ਮਰੀਜ਼ਾਂ ਤੇ ਸਟਾਫ਼ ਲਈ ਸਾਫ਼-ਸਫ਼ਾਈ ਬਹੁਤ ਅਹਿਮ : ਡਾ. ਅਲਕਜੋਤ ਕੌਰ ਮਰੀਜ਼ਾਂ ਅਤੇ ਸਟਾਫ਼ ਲਈ ਸਾਫ਼-ਸਫ਼ਾਈ ਬਹੁਤ ਅਹਿਮ : ਡਾ. ਅਲਕਜੋਤ ਕੌਰ
Publish Date: Tue, 27 Oct 2026 05:42 PM (IST)
Updated Date: Tue, 27 Oct 2026 05:43 PM (IST)
ਰੋਹਿਤ ਗੁਪਤਾ, ਪੰਜਾਬੀ ਜਾਗਰਣ ਮਾਜਰੀ : ਮੁੱਢਲਾ ਸਿਹਤ ਕੇਂਦਰ (ਪੀਐੱਚਸੀ) ਬੂਥਗੜ੍ਹ ਅਧੀਨ ਆਉਂਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿਚ ਸਾਫ਼-ਸਫ਼ਾਈ ਸਰਗਰਮੀਆਂ ਕੀਤੀਆਂ ਗਈਆਂ। ਇਹ ਮੁਹਿੰਮ ਐੱਸਐੱਮਓ ਡਾ. ਅਲਕਜੋਤ ਕੌਰ ਦੀ ਅਗਵਾਈ ਹੇਠ ਚਲਾਈ ਗਈ, ਜਿਸ ਦਾ ਮੁੱਖ ਉਦੇਸ਼ ਸਿਹਤ ਸੰਸਥਾਵਾਂ ਵਿਚ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਨ ਯਕੀਨੀ ਬਣਾਉਣਾ ਹੈ। ਮੁਹਿੰਮ ਦੌਰਾਨ ਸਿਹਤ ਸੰਸਥਾਵਾਂ ਦੇ ਸਟਾਫ਼ ਵੱਲੋਂ ਸਿਹਤ ਕੇਂਦਰਾਂ ਦੇ ਅੰਦਰੂਨੀ ਤੇ ਬਾਹਰੀ ਖੇਤਰਾਂ ਦੀ ਸਫ਼ਾਈ ਕੀਤੀ ਗਈ। ਇਸ ਦੇ ਨਾਲ ਹੀ ਮਰੀਜ਼ਾਂ ਦੇ ਬੈਠਣ ਵਾਲੀਆਂ ਥਾਵਾਂ, ਦਫ਼ਤਰੀ ਕਮਰਿਆਂ, ਵਿਹੜਿਆਂ ਅਤੇ ਆਲੇ-ਦੁਆਲੇ ਦੇ ਖੇਤਰਾਂ ਨੂੰ ਸਾਫ਼ ਰੱਖਣ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਕੂੜੇ ਦੇ ਸਹੀ ਨਿਪਟਾਰੇ ਅਤੇ ਸਫ਼ਾਈ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਲਈ ਵੀ ਉਪਰਾਲੇ ਕੀਤੇ ਗਏ। ਡਾ. ਅਲਕਜੋਤ ਕੌਰ ਨੇ ਕਿਹਾ ਕਿ ਸਿਹਤ ਸੰਸਥਾਵਾਂ ’ਚ ਸਫ਼ਾਈ ਬਣਾਈ ਰੱਖਣਾ ਸਿਹਤ ਵਿਭਾਗ ਦੀਆਂ ਮੁੱਖ ਤਰਜੀਹਾਂ ਵਿਚੋਂ ਇਕ ਹੈ। ਸਾਫ਼-ਸੁਥਰਾ ਵਾਤਾਵਰਨ ਮਰੀਜ਼ਾਂ ਅਤੇ ਸਿਹਤ ਕਰਮਚਾਰੀਆਂ ਲਈ ਬਿਹਤਰ ਮਾਹੌਲ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਨੂੰ ਸਿਰਫ਼ ਇਕ ਦਿਨ ਦੀ ਗਤੀਵਿਧੀ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ, ਸਗੋਂ ਇਸ ਨੂੰ ਰੋਜ਼ਾਨਾ ਦੀ ਆਦਤ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਸਿਹਤ ਸੰਸਥਾਵਾਂ ਦੇ ਸਮੂਹ ਸਟਾਫ਼ ਨੂੰ ਆਪਣੇ ਕਾਰਜ ਖੇਤਰਾਂ ਦੀ ਨਿਯਮਤ ਸਫ਼ਾਈ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਦਾ ਧਿਆਨ ਰੱਖਣ ਅਤੇ ਜਨਤਕ ਥਾਵਾਂ ’ਤੇ ਕੂੜਾ ਨਾ ਸੁੱਟਣ।