- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਲ ਸਰਜਨ ਵੱਲੋਂ ਖਰੜ ਹਸਪਤਾਲ ਦਾ ਦੌਰਾ,

-ਸਿਵਲ ਸਰਜਨ ਵੱਲੋਂ ਖਰੜ ਹਸਪਤਾਲ ਦਾ ਦੌਰਾ, ਪੰਜ ਸੁਰੱਖਿਆ ਮੁਲਾਜ਼ਮ ਸੂਬੇ ਦੇ ਹਰ ਹਸਪਤਾਲ ਵਿਚ ਹੋਣਗੇ ਤਾਇਨਾਤ : ਪ੍ਰਧਾਨ ਡਾ. ਸਰੀਨ
ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ
ਖਰੜ : ਸਿਵਲ ਹਸਪਤਾਲ ਖਰੜ ਦੀ ਐਮਰਜੈਂਸੀ ਵਾਰਡ ਵਿਚ ਬੀਤੀ 24 ਅਕਤੂਬਰ ਦੀ ਦੇਰ ਸ਼ਾਮ ਡਿਊਟੀ ਡਾਕਟਰ ਅਤੇ ਸਟਾਫ਼ ’ਤੇ ਇਕ ਨੌਜਵਾਨ ਵੱਲੋਂ ਕੀਤੇ ਹਮਲੇ ਤੋਂ ਬਾਅਦ ਮੰਗਲਵਾਰ ਨੂੰ ਸਿਵਲ ਸਰਜਨ ਡਾ. ਸੰਗੀਤਾ ਜੈਨ ਵੱਲੋਂ ਡੀਐੱਸਪੀ ਖਰੜ ਨਾਲ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਨਾ ਕੀਤੇ ਜਾਣ ਦੇ ਵਿਰੋਧ ਵਜੋਂ ਹਸਪਤਾਲ ਦਾ ਡਾਕਟਰੀ, ਨਰਸਿੰਗ ਸਮੇਤ ਸਮੂਹ ਸਟਾਫ਼ ਦੇ ਮੈਂਬਰਾਂ ਵੱਲੋਂ ਐਮਰਜੈਂਸੀ ਦੇ ਬਾਹਰ ਖੁੱਲ੍ਹੇ ਵਿਚ ਹੀ ਓਪੀਡੀ ਲਗਾਕੇ ਮਰੀਜ਼ ਵੇਖਣ ਦਾ ਐਲਾਨ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਰਾਤ ਸਮੇਂ ਐਮਰਜੈਂਸੀ ਡਿਊਟੀ ਡਾ. ਹਰਸ਼ਰਨਪ੍ਰੀਤ ਕੌਰ ਅਤੇ ਸਮੂਹ ਸਟਾਫ਼ ਉੱਤੇ ਇਕ ਨੌਜਵਾਨ ਵੱਲੋਂ ਹਮਲਾ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਸੀ, ਜਿਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ। ਇਸ ਮਾਮਲੇ ’ਚ ਖਰੜ ਪੁਲਿਸ ਨੇ ਨੌਜਵਾਨ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ’ਚ ਸਿਵਲ ਸਰਜਨ ਡਾ. ਸੰਗੀਤਾ ਜੈਨ ਵੱਲੋਂ ਹਸਪਤਾਲ ਦਾ ਦੌਰਾ ਕੀਤਾ ਗਿਆ ਅਤੇ ਸਮੂਹ ਹਸਪਤਾਲ ਸਟਾਫ਼ ਨਾਲ ਗੱਲ ਕਰਕੇ ਸਮੱਸਿਆਵਾਂ ਸੁਣੀਆਂ ਗਈਆਂ। ਇਸ ਮੌਕੇ ਸਟਾਫ਼ ਵੱਲੋਂ ਡੀਐੱਸਪੀ ਖਰੜ ਇਸ਼ਾਨ ਸਿੰਗਲਾ ਨੂੰ ਦੱਸਿਆ ਗਿਆ ਕਿ ਕਈ ਵਾਰ ਡਾਕਟਰਾਂ ਅਤੇ ਸਟਾਫ਼ ’ਤੇ ਹੋਏ ਹਮਲਿਆਂ ਤੋਂ ਬਾਅਦ ਪੁਲਿਸ ਮੌਕੇ ’ਤੇ ਨਹੀਂ ਪਹੁੰਚਦੀ ਅਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਸਬੰਧੀ ਡੀਐੱਸਪੀ ਖਰੜ ਵੱਲੋਂ ਸਮੂਹ ਸਟਾਫ਼ ਨੂੰ ਸੁਰੱਖਿਆ ਸਬੰਧੀ ਪੁਖ਼ਤਾ ਇੰਤਜ਼ਾਮ ਕਰਦਿਆਂ ਫੌਰੀ ਤੌਰ ਉੱਤੇ ਇਕ ਪੀਸੀਆਰ ਦੀ ਟੀਮ ਹਸਪਤਾਲ ਵਿਚ ਲਗਾਉਣ ਦਾ ਭਰੋਸਾ ਦਿੱਤਾ ਗਿਆ ਪਰ ਸਮੂਹ ਸਟਾਫ਼ ਸਿਵਲ ਹਸਪਤਾਲ ਖਰੜ ਵਿਚ ਪਹਿਲਾਂ ਖੁੱਲ੍ਹੀ ਪੁਲਿਸ ਚੌਕੀ ਨੂੰ ਦੁਬਾਰਾ ਖੋਲ੍ਹਣ ਦੇ ਉੱਤੇ ਅੜਿਆ ਰਿਹਾ।
ਸਮੂਹ ਡਾਕਟਰਾਂ ਵੱਲੋਂ ਆਪਣਾ ਲਿਖਤੀ ਮੰਗ ਪੱਤਰ ਸਿਵਲ ਸਰਜਨ ਨੂੰ ਸੌਂਪਿਆ ਗਿਆ। ਇਸ ਮਾਮਲੇ ’ਤੇ ਗੱਲ ਕਰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਕਿਹਾ ਕਿ ਸਮੂਹ ਸਟਾਫ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਬਣਦੀ ਹੈ, ਜਿਸ ਲਈ ਅਸੀਂ ਤੱਤਪਰ ਹਾਂ ਅਤੇ ਉਕਤ ਹਮਲਾਵਰ ਨੌਜਵਾਨ ਦੇ ਉੱਤੇ ਕੁਝ ਘੰਟਿਆਂ ਵਿਚ ਕਾਰਵਾਈ ਹੋਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਆਪਣੇ ਡਾਕਟਰਾਂ ਅਤੇ ਸਟਾਫ਼ ਦੀ ਸੁਰੱਖਿਆ ਸਬੰਧੀ ਪੂਰੀ ਤਰ੍ਹਾਂ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਡੀਐੱਸਪੀ ਖਰੜ ਵੱਲੋਂ ਹਸਪਤਾਲ ਵਿਚ ਪੁਲਿਸ ਟੀਮ ਭੇਜਣ ਅਤੇ ਸਮੇਂ-ਸਮੇਂ ’ਤੇ ਟੀਮ ਵੱਲੋਂ ਚੈਕਿੰਗ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਪਰ ਫਿਰ ਵੀ ਉਨ੍ਹਾਂ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦੋ ਪੱਕੇ ਸੁਰੱਖਿਆ ਕਰਮਚਾਰੀ ਹਸਪਤਾਲ ਵਿਚ ਤਾਇਨਾਤ ਕਰਨ ਸਬੰਧੀ ਲਿਖ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਸਿਹਤ ਵਿਭਾਗ ਦੇ ਮੰਤਰੀ ਡਾ. ਬਲਬੀਰ ਸਿੰਘ ਤੇ ਉੱਚ ਅਧਿਕਾਰੀਆਂ ਨਾਲ ਬੈਠਕ ਹੋ ਚੁੱਕੀ ਹੈ।
