ਸਰਕਾਰੀ ਸਕੂਲ ਲਾਂਡਰਾਂ ’ਚ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ ਸਰਕਾਰੀ ਸਕੂਲ ਲਾਂਡਰਾਂ ’ਚ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ
Publish Date: Wed, 14 Oct 2026 07:07 PM (IST)
Updated Date: Wed, 14 Oct 2026 07:09 PM (IST)
400 ਵਿਦਿਆਰਥੀ, ਚਾਰ ਕਮਰੇ ਤੇ 12 ਅਧਿਆਪਕ ਸਕੂਲ ’ਚ ਬੁਨਿਆਦੀ ਸਹੂਲਤਾਂ ਦੀ ਘਾਟ ’ਤੇ ਸਾਬਕਾ ਡਿਪਟੀ ਮੇਅਰ ਬੇਦੀ ਨੇ ਚੁੱਕੇ ਸਵਾਲ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਅਤੇ ਸਿੱਖਿਆ ਦੇ ਖੇਤਰ ’ਚ ਕ੍ਰਾਂਤੀ ਲਿਆਉਣ ਦੇ ਦਾਅਵੇ ਜ਼ਮੀਨ ਹਕੀਕਤ ਤੋਂ ਕੋਹਾਂ ਦੂਰ ਹਨ। ਸਰਕਾਰੀ ਪ੍ਰਾਇਮਰੀ ਸਕੂਲ ਲਾਂਡਰਾਂ ਦੀ ਹਾਲਤ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹਣ ਲਈ ਕਾਫ਼ੀ ਹੈ। ਮੁਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਿੱਖਿਆ ਕ੍ਰਾਂਤੀ ਅਤੇ ਸਕੂਲ ਪ੍ਰਬੰਧਾਂ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਲਾਂਡਰਾਂ ਸਕੂਲ ਦਾ ਦੌਰਾ ਕਰਕੇ ਬੱਚਿਆਂ ਅਤੇ ਅਧਿਆਪਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ’ਚ ਬੁਨਿਆਦੀ ਸਹੂਲਤਾਂ ਅਤੇ ਲੋੜੀਂਦੀ ਜਗ੍ਹਾ ਦੀ ਘਾਟ ਕਾਰਨ ਸਿੱਖਿਆ ਦਾ ਮਾਹੌਲ ਪ੍ਰਭਾਵਿਤ ਹੋ ਰਿਹਾ ਹੈ। ਕੁਲਜੀਤ ਬੇਦੀ ਦੇ ਦੱਸਣ ਮੁਤਾਬਕ ਲਾਂਡਰਾਂ ਸਕੂਲ ’ਚ ਲਗਭਗ 400 ਬੱਚੇ ਪੜ੍ਹ ਰਹੇ ਹਨ, ਉਨ੍ਹਾਂ ਨੂੰ ਪੜ੍ਹਾਉਣ ਲਈ ਦਰਜਨ ਅਧਿਆਪਕਾਂ ਲਈ ਸਿਰਫ਼ ਚਾਰ ਕਮਰੇ ਹਨ ਜਿਸ ਕਾਰਨ ਇੱਕ ਕਮਰੇ ’ਚ ਦੋ-ਦੋ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਅਜਿਹੇ ਮਾਹੌਲ ’ਚ ਬੱਚਿਆਂ ਨੂੰ ਸੁਚੱਜੇ ਢੰਗ ਨਾਲ ਪੜ੍ਹਾਉਣਾ ਅਧਿਆਪਕਾਂ ਲਈ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਲਈ ਖੇਡਣ ਲਈ ਢੁੱਕਵੀਂ ਥਾਂ ਨਹੀਂ ਹੈ, ਜਦੋਂਕਿ ਬੱਚਿਆਂ ਦੇ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਜ਼ਰੂਰੀ ਹਨ। ਸਕੂਲ ਦੀਆਂ ਪੌੜੀਆਂ ਅਤੇ ਮੁੱਖ ਦਰਵਾਜ਼ੇ ਦੀ ਹਾਲਤ ’ਤੇ ਚਿੰਤਾ ਪ੍ਰਗਟ ਕਰਦਿਆਂ ਸਾਬਕਾ ਡਿਪਟੀ ਮੇਅਰ ਨੇ ਦੱਸਿਆ ਕਿ ਸਕੂਲ ਦੀਆਂ ਪੌੜੀਆਂ ਕਾਫ਼ੀ ਤੰਗ ਹਨ। ਜੇਕਰ ਪੌੜੀਆਂ ਤੋਂ ਬੱਚੇ ਦਾ ਪੈਰ ਤਿਲਕ ਜਾਵੇ ਜਾਂ ਧੱਕਾ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਹੈ। ਲਿਹਾਜ਼ਾ ਬੱਚਿਆਂ ਦੀ ਵੱਡੀ ਗਿਣਤੀ ਨੂੰ ਧਿਆਨ ’ਚ ਰੱਖਦਿਆਂ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਹੋਣੇ ਚਾਹੀਦੇ ਹਨ। ਸਕੂਲ ਦਾ ਮੁੱਖ ਦਰਵਾਜ਼ਾ ਲਗਭਗ ਤਿੰਨ ਫੁੱਟ ਚੌੜਾ ਹੋਣ ਕਾਰਨ ਬੱਚਿਆਂ ਦੀ ਆਵਾਜਾਈ ਦੌਰਾਨ ਮੁਸ਼ਕਲ ਪੈਦਾ ਹੋ ਸਕਦੀ ਹੈ। ਸਕੂਲ ’ਚ ਸਿਰਫ਼ ਦੋ ਹੀ ਬਾਥਰੂਮ ਹਨ। ਬੇਦੀ ਮੁਤਾਬਕ ਸਕੂਲ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਮਿਡ-ਡੇਅ-ਮੀਲ ਲਈ ਲੋੜੀਂਦੇ ਫੰਡ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਲਾਂਡਰਾਂ ਮੁਹਾਲੀ ਦਾ ਇਕ ਅਹਿਮ ਅਤੇ ਤੇਜ਼ੀ ਨਾਲ ਵਿਕਸਤ ਹੋ ਰਿਹਾ ਇਲਾਕਾ ਹੈ, ਜੋ ਮੁੱਖ ਮਾਰਗ ’ਤੇ ਸਥਿਤ ਹੈ। ਸਕੂਲ ’ਚ ਬੱਚਿਆਂ ਨੂੰ ਲੋੜੀਂਦੀਆਂ ਸਹੂਲਤਾਂ ਨਾ ਮਿਲਣ ਕਾਰਨ ਵਿਭਾਗਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਾ ਹੈ। ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨਿੱਜੀ ਦਖ਼ਲ ਦੇਣ ਕੁਲਜੀਤ ਬੇਦੀ ਨੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਨਿੱਜੀ ਦਖ਼ਲ ਦੇਣ ਦੀ ਮੰਗ ਕਰਦਿਆਂ ਅਪੀਲ ਕੀਤੀ ਕਿ ਝੂਠੇ ਦਾਅਵਿਆਂ ਅਤੇ ਪ੍ਰਚਾਰ ਤੋਂ ਬਾਹਰ ਨਿਕਲ ਕੇ ਖ਼ੁਦ ਲਾਂਡਰਾਂ ਸਕੂਲ ਦਾ ਦੌਰਾ ਕਰਕੇ ਜ਼ਮੀਨੀ ਹਕੀਕਤ ਦੇਖਣ। ਉਨ੍ਹਾਂ ਮੰਗ ਕੀਤੀ ਕਿ ਸਕੂਲ ’ਚ ਲੋੜ ਅਨੁਸਾਰ ਕਮਰੇ, ਸੁਰੱਖਿਅਤ ਆਵਾਜਾਈ, ਬੁਨਿਆਦੀ ਸਹੂਲਤਾਂ ਅਤੇ ਮਿਡ-ਡੇਅ-ਮੀਲ ਦੇ ਫੰਡਾਂ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਬੱਚਿਆਂ ਨੂੰ ਸੁਰੱਖਿਅਤ ਅਤੇ ਬਿਹਤਰ ਵਿੱਦਿਅਕ ਮਾਹੌਲ ਮਿਲ ਸਕੇ।