'CM ਸਿਹਤ ਯੋਜਨਾ' ਬਣੀ ਕੈਂਸਰ ਮਰੀਜ਼ਾਂ ਦਾ ਸਹਾਰਾ, 20 ਕਰੋੜ 22 ਲੱਖ ਰੁਪਏ ਦਾ ਕੈਸ਼ਲੈੱਸ ਇਲਾਜ; ਜੂਨ 'ਚ ਸਭ ਤੋਂ ਵੱਧ ਇਲਾਜ
ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ 8069 ਕੈਂਸਰ ਮਰੀਜ਼ਾਂ ਦੇ ਇਲਾਜ 'ਤੇ 20.22 ਕਰੋੜ ਰੁਪਏ ਖ਼ਰਚ ਕੀਤੇ ਹਨ। ਲਾਭਪਾਤਰੀਆਂ ’ਚੋਂ ਅੱਧੇ ਤੋਂ ਵੱਧ ਮਰੀਜ਼ 36 ਤੋਂ 60 ਸਾਲ ਦੀ ਉਮਰ ਦੇ ਹਨ। ਜੂਨ ਮਹੀਨੇ ’ਚ ਸਭ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਗਿਆ।
Publish Date: Fri, 24 Jul 2026 04:12 PM (IST)
Updated Date: Fri, 24 Jul 2026 04:14 PM (IST)
ਡਿਜੀਟਲ ਡੈਸਕ, ਚੰਡੀਗੜ੍ਹ। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ 8069 ਕੈਂਸਰ ਮਰੀਜ਼ਾਂ ਦੇ ਇਲਾਜ 'ਤੇ 20.22 ਕਰੋੜ ਰੁਪਏ ਖ਼ਰਚ ਕੀਤੇ ਹਨ। ਲਾਭਪਾਤਰੀਆਂ ’ਚੋਂ ਅੱਧੇ ਤੋਂ ਵੱਧ ਮਰੀਜ਼ 36 ਤੋਂ 60 ਸਾਲ ਦੀ ਉਮਰ ਦੇ ਹਨ। ਜੂਨ ਮਹੀਨੇ ’ਚ ਸਭ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਗਿਆ।
ਰਾਜ ਸਿਹਤ ਏਜੰਸੀ (SHA), ਪੰਜਾਬ ਵਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, 18 ਜੁਲਾਈ 2026 ਤੱਕ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ 8069 ਕੈਂਸਰ ਮਰੀਜ਼ਾਂ ਨੂੰ ਕੈਸ਼ਲੈੱਸ ਇਲਾਜ ਉਪਲਬਧ ਕਰਵਾਇਆ ਗਿਆ, ਜਿਸ 'ਤੇ ਸਰਕਾਰ ਨੇ ਕੁੱਲ 20.22 ਕਰੋੜ ਰੁਪਏ ਖ਼ਰਚ ਕੀਤੇ।
ਇਨ੍ਹਾਂ ਅੰਕੜਿਆਂ ਦੇ ਪਿੱਛੇ ਹਜ਼ਾਰਾਂ ਅਜਿਹੇ ਪਰਿਵਾਰ ਹਨ, ਜਿਨ੍ਹਾਂ ਨੂੰ ਜ਼ਿੰਦਗੀ ਦੇ ਸਭ ਤੋਂ ਔਖੇ ਸਮੇਂ ’ਚ ਅਹਿਮ ਫੈਸਲੇ ਲੈਣੇ ਪੈਂਦੇ ਹਨ। ਜਦੋਂ ਇਲਾਜ ’ਚ ਹੋਣ ਵਾਲੀ ਹਰ ਦੇਰੀ ਮਰੀਜ਼ ਦੀ ਜ਼ਿੰਦਗੀ 'ਤੇ ਭਾਰੀ ਪੈ ਸਕਦੀ ਹੈ।
ਅੱਜ ਕੈਂਸਰ ਦੇ ਇਲਾਜ ’ਚ ਸਰਜਰੀ, ਕੀਮੋਥੈਰੇਪੀ, ਰੇਡੀਓਥੈਰੇਪੀ, ਇਮਿਊਨੋਥੈਰੇਪੀ ਅਤੇ ਟਾਰਗੇਟਿਡ ਥੈਰੇਪੀ ਵਰਗੀਆਂ ਆਧੁਨਿਕ ਡਾਕਟਰੀ ਪ੍ਰਣਾਲੀਆਂ ਨੇ ਮਰੀਜ਼ਾਂ ਦੇ ਠੀਕ ਹੋਣ ਦੀਆਂ ਸੰਭਾਵਨਾਵਾਂ ਨੂੰ ਪਹਿਲਾਂ ਨਾਲੋਂ ਕਾਫ਼ੀ ਵਧਾ ਦਿੱਤਾ ਹੈ ਪਰ ਡਾਕਟਰੀ ਖੇਤਰ ’ਚ ਹੋਈ ਇਹ ਪ੍ਰਗਤੀ ਉਦੋਂ ਹੀ ਸਾਰਥਕ ਹੈ, ਜਦੋਂ ਮਰੀਜ਼ ਸਮੇਂ ਸਿਰ ਇਲਾਜ ਤੱਕ ਪਹੁੰਚ ਸਕੇ।
ਲਾਭਪਾਤਰੀਆਂ ਦੀ ਉਮਰ ਨਾਲ ਜੁੜਿਆ ਅੰਕੜਾ ਵੀ ਇੱਕ ਮਹੱਤਵਪੂਰਨ ਤੱਥ ਸਾਹਮਣੇ ਲਿਆਉਂਦਾ ਹੈ। ਆਮ ਤੌਰ 'ਤੇ ਕੈਂਸਰ ਨੂੰ ਬੁਢਾਪੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਪਰ ਯੋਜਨਾ ਦੇ ਅੰਕੜੇ ਦੱਸਦੇ ਹਨ ਕਿ ਵੱਡੀ ਗਿਣਤੀ ’ਚ ਅਜਿਹੇ ਮਰੀਜ਼ ਹਨ ਜੋ ਆਪਣੀ ਕੰਮਕਾਜੀ/ਕਾਰਜਸ਼ੀਲ ਉਮਰ ਵਿੱਚ ਇਸ ਬੀਮਾਰੀ ਨਾਲ ਜੂਝ ਰਹੇ ਹਨ।
4285 ਮਰੀਜ਼ 36 ਤੋਂ 60 ਉਮਰ ਵਰਗ ਦੇ ਸ਼ਾਮਲ
ਯੋਜਨਾ ਦੇ ਤਹਿਤ ਇਲਾਜ ਕਰਵਾਉਣ ਵਾਲੇ 8,069 ਮਰੀਜ਼ਾਂ ’ਚੋਂ 4,285 ਮਰੀਜ਼ 36 ਤੋਂ 60 ਸਾਲ ਉਮਰ ਵਰਗ ਦੇ ਸਨ, ਜੋ ਕਿ ਸਭ ਤੋਂ ਵੱਡਾ ਵਰਗ ਰਿਹਾ। ਇਸ ਤੋਂ ਇਲਾਵਾ 3,376 ਮਰੀਜ਼ 60 ਸਾਲ ਤੋਂ ਵੱਧ ਉਮਰ ਦੇ, 399 ਮਰੀਜ਼ 17 ਤੋਂ 35 ਸਾਲ ਉਮਰ ਵਰਗ ਦੇ ਅਤੇ 9 ਮਰੀਜ਼ 17 ਸਾਲ ਤੋਂ ਘੱਟ ਉਮਰ ਦੇ ਸਨ।