ਇਸ ਮੌਕੇ ਸਿਵਲ ਸਰਜਨ ਦੇ ਜਾਣ ਤੋਂ ਬਾਅਦ ਜਵਾਬ ’ਤੇ ਸੰਤੁਸ਼ਟੀ ਪ੍ਰਗਟ ਨਾ ਕਰਦੇ ਹੋਏ ਡਾਕਟਰ, ਨਰਸਿੰਗ ਤੇ ਹੋਰ ਸਟਾਫ਼ ਮੈਂਬਰਾਂ ਵੱਲੋਂ ਹਸਪਤਾਲ ਵਿਚ ਪੁਖ਼ਤਾ ਸੁਰੱਖਿਆ ਪ੍ਰਬੰਧ ਨਾ ਹੋਣ ਤੱਕ ਆਪਣਾ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਅਤੇ ਮਰੀਜ਼ਾਂ ਨੂੰ ਐਮਰਜੈਂਸੀ ਦੇ ਬਾਹਰ ਹੀ ਦੇਖਣ ਲਈ ਦਰੀ ਵਿਛਾਕੇ ਬੈਠ ਗਏ। ਉਨ੍ਹਾਂ ਵੱਲੋਂ ਸਾਰੇ ਮਰੀਜ਼ਾਂ ਦਾ ਐਮਰਜੈਂਸੀ ਵਾਰਡ ਦੇ ਬਾਹਰ ਹੀ ਚੈਕਅੱਪ ਕੀਤਾ ਗਿਆ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਦੇਰ ਸ਼ਾਮ ਪੀਸੀਐੱਮਐੱਸ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ. ਅਸ਼ੋਕ ਸਰੀਨ ਸਿਵਲ ਹਸਪਤਾਲ ਖਰੜ ਵਿਖੇ ਪਹੁੰਚੇ ਅਤੇ ਉਨ੍ਹਾਂ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਡਾਕਟਰ ਅਤੇ ਸਟਾਫ਼ ਮੈਂਬਰਾਂ ਨੂੰ ਪੁਖ਼ਤਾ ਸੁਰੱਖਿਆ ਪ੍ਰਬੰਧ ਮੁਹੱਈਆ ਕਰਵਾਉਣ ਦਾ ਵਿਭਾਗ ਵੱਲੋਂ ਜਾਰੀ ਕੀਤਾ ਪੱਤਰ ਦਿਖਾ ਕੇ ਸੰਤੁਸ਼ਟੀ ਦਿਵਾਈ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਤੋਂ ਬਾਅਦ ਤੁਰੰਤ ਦੋ ਪੁਲਿਸ ਮੁਲਾਜ਼ਮ ਸਿਵਲ ਹਸਪਤਾਲ ਖਰੜ ਦੀ ਐਮਰਜੈਂਸੀ ਵਾਰਡ ’ਚ ਤੈਨਾਤ ਕਰਵਾ ਦਿੱਤੇ ਗਏ ਹਨ। ਉਨ੍ਹਾਂ ਡਾਕਟਰ ਅਤੇ ਸਟਾਫ਼ ’ਤੇ ਹੋਏ ਇਸ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹਸਪਤਾਲਾਂ ਵਿਚ 5 ਸੁਰੱਖਿਆ ਮੁਲਾਜ਼ਮਾਂ ਨੂੰ ਤਾਇਨਾਤ ਕਰਨ ਦਾ ਪੱਤਰ ਜਾਰੀ ਹੋ ਚੁੱਕਿਆ ਹੈ, ਜੋਕਿ ਕੁਝ ਦਿਨਾਂ ਵਿਚ ਹੀ ਸੂਬੇ ਦੇ ਸਾਰੇ ਹਸਪਤਾਲਾਂ ਵਿਚ ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ ਜਾਣਗੇ।