਜੀਤ ਸਿੰਘ ਚੌਹਾਨ, ਡਾ. ਐਸਪੀ ਸਿੰਘ, ਕੌਂਸਲਰ ਅਮਰਜੀਤ ਸਿੰਘ, ‘ਆਪ’ ਵਲੰਟੀਅਰ ਹਰਮੇਸ਼ ਸਿੰਘ ਕੁੰਬੜਾ ਅਤੇ ਹੋਰ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।