ਕਿਸੇ ਵੀ ਪਰਿਵਾਰ ਲਈ ਕੈਂਸਰ ਦਾ ਇਲਾਜ ਅਚਾਨਕ ਆਰਥਿਕ ਸੰਕਟ ਦਾ ਕਾਰਨ ਬਣ ਸਕਦਾ ਹੈ। ਇਸ ਬੀਮਾਰੀ ਦੇ ਉਪਚਾਰ ਵਿੱਚ ਵਾਰ-ਵਾਰ ਹਸਪਤਾਲ ਜਾਣਾ, ਮਹਿੰਗੀਆਂ ਡਾਕਟਰੀ ਪ੍ਰਕਿਰਿਆਵਾਂ ਅਤੇ ਲੰਬੇ ਸਮੇਂ ਤੱਕ ਦੇਖਭਾਲ ਦੀ ਲੋੜ ਹੁੰਦੀ ਹੈ। ਕਈ ਵਾਰ ਬੀਮਾਰੀ ਦਾ ਇਲਾਜ ਸੰਭਵ ਹੋਣ ਦੇ ਬਾਵਜੂਦ ਵੀ ਖ਼ਰਚਾ ਹੀ ਇਹ ਤੈਅ ਕਰਦਾ ਹੈ ਕਿ ਮਰੀਜ਼ ਕਿੰਨੀ ਜਲਦੀ ਉਪਚਾਰ ਸ਼ੁਰੂ ਕਰਵਾ ਸਕੇਗਾ।
ਚਾਰ-ਪੰਜ ਲੱਖ ਰੁਪਏ ਆਉਂਦਾ ਹੈ ਖ਼ਰਚਾ
ਸਮਾਣਾ ਨਿਵਾਸੀ ਦਰਸ਼ਨ ਦੇਵੀ ਨੇ ਵੀ ਇਸੇ ਚਿੰਤਾ ਦਾ ਸਾਹਮਣਾ ਕੀਤਾ। ਵਧਦੇ ਦਰਦ ਤੋਂ ਬਾਅਦ ਡਾਕਟਰਾਂ ਨੇ ਸਰਜਰੀ ਦੀ ਸਲਾਹ ਦਿੱਤੀ ਪਰ 4 ਤੋਂ 5 ਲੱਖ ਰੁਪਏ ਦੇ ਅਨੁਮਾਨਿਤ ਖ਼ਰਚੇ ਨੇ ਉਨ੍ਹਾਂ ਦੇ ਪਰਿਵਾਰ ਦੀ ਚਿੰਤਾ ਵਧਾ ਦਿੱਤੀ।
ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਮਨਜ਼ੂਰੀ ਮਿਲਣ ਤੋਂ ਬਾਅਦ ਉਨ੍ਹਾਂ ਦੀ ਕੈਂਸਰ ਸਰਜਰੀ ਬਿਨਾਂ ਕਿਸੇ ਜੇਬੀ ਖ਼ਰਚੇ ਦੇ ਸੰਪੰਨ ਹੋਈ। ਉਨ੍ਹਾਂ ਲਈ ਇਹ ਯੋਜਨਾ ਸਿਰਫ਼ ਇੱਕ ਸਿਹਤ ਸਹੂਲਤ ਨਹੀਂ, ਸਗੋਂ ਇਸ ਨੇ ਬੀਮਾਰੀ ਦੀ ਪਛਾਣ ਅਤੇ ਸਮੇਂ ਸਿਰ ਇਲਾਜ ਵਿਚਕਾਰ ਖੜ੍ਹੀ ਸਭ ਤੋਂ ਵੱਡੀ ਰੁਕਾਵਟ- ਇਲਾਜ ਦੇ ਖ਼ਰਚੇ ਨੂੰ ਦੂਰ ਕਰ ਦਿੱਤਾ।
18 ਦਿਨਾਂ 'ਚ 879 ਮਰੀਜ਼ਾਂ ਨੂੰ ਮਿਲੀ ਮਦਦ
ਪੰਜਾਬ ਵਿੱਚ ਕੈਂਸਰ ਇਲਾਜ ਦੇ ਅੰਕੜੇ ਦੱਸਦੇ ਹਨ ਕਿ ਪੂਰੇ ਸਾਲ ਕੈਂਸਰ ਦੇ ਉਪਚਾਰ ਦੀ ਲੋੜ ਲਗਾਤਾਰ ਬਣੀ ਰਹੀ। ਜਨਵਰੀ ਵਿੱਚ 842 ਮਰੀਜ਼ਾਂ ਦਾ ਇਲਾਜ ਹੋਇਆ, ਜੋ ਫ਼ਰਵਰੀ ਵਿੱਚ ਵਧ ਕੇ 1,080, ਮਾਰਚ ਵਿੱਚ 1,175 ਅਤੇ ਅਪ੍ਰੈਲ ਵਿੱਚ 1,350 ਹੋ ਗਿਆ। ਮਈ ਵਿੱਚ ਇਹ ਸੰਖਿਆ ਥੋੜ੍ਹੀ ਘੱਟ ਕੇ 1,275 ਰਹੀ, ਪਰ ਜੂਨ ਵਿੱਚ ਸਭ ਤੋਂ ਵੱਧ 1,468 ਮਰੀਜ਼ਾਂ ਦਾ ਉਪਚਾਰ ਕੀਤਾ ਗਿਆ। ਜੁਲਾਈ ਦੇ ਪਹਿਲੇ 18 ਦਿਨਾਂ ਵਿੱਚ ਹੀ 879 ਮਰੀਜ਼ ਇਸ ਯੋਜਨਾ ਦੇ ਤਹਿਤ ਉਪਚਾਰ ਪ੍ਰਾਪਤ ਕਰ ਚੁੱਕੇ ਸਨ।